ਮੁੱਖ ਮੰਤਰੀ ਦੀ ਸ਼੍ਰੋਮਣੀ ਕਮੇਟੀ ਖ਼ਿਲਾਫ਼ ਟਿੱਪਣੀ ਤੋਂ ਸੰਗਤ ਨਾਰਾਜ਼: ਖਾਲਸਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੂਨ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੀ ਸਰਕਾਰ ਅਤੇ ਰਾਜ ਪ੍ਰਬੰਧ ਹੋਵੇ ਜੋ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ, ਸਭ ਦਾ ਮਾਣ ਸਨਮਾਨ ਕਰੇ, ਪੰਜਾਬ ਦੀ ਸ਼ਾਂਤੀ ਅਤੇ ਉਨਤੀ ਲਈ ਸੁਖਾਵਾਂ ਮਾਹੌਲ ਦੇਵੇ। ਉਹ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਣ ਮਰਿਆਦਾ ਅਤੇ ਰੁਤਬੇ ਖ਼ਿਲਾਫ਼ ਕੀਤੀ ਟਿੱਪਣੀ ਦਾ ਸੰਗਤ ਨੇ ਬੁਰਾ ਮਨਾਇਆ ਹੈ। ਇਹ ਟਿੱਪਣੀ ਉਨ੍ਹਾਂ ਦੇ ਅਹੁਦੇ ਦੇ ਮੁਤਾਬਕ ਬਿਲਕੁਲ ਗੈਰ ਵਾਜਬ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨਾਲ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ ਪਰ ਸ਼੍ੋਮਣੀ ਕਮੇਟੀ ਪੰਥ ਦੀ ਸਨਮਾਨਯੋਗ ਧਾਰਮਿਕ ਸੰਸਥਾ ਹੈ, ਜੋ ਸੌ ਸਾਲ ਤੋਂ ਸੇਵਾ ਕਰ ਰਹੀ ਹੈ। ਸ਼੍ੋਮਣੀ ਕਮੇਟੀ ਧਾਰਮਿਕ ਤੇ ਪ੍ਰਬੰਧਕੀ ਖੇਤਰ ਤੋਂ ਇਲਾਵਾ ਵਿਦਿਅਕ, ਮੈਡੀਕਲ ਅਤੇ ਕੁਦਰਤੀ ਆਫ਼ਤਾਂ ’ਤੇ ਲੋਕਾਂ ਦੀ ਬਿਨਾਂ ਭੇਦਭਾਵ ਸੇਵਾ ਕਰਦੀ ਆਈ ਹੈ। ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੀਤੇ ਦਿਨ ਇਸ ਸਬੰਧੀ ਲੰਮੀ ਗੱਲਬਾਤ ਹੋਈ ਹੈ। ਸਿੰਘ ਸਾਹਿਬਾਨ ਦੀ ਨਿਯੁਕਤੀ ਜਾਂ ਸੇਵਾਮੁਕਤੀ ਦੇ ਨਿਯਮ ਅਤੇ ਵਿਧੀ ਵਿਧਾਨ ਬਣਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਹ ਦੁਨੀਆ ਭਰ ਦੇ ਸਿੱਖਾਂ, ਸਿੱਖ ਵਿਦਵਾਨਾਂ, ਸੰਤ ਮਹਾਂਪੁਰਸ਼, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦੀ ਸਮੁੱਚੀ ਰਾਏ ਨਾਲ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਨਿਯੁਕਤ ਕਰਨ ਬਾਰੇ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਜੇ ਪੰਥ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਲਗਾਉਂਦਾ ਹੈ ਤਾਂ ਇਹ ਚੰਗੀ ਗੱਲ ਹੋਵੇਗੀ।