ਮੁੱਖ ਮੰਤਰੀ ਵੱਲੋਂ ਯਮੁਨਾ ਤੇ ਡਰੇਨਾਂ ਦੇ ਸਫ਼ਾਈ ਕੰਂਮ ਦਾ ਜਾਇਜ਼ਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਈ ਵੱਡੇ ਡਰੇਨਾਂ ਅਤੇ ਵਜ਼ੀਰਾਬਾਦ ਡੈਮ ’ਤੇ ਯਮੁਨਾ ਨਦੀ ਦੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ‘ਰਿਵਰਫਰੰਟ’ ਯੋਜਨਾ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇਸ ਯੋਜਨਾ ਵਿੱਚ ਨਦੀ ਦੇ ਕੰਢੇ ਪੈਦਲ ਚੱਲਣ ਲਈ ਰਾਹ ਅਤੇ ਮਨੋਰੰਜਨ ਖੇਤਰ ਵਿਕਸਤ ਕਰਨਾ ਸ਼ਾਮਲ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਵਜ਼ੀਰਾਬਾਦ ਵਿੱਚ ਪੂਰਕ ਨਾਲਾ, ਬਾਰਾਪੁਲਾ ਨਾਲਾ, ਸੁਨਹਿਰੀ ਪੁਲ ਨਾਲਾ ਅਤੇ ਕੁਸ਼ਕ ਨਾਲੇ ਦੇ ਸਫ਼ਾਈ ਕਾਰਜ ਦਾ ਦੌਰਾ ਕਰਕੇ ਗਾਰ ਕੱਢਣ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਪ ਰਾਜਪਾਲ ਵੀਕੇ ਸਕਸੈਨਾ, ਜਲ ਮੰਤਰੀ ਪ੍ਰਵੇਸ਼ ਵਰਮਾ ਅਤੇ ਦਿੱਲੀ ਜਲ ਬੋਰਡ (ਡੀਜੇਬੀ) ਅਤੇ ਸਿੰਜਾਈ ਤੇ ਹੜ੍ਹ ਰੋਕੂ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯਮੁਨਾ ਦੀ ਸਫ਼ਾਈ ਲਈ 22 ਡਰੇਨਾਂ ਵਿੱਚੋਂ ਗਾਰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਜਾਂਚ ਅਤੇ ਅੱਜ ਦੇ ਨਿਰੀਖਣ ਵਿੱਚ ਬਹੁਤ ਅੰਤਰ ਹੈ। ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਕਈ ਮਸ਼ੀਨਾਂ ਲਗਾਈਆਂ ਗਈਆਂ ਹਨ। ਨਿਰੀਖਣ ਦੌਰਾਨ ਅਧਿਕਾਰੀਆਂ ਨੂੰ ਸਫ਼ਾਈ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਸਮਾਂਬੱਧ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੀਵਨ ਦੇਣ ਵਾਲੀ ਯਮੁਨਾ ਨੂੰ ਪ੍ਰਦੂਸ਼ਣ ਅਤੇ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਲਈ ਸਰਕਾਰ ਨੇ ਨਦੀ ਦੇ ਮੋਰਚੇ ’ਤੇ ਟੈਰੀਟੋਰੀਅਲ ਆਰਮੀ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਨਦੀ ਦੀ ਕੁਦਰਤੀ ਸੁੰਦਰਤਾ ਦੀ ਰਾਖੀ ਹੋਵੇਗੀ ਅਤੇ ਲੋਕਾਂ ਵਿੱਚ ਅਣ-ਅਧਿਕਾਰਤ ਖੁਦਾਈ, ਕਬਜ਼ਿਆਂ ਅਤੇ ਕੂੜੇ ਨੂੰ ਦਰਿਆ ਵਿੱਚ ਸੁੱਟਣ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਪਹਿਲਕਦਮੀ ਨਾਲ ਯਮੁਨਾ ਨੂੰ ਨਵਾਂ ਜੀਵਨ ਮਿਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਇਸ ਦੀ ਰੂਪਰੇਖਾ ਤਿਆਰ ਕਰ ਲਈ ਹੈ।
ਦਿੱਲੀ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਯਮੁਨਾ ਨਦੀ ਭਾਜਪਾ ਸਰਕਾਰ ਦੇ ਏਜੰਡੇ ’ਤੇ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਯਮੁਨਾ ਦੀ ਸਫ਼ਾਈ, ਇਸ ਦੇ ਕੁਦਰਤੀ ਸਰੂਪ, ਇਸ ਦੀ ਸ਼ੁੱਧਤਾ ਅਤੇ ਇਸ ਨੂੰ ਸੈਲਾਨੀਆਂ ਦੇ ਅਨੁਕੂਲ ਬਣਾਉਣਾ ਸਰਕਾਰ ਦਾ ਮੁੱਖ ਧਿਆਨ ਹੈ। ਜਲਦੀ ਹੀ ਮੁੱਖ ਮੰਤਰੀ ਰੇਖਾ ਗੁਪਤਾ ਇਸ ਸਬੰਧੀ ਰੱਖਿਆ ਵਿਭਾਗ ਨੂੰ ਪੱਤਰ ਲਿਖਣਗੇ।