ਮੁੜ ਪ੍ਰਧਾਨ ਬਣਨ ’ਤੇ ਵੀ ਬਾਦਲ ਨੂੰ ਪੰਥ ਮਾਨਤਾ ਨਹੀਂ ਦੇਵੇਗਾ: ਇਯਾਲੀ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 12 ਅਪਰੈਲ
ਅਕਾਲ ਤਖ਼ਤ ਦੇ ਹੁਕਮਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਅੱਜ ਇਥੇ ਉਨ੍ਹਾਂ ਦੇ ਦਫ਼ਤਰ ਵਿੱਚ ਹਲਕਾ ਗਿੱਲ ਦੇ ਅਕਾਲੀ ਵਰਕਰਾਂ ਦੀ ਭਰਵੀਂ ਇਕੱਤਰਤਾ ਹੋਈ। ਇਸ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਤੋਂ ਇਲਾਵਾ ਹਲਕਾ ਗਿੱਲ ਦੇ ਇੰਚਾਰਜ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਸ਼ਾਮਲ ਅਕਾਲੀ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਪੰਜ ਮੈਂਬਰੀ ਕਮੇਟੀ ਨਾਲ ਖੜ੍ਹਨ ਦਾ ਅਹਿਦ ਲਿਆ। ਇਸ ’ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਤਸੱਲੀ ਪ੍ਰਗਟਾਈ। ਇਸ ਮਗਰੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬਾਦਲ ਧੜੇ ਦੇ ਲੀਡਰਾਂ ਦਾ ਪੰਥ ਵਿਰੋਧੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਧੜੇ ਦੇ ਲੀਡਰ ਜਿਹੜੇ ਕੱਲ੍ਹ ਤੱਕ ਇਹ ਰਾਗ ਅਲਾਪ ਰਹੇ ਸੀ ਕਿ ਜੇਕਰ ਉਹ ਸ੍ਰੀ ਅਕਾਲ ਤਖ਼ਤ ਵੱਲੋਂ ਥਾਪੀ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਭਰਤੀ ਕਰਵਾਉਂਦੇ ਹਨ ਤਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਦੇਵੇਗਾ। ਜਦੋਂ ਅੱਜ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਿਆਸੀ ਮੀਟਿੰਗ ਕਰਕੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਕਿ ਹੁਣ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਪਾਰਟੀ ਨੂੰ ਰੱਦ ਕੀਤੇ ਜਾਣ ਦਾ ਡਰ ਖ਼ਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਹੋਏ ਧੜੇ ਵੱਲੋਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਮਾਨਤਾ ਨਹੀਂ ਦੇਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਦਾ ਮਕਸਦ ਸ੍ਰੀ ਅਕਾਲ ਤਖ਼ਤ ਦੀ ਮਰਿਯਾਦਾ ਬਹਾਲ ਕਰਨਾ ਅਤੇ ਪੰਜਾਬ ਦੇ ਇੱਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਧਾਨਗੀ ਦੀ ਚੋਣ ਸਬੰਧੀ ਅੱਜ ਦੀ ਇਕੱਤਰਤਾ ਲਈ ਕੋਈ ਸੁਨੇਹਾ ਨਹੀਂ ਲੱਗਿਆ ਸੀ।
ਇਸ ਮੌਕੇ ਕੰਵਲਜੀਤ ਸਿੰਘ ਥਰੀਕੇ, ਮਨਿੰਦਰ ਸਿੰਘ ਕਾਕਾ, ਰਘਬੀਰ ਸਿੰਘ, ਕਰਮਜੀਤ ਸਿੰਘ ਮਲਕਪੁਰ, ਤਲਵਿੰਦਰ ਸਿੰਘ ਆਲਮਗੀਰ, ਇਕਬਾਲ ਸਿੰਘ ਫੱਗੂਵਾਲ, ਜਥੇਦਾਰ ਇੰਦਰ ਸਿੰਘ, ਚੇਅਰਮੈਨ ਬਿੰਦਰ ਠੱਕਰਵਾਲ, ਚੇਅਰਮੈਨ ਪਰਮਿੰਦਰ ਰੰਗੀਆਂ, ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਬਹਾਦਰ ਸਿੰਘ ਸਰਪੰਚ, ਮਾਨ ਸਿੰਘ ਫੁੱਲਾਂਵਾਲ, ਡਾ. ਰੂਪ ਖਹਿਰਾ ਬੇਟ, ਅਵਤਾਰ ਸਿੰਘ ਹੰਬੜਾਂ, ਸਰਪੰਚ ਦਵਿੰਦਰ ਸਿੰਘ ਜੱਸੀਆਂ, ਹਰਭਜਨ ਗਿੱਲ, ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਢੇਸੀ ਸਰਪੰਚ ਤੇ ਹੋਰ ਹਾਜ਼ਰ ਸਨ।