ਮੁੰਡੀਆਂ ਤੱਕ ਪੁੱਜੀ ਮਾਲ ਮਹਿਕਮੇ ’ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਫਰਵਰੀ
ਜਗਰਾਉਂ ਅਤੇ ਲੁਧਿਆਣਾ ਦੋ ਥਾਈਂ ਤਾਇਨਾਤੀ ਵਾਲੇ ਤਹਿਸੀਲਦਾਰ ਵੱਲੋਂ ਚਾਲੀ ਕਿਲੋਮੀਟਰ ਦਾ ਸਫ਼ਰ ਚਾਰ ਮਿੰਟ ਵਿੱਚ ਤੈਅ ਕਰ ਕੇ ਰਜਿਸਟਰੀਆਂ ਕਰਨ ਦੇ ਮਾਮਲੇ ਦੀ ਗੂੰਜ ਹੁਣ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਕੋਲ ਪਹੁੰਚ ਗਈ ਹੈ। ਇਹ ਇਕੱਲੇ ਇੱਕ ਤਹਿਸੀਲਦਾਰ ਦੀ ਨਹੀਂ, ਸਗੋਂ ਮਾਲ ਮਹਿਕਮੇ ਵਿੱਚ ਵਿਆਪਕ ਪੱਧਰ ’ਤੇ ਫੈਲੇ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ’ਤੇ ਮੰਤਰੀ ਮੁੰਡੀਆਂ ਨੇ ਵੀ ਸਬੰਧਤ ਤਹਿਸੀਲਦਾਰ ਸਣੇ ਇਸ ਸਾਰੇ ਭ੍ਰਿਸ਼ਟਾਚਾਰ ਦੀ ਜਾਂਚ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਸਬੰਧਤ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਹੈ। ਮੁਅੱਤਲ ਕੀਤੇ ਤਹਿਸੀਲਦਾਰ ਰਣਜੀਤ ਸਿੰਘ ਕੋਲ ਜਗਰਾਉਂ ਤੋਂ ਇਲਾਵਾ ਲੁਧਿਆਣਾ ਵੈਸਟ ਦਾ ਵੀ ਚਾਰਜ ਸੀ। ਇਸੇ ਅਠਾਈ ਫਰਵਰੀ ਨੂੰ ਉਨ੍ਹਾਂ ਦੀ ਸੇਵਾਮੁਕਤੀ ਸੀ ਪਰ ਉਸ ਤੋਂ ਇਕ ਮਹੀਨਾ ਪਹਿਲਾਂ ਇਹ ਮਾਮਲਾ ਉਜਾਗਰ ਹੋ ਗਿਆ। ਇਸ ਮਾਮਲੇ ਵਿੱਚ ਜਿਸ ਰਜਿਸਟਰੀ ਕਲਰਕ ਦਾ ਕੱਲ੍ਹ ਤਬਾਦਲਾ ਕੀਤਾ ਗਿਆ ਸੀ ਉਹ ਅੱਜ ਪੰਜ ਦਿਨ ਦੀ ਛੁੱਟ ’ਤੇ ਚਲਾ ਗਿਆ। ਉਸ ਦੀ ਥਾਂ ਹਾਲੇ ਕਿਸੇ ਦੇ ਬਤੌਰ ਰਜਿਸਟਰੀ ਕਲਰਕ ਆਰਡਰ ਨਹੀਂ ਹੋਏ ਹਨ। ਉਂਜ ਵੀ ਅੱਜ ਮੰਗਲਵਾਰ ਨੂੰ ਕੰਪਿਊਟਰਾਂ ’ਚ ‘ਖ਼ਰਾਬੀ’ ਕਾਰਨ ਰਜਿਸਟਰੀਆਂ ਨਹੀਂ ਹੋ ਸਕੀਆਂ। ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ ਦਿਨ ਵੀ ਰਜਿਸਟਰੀਆਂ ਨਹੀਂ ਹੋਣਗੀਆਂ। ਡੀਸੀ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਿਨਾਂ ਦਬਾਅ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।