ਮੁੰਡੀਆਂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਪਰੈਲ
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਹਲਕਾ ਸਾਹਨੇਵਾਲ ਅਧੀਨ ਰਾਹੋਂ ਰੋਡ ’ਤੇ ਸੁਰਜੀਤ ਕਲੋਨੀ, ਮਾਡਲ ਕਲੋਨੀ ਅਤੇ ਪਿੰਡ ਜਹਾਂਗੀਰਪੁਰ ਵਿੱਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਮੁੰਡੀਆਂ ਨੇ ਦੱਸਿਆ ਕਿ ਰਾਹੋਂ ਰੋਡ ’ਤੇ ਸੁਰਜੀਤ ਕਲੋਨੀ ਅਤੇ ਮਾਡਲ ਕਲੋਨੀ ਵਿੱਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ ਜਦਕਿ ਪਿੰਡ ਜਹਾਂਗੀਰਪੁਰ ਵਿਖੇ ਪੰਚਾਇਤ ਘਰ ਦੇ ਨਿਰਮਾਣ ਕਾਰਜ਼ ਸ਼ੁਰੂ ਕਰਵਾਏ ਗਏ ਹਨ। ਕੈਬਨਿਟ ਮੰਤਰੀ ਸ਼੍ਰੀ ਮੁੰਡੀਆਂ ਵੱਲੋਂ ਕਰੀਬ 80 ਲੱਖ ਰੁਪਏ ਦੀ ਵਿਵੇਕੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸਦੇ ਨਾਲ ਜੰਗੀ ਪੱਧਰ ’ਤੇ ਵਿਕਾਸ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜਗੀਰਪੁਰ ਦੇ ਪੰਚਾਇਤ ਘਰ ’ਤੇ ਕਰੀਬ 30 ਲੱਖ ਰੁਪਏ, ਸੁਰਜੀਤ ਕਲੋਨੀ ਦੀਆਂ ਗਲੀਆਂ ਨਾਲੀਆਂ ’ਤੇ 7 ਲੱਖ ਰੁਪਏ ਜਦਕਿ ਮਾਡਲ ਕਲੋਨੀ ਅਤੇ ਪਿੰਡ ਜਹਾਂਗੀਰਪੁਰ ਦੀਆਂ ਗਲੀਆਂ-ਨਾਲੀਆਂ ’ਤੇ ਪੰਜ-ਪੰਜ ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤ ਘਰ, ਕਮਿਊਨਿਟੀ ਸੈਂਟਰ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦਿਆਂ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਗਰਾਊਂਡਾਂ ਦੀ ਵੀ ਉਸਾਰੀ ਕੀਤੀ ਜਾਣੀ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਵਿਕਾਸ ਕਾਰਜ਼ਾਂ ਲਈ ਧੰਨਵਾਦ ਵੀ ਕੀਤਾ ਗਿਆ।