ਮੁੱਖ ਮੰਤਰੀ ਨੇ ਸਰਕਾਰੀ ਸਕੂਲ ਵਿੱਚ ‘ਸਿੰਧੂਰ’ ਦਾ ਪੌਦਾ ਲਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਪਣੇ ਸ਼ਾਲੀਮਾਰ ਬਾਗ ਦੇ ਸਰਕਾਰੀ ਸਕੂਲ ਵਿੱਚ ਪੌਦਾ ਲਗਾਉਣ ਦੀ ਸਰਕਾਰੀ ਮੁਹਿੰਮ ਦੇ ਹਿੱਸੇ ਵਜੋਂ ‘ਸਿੰਧੂਰ’ ਦਾ ਪੌਦਾ ਲਗਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ’ਤੇ ਆਪਣੇ ਨਿਵਾਸ ਸਥਾਨ ’ਤੇ 1971 ਦੀ ਜੰਗ ਦੌਰਾਨ ਸ਼ਾਨਦਾਰ ਹਿੰਮਤ ਦਿਖਾਉਣ ਵਾਲੀਆਂ ਔਰਤਾਂ ਦੇ ਗਰੁੱਪ ਵੱਲੋਂ ਭੇਟ ਕੀਤਾ ਗਿਆ ‘ਸਿੰਧੂਰ’ ਦਾ ਪੌਦਾ ਲਗਾਇਆ ਸੀ। ਭਾਜਪਾ ਸਰਕਾਰ ਵੱਲੋਂ ਸਿੰਧੂਰ ਦੇ ਨਾਂ ਦੇ ਪੌਦੇ ਲਾਉਣ ਦਾ ਇਹ ਵਿਚਾਰ ਅਪਰੇਸ਼ਨ ਸਿੰਧੂਰ ਦੇ ਸੰਦਰਭ ਵਿੱਚ ਪੇਸ਼ ਕੀਤਾ ਗਿਆ ਜਾਪਦਾ ਹੈ। ਇਸ ਸੰਕੇਤ ਨੂੰ ਹਾਲ ਹੀ ਵਿੱਚ ਹੋਏ ਅਪਰੇਸ਼ਨ ਸਿੰਧੂਰ ਦੇ ਸੰਕੇਤ ਵਜੋਂ ਦੇਖਿਆ ਗਿਆ। ਗੁਪਤਾ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ‘ਸਿੰਧੂਰ’ ਦਾ ਪੌਦਾ ਲਗਾਇਆ ਸੀ। ਉਹ ਵੀ ਇਹੀ ਕਰਨਾ ਚਾਹੁੰਦੀ ਸੀ। ਇਹ ਇਸ ਤਰ੍ਹਾਂ ਹੈ ਜਿਵੇਂ ਪਰਮਾਤਮਾ ਨੇ ਮੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਹੋਣ। ਅੱਜ ਸਵੇਰੇ ਇੱਕ ਜਨਤਕ ਸੁਣਵਾਈ ਦੌਰਾਨ, ਕੁਝ ਲੋਕਾਂ ਨੇ ਮੈਨੂੰ ‘ਸਿੰਧੂਰ’ ਦਾ ਪੌਦਾ ਤੋਹਫ਼ੇ ਵਿੱਚ ਦਿੱਤਾ। ਉਸ ਨੇ ਇਸ ਨੂੰ ‘ਏਕ ਪੇੜ ਮਾਂ ਕੇ ਨਾਮ ਮੁਹਿੰਮ 2.0’ ਦੀ ਸ਼ੁਰੂਆਤ ਕਰਨ ਲਈ ਲਗਾਇਆ। ਮੁੱਖ ਮੰਤਰੀ ਨੇ ਅਪਰੇਸ਼ਨ ਸਿੰਧੂਰ ਲਈ ਮੋਦੀ ਅਤੇ ਹਥਿਆਰਬੰਦ ਬਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਅਤੇ ਪ੍ਰਧਾਨ ਮੰਤਰੀ ਨੇ ਸਾਡੀਆਂ ਭੈਣਾਂ ਦੀ ਇੱਜ਼ਤ ਬਣਾਈ ਰੱਖੀ। ਉਹ ਇਸ ਅਪਰੇਸ਼ਨ ਨੂੰ ਸ਼ੁਰੂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਗੁਪਤਾ ਨੇ ਕਿਹਾ ਕਿ ਪਿਛਲੀ ‘ਆਪ’ ਸਰਕਾਰ ਨੇ ਦਿੱਲੀ ਵਿੱਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਹਿੱਸੇ ਵਜੋਂ ਪੌਦੇ ਨਹੀਂ ਲਗਾਏ ਸਨ। ਇਸ ਮੁਹਿੰਮ ਦਾ ਉਦੇਸ਼ ਸਾਡੇ ਵਾਤਾਵਰਨ ਦੀ ਰੱਖਿਆ ਕਰਨਾ ਹੈ। ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ, ਲੋਕ ਆਪਣੀਆਂ ਮਾਵਾਂ ਦੇ ਨਾਮ ‘ਤੇ ਪੌਦੇ ਲਗਾਉਂਦੇ ਹਨ।