ਮੁੱਖ ਮੰਤਰੀ ਵੱਲੋਂ ਸਿਵਲ ਲਾਈਨਜ਼ ਵਿੱਚ ਦਫ਼ਤਰ ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੁਲਾਈ
ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਇੱਕੋ ਸੜਕ ’ਤੇ ਦੋ ਬੰਗਲੇ ਅਲਾਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਰਿਹਾਇਸ਼ ਅਤੇ ਦੂਜਾ ਦਫ਼ਤਰ ਵਜੋਂ ਵਰਤਿਆ ਜਾਵੇਗਾ। ਰੇਖਾ ਗੁਪਤਾ ਨੇ ਅੱਜ ਸਿਵਲ ਲਾਈਨਜ਼ ਖੇਤਰ ਵਿੱਚ ਰਾਜ ਨਿਵਾਸ ਮਾਰਗ ’ਤੇ ਆਪਣੇ ਨਵੇਂ ਕੈਂਪ ਦਫ਼ਤਰ, ਜਨ ਸੇਵਾ ਸਦਨ ਦਾ ਉਦਘਾਟਨ ਕੀਤਾ। ਰੇਖਾ ਗੁਪਤਾ ਨੇ ਸਿਵਲ ਲਾਈਨਜ਼ ਵਿੱਚ ਇਸ ਸਥਾਨ ’ਤੇ ਦਫ਼ਤਰ ਦਾ ਉਦਘਾਟਨ ਕੀਤਾ। ਦੂਜੇ ਬੰਗਲੇ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਇਸ ਸਮੇਂ ਉੱਤਰੀ ਦਿੱਲੀ ਦੇ ਸ਼ਾਲੀਮਾਰ ਬਾਗ਼ ਵਿੱਚ ਰਹਿ ਰਹੇ ਹਨ। ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਜਨ ਸੇਵਾ ਸਦਨ ਉਹ ਥਾਂ ਹੈ ਜਿੱਥੇ ਮੁੱਖ ਮੰਤਰੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਿਆ ਕਰਨਗੇ। ਮਿਸ਼ਰਾ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੂੰ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਦਫ਼ਤਰ ਦੇ ਉਦਘਾਟਨ ਮੌਕੇ ‘ਹਵਨ’ ਵੀ ਕਰਵਾਇਆ ਗਿਆ। ਇਸ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਰੇਖਾ ਗੁਪਤਾ ਦੇ ਸਰਕਾਰੀ ਗ੍ਰਹਿ ਵਿਖੇ ਮੁਰੰਮਤ ਕਰਨ ਲਈ ਲੱਖਾਂ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪਿਛਲੀ ਕੇਜਰੀਵਾਲ ਸਰਕਾਰ ਦੌਰਾਨ ਮੁਰੰਮਤ ਕਰਕੇ ਨਵੇਂ ਬਣਾਏ ਗਏ ਮਕਾਨ ਨੂੰ ‘ਸ਼ੀਸ਼ ਮਹਿਲ’ ਦਾ ਨਾਂ ਦਿੱਤਾ ਸੀ। ਹੁਣ ਦਿੱਲੀ ਦੀ ਮੁੱਖ ਮੰਤਰੀ ਵੱਲੋਂ ਹੀ ਲੱਖਾਂ ਰੁਪਏ ਲਾ ਕੇ ਆਪਣੇ ਸਰਕਾਰੀ ਮਕਾਨ ਨੂੰ ਚਮਕਾਇਆ ਜਾ ਰਿਹਾ ਹੈ।