ਮੁਹਾਲੀ ਨਿਗਮ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ
ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 4 ਜੁਲਾਈ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਮੁਹਾਲੀ ਨਿਗਮ ਦੇ ਸਫ਼ਾਈ ਸੇਵਕਾਂ ਦੀ ਸੋਮਵਾਰ ਤੋਂ ਚੱਲ ਰਹੀ ਹੜਤਾਲ ਅੱਜ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਖ਼ਲ ਮਗਰੋਂ ਸਮਾਪਤ ਹੋ ਗਈ। ਸਫ਼ਾਈ ਮਜ਼ਦੂਰਾਂ ਦੀ ਹੜਤਾਲ ਸਮਾਪਤ ਹੋਣ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹਲਕਾ ਵਿਧਾਇਕ ਅੱਜ ਦੁਪਹਿਰੇ ਨਿਗ਼ਮ ਦਫ਼ਤਰ ਪਹੁਚੇ। ਉਨ੍ਹਾਂ ਨਿਗ਼ਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਦੇ ਦਫ਼ਤਰ ਵਿੱਚ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਗੱਲਬਾਤ ਸੁਖਾਵੇਂ ਮਾਹੌਲ ਵਿੱਚ ਨੇਪਰੇ ਚੜ੍ਹਨ ਮਗਰੋਂ ਹਲਕਾ ਵਿਧਾਇਕ ਸਫ਼ਾਈ ਮਜ਼ਦੂਰਾਂ ਦੇ ਧਰਨੇ ਵਿੱਚ ਪਹੁੰਚ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਆਗੂਆਂ ਦਾ ਹੜਤਾਲ ਖ਼ਤਮ ਕਰਨ ਲਈ ਉਨ੍ਹਾਂ ਦੀ ਗੱਲ ਮੰਨਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ 1995 ਤੋਂ ਸਫ਼ਾਈ ਸੇਵਕਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਹਰ ਦੁੱਖ ਦਰਦ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਵਿਚ ਵੀ ਗਰੀਬਾਂ ਦੇ ਮਸਲੇ ਹੀ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਕੋਲੋਂ ਸਫ਼ਾਈ ਮਜ਼ਦੂਰਾਂ ਦੀ ਤਨਖ਼ਾਹ ਵਧਾਉਣੀ ਯਕੀਨੀ ਬਣਾਉਣਗੇ।
ਵਿਧਾਇਕ ਨੇ ਹੋਰ ਮੰਗਾਂ ਪੂਰੀਆਂ ਕਰਨ ਤੋਂ ਇਲਾਵਾ ਇਸ ਮਾਮਲੇ ਵਿਚ ਪੁਲੀਸ ਕੋਲ ਗਈਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਸੈਨੇਟਰੀ ਇੰਸਪੈਕਟਰ ਨਾਲ ਵਿਵਾਦ ਖ਼ਤਮ ਕਰਾਉਣ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਨਿਗ਼ਮ ਦੇ ਕਮਿਸ਼ਨਰ ਤੋਂ ਇਲਾਵਾ ਕੌਂਸਲਰ ਸਰਬਜੀਤ ਸਿੰਘ ਸਮਾਣਾ, ਰਵਿੰਦਰ ਸਿੰਘ ਕੁੰਭੜਾ ਕੌਂਸਲਰ, ਗੁਰਮੁੱਖ ਸਿੰਘ ਸੋਹਲ ਵੀ ਹਾਜ਼ਰ ਸਨ।
ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਰਾਜਨ ਚਾਵਰੀਆ, ਰਾਜੂ ਸੰਗੇਲਿਆ, ਬ੍ਰਿਜ ਮੋਹਨ, ਰੋਸ਼ਨ ਲਾਲ, ਗਗਨ ਦੀਪ ਸਿੰਘ ਢਿੱਲੋਂ, ਜੈ ਪਾਲ, ਜੈ ਸਿੰਘ, ਬਲਕੇਸ ਕੁਮਾਰ ਆੁਦਿ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਅੱਜ ਤੋਂ ਹੀ ਕੰਮ ਤੇ ਪਰਤਣ ਦਾ ਐਲਾਨ ਕੀਤਾ।