ਮੁੱਖ ਮੰਤਰੀ ਨੂੰ ਮਿਲਣ ਦੀ ਲੰਬੀ ਹੋਈ ਉਡੀਕ ਤੋਂ ਹਲਕਾ ਧੂਰੀ ਦੇ ਸਰਪੰਚ ਨਿਰਾਸ਼
ਬੀਰਬਲ ਰਿਸ਼ੀ
ਧੂਰੀ, 15 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਲੰਬੀ ਹੋ ਰਹੀ ਉਡੀਕ ਤੋਂ ਹਲਕਾ ਧੂਰੀ ਦੇ ਸਰਪੰਚਾਂ ’ਚ ਨਿਰਾਸ਼ਾ ਦਾ ਆਲਮ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਬਲਾਕ ਪੰਚਾਇਤ ਯੂਨੀਅਨ ਦੀ ਅਗਵਾਈ ਹੇਠ ਬਹੁਗਿਣਤੀ ਸਰਪੰਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੰਚਾਇਤਾਂ ਦੇ ਮਸਲਿਆਂ ’ਤੇ ਚਰਚਾ ਕਰਨਾ ਚਾਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਦੇ ਕਈ ਸਰਪੰਚਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨਾਲ ਲੱਡਾ ਵਿੱਚ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੋ ਚਾਰ ਦਿਨਾਂ ’ਚ ਹੀ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਸੀ। ਸਰਪੰਚ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਉਹ ਅਫ਼ਸਰਸ਼ਾਹੀ ਕੋਲ ਆਪਣੇ ਮਸਲੇ ਰੱਖਦੇ ਹਨ ਪਰ ਉਹ ਗੰਭੀਰ ਮਾਮਲਿਆਂ ’ਤੇ ਸਰਪੰਚਾਂ ਦੇ ਕੰਮ ਕਰਨ ਦੇ ਹੌਸਲੇ ਨੂੰ ਪਸਤ ਕਰ ਰਹੇ ਹਨ। ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਭੋਜੋਵਾਲੀ ਨੇ ਸਰਪੰਚਾਂ ਦੀ ਨਰਾਜ਼ਗੀ ਦੀ ਪੁਸ਼ਟੀ ਕੀਤੀ। ਕੁਝ ਸਰਪੰਚਾਂ ਨੇ ਨੇ ਦੱਸਿਆ ਕਿ ਕੁਝ ਸਰਪੰਚ ਇਸ ਗੱਲ ’ਤੇ ਵੀ ਵਿਚਾਰ ਕਰ ਰਹੇ ਹਨ ਜੇ ਸਰਪੰਚਾਂ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤਾਂ ਅਗਾਮੀ ਬਲਾਕ ਸਮਿਤੀ ਚੋਣਾਂ ’ਚ ਉਹ ਆਪਣੇ ਉਮੀਦਵਾਰ ਖੜ੍ਹੇ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਮੁੱਖ ਮੰਤਰੀ ਤੇ ਸਰਪੰਚਾਂ ਦਰਮਿਆਨ ਮੀਟਿੰਗ ਦੀ ਤਿਆਰੀ: ਘਰਾਚੋਂ
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਦੱਸਿਆ ਕਿ ਸਰਪੰਚਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਲਈ ਓਐੱਸਡੀ ਨਾਲ ਗੱਲ ਹੋਈ ਸੀ ਅਤੇ ਮੁੱਖ ਮੰਤਰੀ ਤੇ ਸਰਪੰਚਾਂ ਦਰਮਿਆਨ ਮੀਟਿੰਗ ਕਰਵਾਉਣ ਦੀ ਤਿਆਰੀ ਹੈ। ਉਨ੍ਹਾਂ ਦੱਸਿਆ ਕਿ ਵਾਰੀ-ਵਾਰੀ ਕਰਕੇ ਹਲਕੇ ਦੀਆਂ 74 ਪੰਚਾਇਤਾਂ ਦੇ ਸਰਪੰਚਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦੀ ਤਜਵੀਜ਼ ਹੈ।