ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ’ਚ ਪੱਕਾ ਧਰਨਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਅਧਿਆਪਕਾਂ ਨੇ ਲੁਧਿਆਣਾ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਸੰਘਰਸ਼ ਨੂੰ ਦਬਾਉਣ ਲਈ ਯੂਨੀਅਨ ਆਗੂਆ ਤੇ ਕਥਿਤ ਝੂਠੇ ਪਰਚੇ ਵੀ ਕੀਤੇ ਜਾ ਚੁੱਕੇ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਖ਼ੁਦ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਮਾਨ ਜਥੇਬੰਦੀ ਨੂੰ 4 ਵਾਰ ਮੀਟਿੰਗ ਦਾ ਝੂਠਾ ਲਾਰਾ ਲਾ ਕੇ ਸਾਰੀਆਂ ਮੀਟਿੰਗਾ ਰੱਦ ਕਰ ਚੁੱਕੇ ਹਨ। ਇਹ ਸਰਕਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ ’ਚ ਆਈ ਹੈ। ਇਸ ਸਰਕਾਰ ਦੇ 40 ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਲੋਕਾਂ, ਨੌਜਵਾਨ ਵਰਗ ਨੂੰ ਸੜਕਾਂ ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਆਪਣੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਕਰਵਾ ਚੁੱਕੇ ਅਧਿਆਪਕ ਆਪਣੀ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਵੱਲੋਂ ਸਿਰਫ ਝੂਠੇੇ ਲਾਰੇ ਅਤੇ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤੋਂ ਤੰਗ ਹੋ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਲੁਧਿਆਣਾ ਜਿਮਨੀ ਚੋਣਾਂ ਦੌਰਾਨ ਪੱਕਾ ਧਰਨਾ ਲਗਾ ਕੇ ਸਰਕਾਰ ਦੀਆਂ ਝੂਠੀਆਂ ਚਾਲਾਂ ਦਾ ਲੁਧਿਆਣਾ ਦੇ ਲੋਕਾਂ ’ਚ ਪ੍ਰਚਾਰ ਕੀਤਾ ਜਾਵੇਗਾ ਅਤੇ ਸਰਕਾਰ ਦੇ ਸਿੱਖਿਆ ਨੂੰ ਲੈ ਕੇ ਝੂਠ ਦੀਆ ਪੋਲਾਂ ਖੋਲ੍ਹੀਆਂ ਜਾਣਗੀਆਂ। ਇਸ ਮੌਕੇ ਵਿਕਾਸ ਸਾਹਨੀ, ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ , ਜਸਵਿੰਦਰ ਕੌਰ ,ਰੁਪਿੰਦਰ ਕੌਰ , ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਵੀਰਪਾਲ ਕੋਰ ਅਤੇ ਸਮੂਹ ਜਥੇਬੰਦੀ ਦੇ ਸਾਥੀ ਸ਼ਾਮਲ ਸਨ।