ਮੁੱਕੇਬਾਜ਼ੀ: ਥਾਈਲੈਂਡ ਓਪਨ ਲਈ 19 ਮੈਂਬਰੀ ਭਾਰਤੀ ਦਲ ਦਾ ਐਲਾਨ
ਨਵੀਂ ਦਿੱਲੀ, 22 ਮਈ
ਭਾਰਤ ਦਾ 19 ਮੈਂਬਰੀ ਮੁੱਕੇਬਾਜ਼ੀ ਦਲ ਬੈਂਕਾਂਕ ’ਚ 24 ਮਈ ਤੋਂ 1 ਜੂਨ ਤੱਕ ਹੋਣ ਵਾਲੇ ਥਾਈਲੈਂਡ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ’ਚ ਦੇਸ਼ ਦੀ ਨੁਮਾਇੰਦਗੀ ਕਰੇਗਾ। ਏਸ਼ਿਆਈ ਮੁੱਕੇਬਾਜ਼ੀ ਅਧੀਨ ਥਾਈਲੈਂਡ ਓਪਨ ’ਚ ਪੂਰੇ ਮਹਾਂਦੀਪ ਦੀਆਂ ਸਿਖਰਲੀਆਂ ਟੀਮਾਂ ਹਿੱਸਾ ਲੈਣਗੀਆਂ ਜਿਸ ਵਿੱਚ ਚੀਨ, ਕਜ਼ਾਖਸਤਾਨ, ਉਜ਼ਬੇਕਿਸਤਾਨ, ਜਾਪਾਨ ਤੇ ਮੇਜ਼ਬਾਨ ਮੁਲਕ ਥਾਈਲੈਂਡ ਸ਼ਾਮਲ ਹਨ। ਭਾਰਤੀ ਦਲ ਵਿੱਚ 10 ਪੁਰਸ਼ ਤੇ 9 ਮਹਿਲਾ ਮੁੱਕੇਬਾਜ਼ ਸ਼ਾਮਲ ਹਨ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਜਿਸ ਦਾ ਸੰਚਾਲਨ ਅੰਤਰਿਮ ਕਮੇਟੀ ਕਰ ਰਹੀ ਹੈ, ਨੇ ਆਪਣੇ ਚੋਣ ਮਾਨਦੰਡਾਂ ਮੁਤਾਬਕ ਇਸ ਸਾਲ ਦੀ ਪੁਰਸ਼ ਤੇ ਮਹਿਲਾ ਕੌਮੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂਆਂ ਨੂੰ ਮੌਕਾ ਦਿੱਤਾ ਹੈ। ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਨੇ ਕਿਹਾ, ‘‘ਅਸੀਂ ਭਾਰਤੀ ਮੁੱਕੇਬਾਜ਼ੀ ਦੇ ਇੱਕ ਰੋਮਾਂਚਕ ਗੇੜ ’ਚ ਕਦਮ ਰੱਖ ਰਹੇ ਹਾਂ।’’ ਪੁਰਸ਼ ਟੀਮ ’ਚ ਨਾਓਥੇਈ ਸਿੰਘ ਕੋਂਗਖਾਮ (47-50 ਕਿੱਲੋ), ਪਵਨ ਸਿੰਘ ਬਰਤਵਾਲ (50-55 ਕਿੱਲੋ), ਨਿਖਿਲ 55-60 ਕਿੱਲੋ), ਅਮਿਤ ਕੁਮਾਰ (60-65 ਕਿੱਲੋ), ਹੇਮੰਤ ਯਾਦਵ (65-70 ਕਿੱਲੋ), ਦੀਪਕ (70-75 ਕਿੱਲੋ), ਧਰੁਵ ਸਿੰਘ (75-80 ਕਿੱਲੋ), ਜੁਗਨੂ (80-85 ਕਿੱਲੋ), ਨਮਨ ਤੰਵਰ (85-90 ਕਿੱਲੋ) ਤੇ ਅੰਸ਼ੁਲ ਗਿੱਲ (+90 ਕਿੱਲੋ) ਜਦਕਿ ਮਹਿਲਾ ਟੀਮ ਵਿੱਚ ਯਾਸਿਕਾ ਰਾਏ (45-48 ਕਿੱਲੋ), ਤਮੰਨਾ (48-51 ਕਿੱਲੋ), ਆਭਾ ਸਿੰਘ (51-54 ਕਿੱਲੋ), ਪ੍ਰਿਆ (54-57 ਕਿੱਲੋ), ਸੰਜੂ (57-60 ਕਿੱਲੋ), ਸਨੇਹ (65-70 ਕਿੱਲੋ), ਅੰਜਲੀ (70-75 ਕਿੱਲੋ), ਲਾਲਫਾਕਮਾਵੀ ਰਲਟੇ (75-80 ਕਿੱਲੋ), ਤੇ ਕਿਰਨ (+80 ਕਿੱਲੋ) ਸ਼ਾਮਲ ਹਨ। -ਪੀਟੀਆਈ