ਮੁੰਡਿਆਂ ਤੇ ਕੁੜੀਆਂ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ: ਰੈੱਡੀ
ਕੁਲਦੀਪ ਸਿੰਘ
ਚੰਡੀਗੜ੍ਹ, 14 ਅਪਰੈਲ
ਆਲ ਇੰਡੀਆ ਡੈਮੋਕ੍ਰੈਟਿਕ ਯੂਥ ਆਰਗੇਨਾਈਜ਼ੇਸ਼ਨ (ਏਆਈਡੀਵਾਈਓ) ਵੱਲੋਂ ਸੈਕਟਰ-52, ਚੰਡੀਗੜ੍ਹ ਵਿੱਚ ‘ਨਾਰੀ ਇੱਜ਼ਤ ਬਚਾਓ, ਸੱਭਿਆਚਾਰ ਬਚਾਓ, ਮਨੁੱਖਤਾ ਬਚਾਓ’ ਕਨਵੈਨਸ਼ਨ ਕਰਵਾਈ ਗਈ। ਇਸ ਵਿੱਚ ਲਗਪਗ 150 ਲੋਕਾਂ ਨੇ ਹਿੱਸਾ ਲਿਆ। ਆਰਗੇਨਾਈਜ਼ੇਸ਼ਨ ਦੇ ਕਨਵੀਨਰ ਡਾ. ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਸਮਾਗਮ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਬੁਲਾਰਿਆਂ ਨੇ ਸਮਾਜ ਵਿੱਚ ਪ੍ਰਚੱਲਿਤ ਸਾਰੀਆਂ ਸਮਾਜਿਕ ਸਮੱਸਿਆਵਾਂ ਦੇ ਮੂਲ ਕਾਰਨਾਂ ਨੂੰ ਉਭਾਰਿਆ ਨੌਜਵਾਨਾਂ ਨੂੰ ਸੰਗਠਿਤ ਕਰਨ ਅਤੇ ਪੀੜਤ ਲੋਕਾਂ ਲਈ ਨਿਆਂ ਦੀ ਮੰਗ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਦੇਸ਼ ਵਿੱਚ ਰੋਜ਼ਾਨਾ ਲਗਪਗ 70 ਤੋਂ 80 ਜਬਰ-ਜਨਾਹ ਦੀਆਂ ਘਟਨਾਵਾਂ ਦਰਜ ਹੁੰਦੀਆਂ ਹਨ। 2019 ਤੋਂ 2021 ਦੌਰਾਨ ਦੇਸ਼ ਵਿੱਚ ਲੱਖਾਂ ਔਰਤਾਂ ਤੇ ਕੁੜੀਆਂ ਲਾਪਤਾ ਹੋ ਗਈਆਂ। ਸੀਐਸਆਈਆਰ-ਸੀਐਸਆਈਓ, ਚੰਡੀਗੜ੍ਹ ਤੋਂ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਤੇ ਆਈਸੀਸੀ ਚੇਅਰਪਰਸਨ ਡਾ. ਇੰਦਰਪ੍ਰੀਤ ਕੌਰ ਨੇ ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨਾਲ਼ ਹੋ ਰਹੇ ਜ਼ੁਲਮ ਵੱਲ ਧਿਆਨ ਦਿਵਾਇਆ।
ਪੀਜੀਆਈ ਦੇ ਸੀਨੀਅਰ ਰੈਜ਼ੀਡੈਂਟ ਅਤੇ ਆਲ ਇੰਡੀਆ ਰੈਜ਼ੀਡੈਂਟ ਐਂਡ ਜੂਨੀਅਰ ਡਾਕਟਰਜ਼ ਜੁਆਇੰਟ ਐਕਸ਼ਨ ਫੋਰਮ ਦੇ ਉੱਤਰੀ ਜ਼ੋਨ ਦੇ ਕਨਵੀਨਰ ਡਾ. ਪ੍ਰਨੀਤ ਰੈੱਡੀ ਨੇ ਕਿਹਾ ਕਿ ਸਾਨੂੰ ਮੁੰਡਿਆਂ ਅਤੇ ਕੁੜੀਆਂ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ। ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੀ ਪ੍ਰੋ. ਸੁਪਿੰਦਰ ਕੌਰ ਨੇ ਔਰਤਾਂ ਵਿਰੁੱਧ ਅਪਰਾਧਾਂ ਦੇ ਕਾਨੂੰਨੀ ਪਹਿਲੂਆਂ ’ਤੇ ਗੱਲ ਕੀਤੀ।
ਇਸ ਤੋਂ ਇਲਾਵਾ ਡਾ. ਭੁਪਿੰਦਰ ਕੌਰ ਵੜੈਚ, ਸੁਖਦੇਵ ਸਿੰਘ ਸਿਰਸਾ, ਸ਼੍ਰੇਆ ਆਦਿ ਨੇ ਵਿਚਾਰ ਰੱਖੇ।