For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਨੂੰ ਚੁਣੌਤੀ: ‘ਡੋਪ ਟੈਸਟ’ ਨਹੀਂ, ਪਹਿਲੋਂ ‘ਆਮਦਨ ਟੈਸਟ’ ਕਰਾਓ: ਜਾਖੜ

04:52 AM Jun 11, 2025 IST
ਮੁੱਖ ਮੰਤਰੀ ਨੂੰ ਚੁਣੌਤੀ  ‘ਡੋਪ ਟੈਸਟ’ ਨਹੀਂ  ਪਹਿਲੋਂ ‘ਆਮਦਨ ਟੈਸਟ’ ਕਰਾਓ  ਜਾਖੜ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੂਨ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਡੋਪ ਟੈਸਟ’ ਨੂੰ ਲੈ ਕੇ ‘ਆਪ’ ਤੇ ਕਾਂਗਰਸ ਦਰਮਿਆਨ ਛਿੜੀ ਜੰਗ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਦੇ ਸਾਰੇ ਸਿਆਸੀ ਆਗੂਆਂ ਦਾ ‘ਆਮਦਨ-ਟੈਸਟ’ ਕਰਾਉਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇਤਾਵਾਂ ਦੀ ਛੜੱਪੇ ਮਾਰ ਕੇ ਵਧੀ ਆਮਦਨ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ‘ਆਮਦਨ ਟੈਸਟ’ ਦੀ ਸ਼ੁਰੂਆਤ ਤਿੰਨੋਂ ਚਾਰੋਂ ਪ੍ਰਧਾਨਾਂ ਤੋਂ ਹੋਵੇ ਅਤੇ ਮੁੱਖ ਮੰਤਰੀ ਆਮਦਨ ਟੈਸਟ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੱਤਰ ਲਿਖਣ ਦੀ ਹਿੰਮਤ ਦਿਖਾਉਣ।
ਪ੍ਰਧਾਨ ਜਾਖੜ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਦੇ 11 ਵਰ੍ਹਿਆਂ ਦੇ ਰਾਜ ਦੀਆਂ ਪ੍ਰਾਪਤੀਆਂ ਗਿਣਾਉਣ ਵਾਸਤੇ ਰੱਖੀ ਪ੍ਰੈੱਸ ਕਾਨਫ਼ਰੰਸ ’ਚ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਸਨਅਤੀ ਕ੍ਰਾਂਤੀ ਤੇ ‘ਯੁੱਧ ਨਸ਼ਿਆਂ ਵਿਰੁੱਧ’ ’ਤੇ ਵੀ ਸੁਆਲ ਚੁੱਕੇ। ਡੋਪ ਟੈਸਟ ਨੂੰ ਲੈ ਕੇ ਆਪਸ ’ਚ ਉਲਝੇ ਸਿਆਸੀ ਨੇਤਾਵਾਂ ਬਾਰੇ ਸੁਆਲ ’ਤੇ ਜਾਖੜ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਸਾਰੇ ਨੇਤਾਵਾਂ ਦਾ ‘ਆਮਦਨ ਟੈਸਟ’ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਕੋਲ ਕੱਲ੍ਹ ਤੱਕ ਕੋਠਾ ਨਹੀਂ ਸੀ, ਅੱਜ ਉਨ੍ਹਾਂ ਦੇ ਫਾਰਮ ਹਾਊਸ ਬਣ ਰਹੇ ਹਨ। ਵੱਡੀਆਂ ਗੱਡੀਆਂ ਆ ਗਈਆਂ ਹਨ। ਗੋਆ ’ਚ ਖ਼ਰੀਦ ਹੋ ਰਹੀ ਹੈ। ਜਾਖੜ ਮੁਤਾਬਕ, ‘‘ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਤਾਂ ਚਾਰ ਏਕੜ ਵਿੱਚ ਹੈ ਜਦੋਂ ਕਿ ਬਾਕੀ ਨੇਤਾਵਾਂ ਦੇ ਜੋ ਨਵੇਂ ਫਾਰਮ ਹਾਊਸ ਬਣ ਰਹੇ ਹਨ, ਉਹ ਦਸ-ਦਸ ਏਕੜ ਵਿੱਚ ਹਨ ਅਤੇ ਜੇਲ੍ਹਾਂ ਵਾਂਗ ਕੰਕਰੀਟ ਦੀਆਂ ਕੰਧਾਂ ਬਣ ਰਹੀਆਂ ਹਨ। ਚੋਣਾਂ ਵੇਲੇ ਤਸਕਰਾਂ ਤੋਂ ਚੰਦਾ ਲਿਆ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦੀ ਆਮਦਨ ਦੀ ਜਾਂਚ ਹੋਵੇ ਕਿ ਦਸ ਸਾਲ ਪਹਿਲਾਂ ਉਨ੍ਹਾਂ ਦੀ ਕਿੰਨੀ ਕਮਾਈ ਸੀ ਤੇ ਅੱਜ ਕਿੰਨੀ ਸੰਪਤੀ ਇਕੱਠੀ ਹੋ ਗਈ ਹੈ।
