ਮੁਹਾਲੀ ਦਾ ਇੱਕੋ ਇਕ ਸਰਕਾਰੀ ਹਸਪਤਾਲ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ

ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਬਲਾਕ ਵਿੱਚ ਬਿਨਾਂ ਚਾਦਰਾਂ ਤੋਂ ਬੈੱਡਾਂ ’ਤੇ ਪਏ ਮਰੀਜ਼।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਅਗਸਤ
ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਵੇਲੇ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਪਰਚੀ ’ਤੇ ਲਿਖੀ ਦਵਾਈ ਲੈਣ ਲਈ ਹਸਪਤਾਲ ਤੋਂ ਕਾਫੀ ਦੂਰ ਫੇਜ਼-6 ਜਾਂ ਫੇਜ਼-1 ਦੀ ਮਾਰਕੀਟ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਮੌਜੂਦ ਜਨ ਔਸ਼ਧੀ ਕੇਂਦਰ ਰਾਤ ਨੂੰ ਸਿਰਫ਼ 8 ਵਜੇ ਤੱਕ ਹੀ ਖੁੱਲ੍ਹੀ ਰਹਿੰਦੀ ਹੈ। ਰਾਤ ਨੂੰ ਹਸਪਤਾਲ ਵਿੱਚ ਅਲਟਰਾਸਾਉੂਂਡ, ਲੈਬਾਰਟਰੀ ਟੈਸਟ ਅਤੇ ਐਕਸ-ਰੇਅ ਆਦਿ ਕੋਈ ਸੁਵਿਧਾ ਉਪਲਬਧ ਨਹੀਂ ਹੈ।
ਐਤਵਾਰ ਦੀ ਰਾਤ ਨੂੰ ਕਰੀਬ ਸਾਢੇ 10 ਵਜੇ ਮੀਡੀਆ ਟੀਮ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਬਲਾਕ ਵਿੱਚ ਪੁੱਜੀ ਤਾਂ ਦੇਖਿਆ ਕਿ ਲੋਹੇ ਦੀਆਂ ਚਾਦਰਾਂ ਲਗਾ ਕੇ ਇਸ ਬਲਾਕ ਨੂੰ ਬੰਦ ਕੀਤਾ ਹੋਇਆ ਸੀ ਅਤੇ ਲਾਈਟ ਵੀ ਬੰਦ ਸੀ। ਐਮਰਜੈਂਸੀ ਵਾਰਡ ਦੇ ਲੰਮੇ ਹਾਲ ਕਮਰੇ ਵਿੱਚ ਦੋ ਡਾਕਟਰ ਆਪਣੇ ਮੂੰਹ ’ਤੇ ਮਾਸਕ ਬੰਨ੍ਹ ਕੇ ਬੈਠੇ ਹੋਏ ਸੀ। ਉਨ੍ਹਾਂ ਦੇ ਪਿਛਲੇ ਹਿੱਸੇ ਵਿੱਚ 10 ਤੋਂ 12 ਬੈੱਡ ਪਏ ਸੀ ਜਿਨ੍ਹਾਂ ’ਤੇ ਕੋਈ ਚਾਦਰ ਤਕ ਵੀ ਵਿਛੀ ਹੋਈ ਨਹੀਂ ਸੀ। ਆਪਣੇ ਬੇਟੇ ਨਾਲ ਦਵਾਈ ਲੈਣ ਆਈ ਗੁੱਡੀ ਦੇਵੀ ਨਾਂ ਦੀ ਔਰਤ ਨੂੰ ਐਮਰਜੈਂਸੀ ਵਿੱਚ ਟੀਕਾ ਲਗਾਉਣ ਤੋਂ ਬਾਅਦ ਪਰਚੀ ’ਤੇ ਤਿੰਨ ਦਵਾਈਆਂ ਲਿਖ ਦਿੱਤੀਆਂ ਗਈਆਂ। ਜਦੋਂਕਿ ਹਸਪਤਾਲ ਦੇ ਅੰਦਰ ਜਾਂ ਗੇਟ ਤੋਂ ਬਾਹਰ ਕੋਈ ਕੈਮਿਸਟ ਦੀ ਦੁਕਾਨ ਖੁੱਲ੍ਹੀ ਨਹੀਂ ਸੀ। ਇਸ ਤਰ੍ਹਾਂ ਇਹ ਔਰਤ ਟੀਕਾ ਲੱਗਣ ਤੋਂ ਕੁਝ ਸਮਾਂ ਉੱਥੇ ਰਹੀ ਅਤੇ ਬਾਅਦ ਵਿੱਚ ਉਹ ਆਪਣੇ ਘਰ ਆ ਗਈ ਅਤੇ ਰਾਤ ਮੁਸ਼ਕਲ ਨਾਲ ਕੱਟੀ। ਇੰਝ ਹੀ ਨਾਲ ਵਾਲੇ ਬੈੱਡ ’ਤੇ ਦਰਦ ਨਾਲ ਬੁਰੀ ਤਰ੍ਹਾਂ ਕੁਰਲਾ ਰਹੀ ਔਰਤ ਨੂੰ ਉਸ ਦੀਆਂ ਨੂੰਹਾਂ ਚੁੱਕ ਕੇ ਸੈਕਟਰ-16 ਦੇ ਹਸਪਤਾਲ ਲੈ ਗਈਆਂ।
ਇਲਾਕੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਰਾਤ ਨੂੰ ਹਸਪਤਾਲ ਵਿੱਚ ਅਲਟਰਾਸਾਉੂਂਡ, ਲੈਬਾਰਟਰੀ ਟੈਸਟ ਅਤੇ ਐਕਸ-ਰੇਅ ਅਤੇ ਮਾਹਰ ਡਾਕਟਰ ਆਦਿ ਕੋਈ ਸੁਵਿਧਾ ਉਪਲਬਧ ਨਹੀਂ ਹੈ। ਗੰਭੀਰ ਕਿਸਮ ਦੀ ਐਮਰਜੈਂਸੀ ਵੇਲੇ ਸਬੰਧਤ ਬਿਮਾਰੀ ਦੇ ਮਾਹਰ ਡਾਕਟਰ ਅਤੇ ਐਕਸ-ਰੇਅ ਕਰਨ ਵਾਲੇ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਹੈ। ਜਿਸ ਕਾਰਨ ਅਜਿਹੇ ਹਾਲਾਤਾਂ ਵਿੱਚ ਮਰੀਜ਼ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਥਰੂਮਾਂ ਦੀ ਹਾਲਤ ਬਹੁਤ ਮਾੜੀ ਹੈ। ਬਾਹਰ ਕਾਂਗਰਸ ਘਾਹ ਉੱਗਿਆ ਹੋਇਆ ਹੈ।

