ਮੁੱਖ ਮੰਤਰੀ ਦੇ ਹਲਕੇ ਦੀਆਂ ਸਮੱਸਿਆਵਾਂ ਬਰਕਰਾਰ: ਬਿੱਟੂ
ਨਵਦੀਪ ਜੈਦਕਾ
ਅਮਰਗੜ੍ਹ, 8 ਜੂਨ
ਭਾਜਪਾ ਵੱਲੋਂ ਅਮਰਗੜ੍ਹ ਦੀ ਦਾਣਾ ਮੰਡੀ ਵਿੱਚ ਰੈਲੀ ਕਰਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ। ਇਸ ਰੈਲੀ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜਨਰਲ ਸਕੱਤਰ ਪੰਜਾਬ ਅਨਿਲ ਸਰੀਨ, ਮੀਤ ਪ੍ਰਧਾਨ ਫਤਹਿ ਜੰਗ ਬਾਜਵਾ, ਸੀਨੀਅਰ ਆਗੂ ਗੇਜਾ ਰਾਮ ਵਾਲਮੀਕਿ ਆਦਿ ਆਗੂਆਂ ਨੇ ਸ਼ਿਰਕਤ ਕੀਤੀ। ਚੁੱਘ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, “ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਡਗਮਗਾ ਹੋ ਚੁੱਕੀ ਹੈ। ਮੰਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੀਰਾ ਸਿੰਘ ਨੂੰ ਮਾਲਵੇ ਲਈ ਕੀਮਤੀ ਨਗੀਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਹਨ, ਜਿਹੜਾ ਸਰਕਾਰ ਦੀ ਅਯੋਗਤਾ ਨੂੰ ਦਰਸਾਉਂਦਾ ਹੈ।” ਬਿੱਟੂ ਨੇ ਕਾਂਗਰਸ ’ਤੇ ਵੀ ਤਨਜ ਕੱਸਦਿਆਂ ਕਿਹਾ ਕਿ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਕਾਂਗਰਸ ਅੰਦਰੂਨੀ ਝਗੜਿਆਂ ਕਾਰਨ ਕਈ ਟੁਕੜਿਆਂ ਵਿੱਚ ਵੰਡ ਚੁੱਕੀ ਹੈ। ਭਾਜਪਾ ’ਚ ਨਵੇਂ ਸ਼ਾਮਲ ਹੋਏ ਹੀਰਾ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਸੇਵਾ ਦੀ ਨਵੀਂ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਮੰਚ ਦੀ ਕਾਰਵਾਈ ਭਾਵਨਾ ਮਹਾਜਨ ਅਤੇ ਦਵਿੰਦਰ ਸਿੰਘ ਬੱਬੀ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਾਹਿਦ ਪੀਰ, ਵੈਦ ਮੋਹਨ ਲਾਲ, ਤਰਸੇਮ ਥਾਪਰ, ਲੋਮਿਸ ਸ਼ਰਮਾ, ਜਰਨੈਲ ਸਿੰਘ, ਗੁਰਵੀਰ ਗਰਚਾ, ਮਨਪ੍ਰੀਤ ਔਲਖ, ਹਰਮਨ ਕੌੜਾ, ਲਵ ਭੁੱਲਰ, ਪ੍ਰੇਮ ਚੰਦ ਕਪੂਰ ਆਦਿ ਹਾਜ਼ਰ ਸਨ।