ਜਾਖੜ ਨੇ ਇਸੇ ਦੌਰਾਨ ਸਪੱਸ਼ਟ ਕੀਤਾ ਕਿ ਉਹ ਅਫ਼ੀਮ ਪੋਸਤ ਸਮੇਤ ਹਰ ਤਰ੍ਹਾਂ ਦੇ ਨਸ਼ੇ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਸੂਬਾ ਸਰਕਾਰ ਦੀ 31 ਮਈ ਵਾਲੀ ਡੈੱਡਲਾਈਨ ਵੀ ਖ਼ਤਮ ਹੋ ਗਈ ਹੈ ਪਰ ਹਾਲੇ ਵੀ ਯੁੱਧ ਚੱਲ ਰਿਹਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਦਸ ਸਾਲਾਂ ਵਿੱਚ 88,172 ਲੋਕ ਨਸ਼ਿਆਂ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਸਨ ਅਤੇ ਕਾਂਗਰਸ ਸਰਕਾਰ ਦੌਰਾਨ 51,000 ਗ੍ਰਿਫ਼ਤਾਰ ਕੀਤੇ ਗਏ। ‘ਆਪ’ ਸਰਕਾਰ ਦੌਰਾਨ 22 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਖੜ ਨੇ ਕਿਹਾ, ‘‘ਨਸ਼ੇੜੀਆਂ ’ਤੇ ਪਰਚੇ ਦਰਜ ਕਰਨ ਨਾਲ ਨਸ਼ਾ ਖ਼ਤਮ ਨਹੀਂ ਹੋਣਾ। ਮੁੱਖ ਮੰਤਰੀ ਤਾਂ ਆਖ ਰਹੇ ਹਨ ਕਿ 99 ਫ਼ੀਸਦ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਪਰ ਯੁੱਧ ਫਿਰ ਵੀ ਅੱਜ ਚੱਲ ਰਿਹਾ ਹੈ। ਓਟ ਕਲੀਨਿਕਾਂ ਵਿੱਚ ਹਰ ਮਹੀਨੇ 91 ਲੱਖ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਸ਼ਰਾਬ ਦੀ ਵਿੱਕਰੀ ਵਧ ਰਹੀ ਹੈ ਪਰ ਅਫ਼ਸੋਸ ਕਿ ਹੁਣ ਤਾਂ ਨੇਤਾਵਾਂ ਨੇ ਸ਼ਰਾਬ ਨੂੰ ਨਸ਼ਾ ਮੰਨਣਾ ਹੀ ਬੰਦ ਕਰ ਦਿੱਤਾ ਹੈ।’’
ਜਾਖੜ ਨੇ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਕਿਹਾ ਕਿ ਦਿੱਲੀ ਦੇ ਆਗੂਆਂ ਨੂੰ ਇੱਥੇ ਮੁੱਖ ਮਹਿਮਾਨ ਬਣਾਇਆ ਜਾ ਰਿਹਾ ਹੈ ਤੇ ਪੰਜਾਬ ’ਚ ਸਟੇਟ ਸਪਾਂਸਰਡ ਫਿਰੌਤੀਆਂ ਦਾ ਧੰਦਾ ਚੱਲ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਸਨਅਤਕਾਰ ਯੂਪੀ ਅਤੇ ਮੱਧ ਪ੍ਰਦੇਸ਼ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਿਸੇ ਨੂੰ ਭੁੱਲੀ ਨਹੀਂ ਹੈ। ਉਨ੍ਹਾਂ ਨੇ ਨਰਿੰਦਰ ਮੋਦੀ ਅਗਵਾਈ ਵਾਲੀ ਸਰਕਾਰ ਦੇ 11 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ’ਚ ਹੋਏ ਵਿਕਾਸ ਦੀ ਗੱਲ ਤੇ ਕੇਂਦਰ ਵੱਲੋਂ ਲੋਕ ਭਲਾਈ ਲਈ ਚੁੱਕੇ ਕਦਮਾਂ ਬਾਰੇ ਚਾਨਣਾ ਪਾਇਆ।

Advertisement

117 ਸੀਟਾਂ ਲਈ ਤਿਆਰੀ ਕਰ ਰਹੇ ਹਾਂ : ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਣ ਦੇ ਸੁਆਲ ਦੇ ਜੁਆਬ ’ਚ ਕਿਹਾ ਕਿ ਪੰਜਾਬ ਭਾਜਪਾ 2027 ਲਈ 117 ਸੀਟਾਂ ’ਤੇ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਅਗੇਤਾ ਕਿਆਸ ਨਹੀਂ ਲਾਇਆ ਜਾ ਸਕਦਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ, ਕਿਤੇ ਇਹ ਨਾ ਹੋਵੇ ਕਿ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਕਰਾ ਜਾਵੇ।

Advertisement
Advertisement

Advertisement
Author Image

Advertisement