ਸਿਵਲ ਸਰਜਨ ਵੱਲੋਂ ਐਸਐਮਓ ਤੋਂ ਰਿਪੋਰਟ ਤਲਬ

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਐਮਰਜੈਂਸੀ ਵਾਰਡ ਵਿੱਚ ਬੈੱਡਾਂ ’ਤੇ ਚਾਦਰਾਂ ਨਾ ਵਿਛੀਆਂ ਹੋਣਾ ਮਾੜੀ ਗੱਲ ਹੈ। ਇਸ ਸਬੰਧੀ ਐਸਐਮਓ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਉਹ ਖ਼ੁਦ ਹੀ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਰਾਤ ਵੇਲੇ ਕਿਸੇ ਮਰੀਜ਼ ਨੂੰ ਬਾਹਰੋਂ ਦਵਾਈ ਲੈਣ ਲਈ ਨਹੀਂ ਭੇਜਿਆ ਜਾਵੇਗਾ।

ਕੀ ਕਹਿੰਦੇ ਨੇ ਐਸਐਮਓ

ਐਸਐਮਓ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਰਾਣੇ ਐਮਰਜੈਂਸੀ ਬਲਾਕ ਦੀ ਭੰਨ ਤੋੜ ਕਰਕੇ ਨਵੇਂ ਖੁੱਲ੍ਹਣ ਜਾ ਰਹੇ ਮੈਡੀਕਲ ਕਾਲਜ ਦੀ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਹਾਲ ