ਮੁਹਾਲੀ ਵਿੱਚ ਚਾਰ ਦਿਨਾਂ ਵਿੱਚ ਸੱਤ ਹਜ਼ਾਰ ਚਲਾਨ
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 11 ਮਾਰਚ
ਮੁਹਾਲੀ ਪੁਲੀਸ ਨੇ ਈ-ਚਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਜੋ ਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰੇਗਾ, ਚਲਾਨ ਉਸ ਦੇ ਘਰ ਪਹੁੰਚ ਜਾਵੇਗਾ। ਮੁਹਾਲੀ ਵਿੱਚ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਲਾਗੂ ਹੋਣ ’ਤੇ ਚਾਰ ਦਿਨਾਂ ਅੰਦਰ 6962 ਚਲਾਨ ਹੋਏ ਹਨ ਅਤੇ ਕਰੀਬ 110 ਵਾਹਨ ਚਾਲਕਾਂ ਨੇ ਚਲਾਨ ਦਾ ਭੁਗਤਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 6 ਮਾਰਚ ਨੂੰ ਮੁਹਾਲੀ ਵਿੱਚ 21.60 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਰਸਮੀ ਉਦਘਾਟਨ ਕੀਤਾ ਸੀ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਸੈਕਟਰ-79 ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ 17 ਪ੍ਰਮੁੱਖ ਥਾਵਾਂ ’ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀਸੀਟੀਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਚਲਾਨ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ’ਚੋਂ 100 ਤੋਂ ਵੱਧ ਲੋਕ ਚਲਾਨ ਭੁਗਤ ਚੁੱਕੇ ਹਨ ਅਤੇ ਲੱਖਾਂ ਰੁਪਏ (104,500) ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਏ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਹੈਲਮਟ ਤੋਂ ਡਰਾਈਵਿੰਗ ਕਰਨ ਵਾਲੀਆਂ ਕਰੀਬ 50 ਔਰਤਾਂ ਦੇ ਚਲਾਨ ਕੱਟੇ ਗਏ ਹਨ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਸਖ਼ਤੀ ਨਾਲ ਟਰੈਫ਼ਿਕ ਨਿਯਮ ਲਾਗੂ ਕਰਨ ਵਾਲਾ ਮੁਹਾਲੀ, ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ।