ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਬ੍ਰਿਜੇਸ਼ ਯਾਦਵ ਦਾ ਜਿੱਤ ਨਾਲ ਆਗਾਜ਼

ਐਕਾਤਰਿਨਬਰਗ (ਰੂਸ), 10 ਸਤੰਬਰ
ਬ੍ਰਿਜੇਸ਼ ਯਾਦਵ (81 ਕਿਲੋ) ਨੇ ਅੱਜ ਇੱਥੇ ਪੋਲੈਂਡ ਦੇ ਮੇਲਿਊਜ਼ ਗੋਇਨਸਕੀ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਹਰਾ ਕੇ ਭਾਰਤ ਨੂੰ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚੰਗੀ ਸ਼ੁਰੂਆਤ ਦਿਵਾਈ। ਯਾਦਵ ਅੱਜ ਭਾਰਤ ਲਈ ਰਿੰਗ ਵਿੱਚ ਉਤਰਨ ਵਾਲਾ ਇਕਲੌਤਾ ਮੁੱਕੇਬਾਜ਼ ਰਿਹਾ ਅਤੇ ਉਸ ਨੇ ਗੋਇਨਸਕੀ ਖ਼ਿਲਾਫ਼ 5-0 ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦੌਰਾਨ ਪੋਲੈਂਡ ਦਾ ਮੁੱਕੇਬਾਜ਼ ਜ਼ਖ਼ਮੀ ਵੀ ਹੋ ਗਿਆ। ਯਾਦਵ ਨੇ ਤਾਕਤਵਰ ਮੁੱਕਿਆਂ ਨਾਲ ਵਿਰੋਧੀ ਮੁੱਕੇਬਾਜ਼ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ।
ਦੂਜੇ ਪਾਸੇ ਗੋਇਨਸਕੀ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ ਅਤੇ ਜਦੋਂ ਮੁਕਾਬਲਾ ਖ਼ਤਮ ਹੋਇਆ ਤਾਂ ਉਹ ਮੁਸ਼ਕਲ ਨਾਲ ਖੜਾ ਹੋ ਸਕਿਆ। ਇਸ ਜਿੱਤ ਨਾਲ ਯਾਦਵ ਨੇ ਰਾਊਂਡ ਆਫ 32 ਵਿੱਚ ਥਾਂ ਬਣਾ ਲਈ, ਜਿੱਥੇ ਉਸ ਦਾ ਸਾਹਮਣਾ ਤੁਰਕੀ ਦੇ ਬਾਇਰਨ ਮਲਕਾਨ ਨਾਲ ਹੋਵੇਗਾ, ਜਿਸ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ। ਇਹ ਮੁਕਾਬਲਾ ਐਤਵਾਰ ਨੂੰ ਹੋਵੇਗਾ। ਭਾਰਤ ਦੇ ਤਿੰਨ ਮੁੱਕੇਬਾਜ਼ਾਂ ਅਮਿਤ ਪੰਘਾਲ (52 ਕਿਲੋ), ਕਵਿੰਦਰ ਸਿੰਘ ਬਿਸ਼ਟ (57 ਕਿਲੋ) ਅਤੇ ਅਸ਼ੀਸ਼ ਕੁਮਾਰ (75 ਕਿਲੋ) ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਹੈ। -ਪੀਟੀਆਈ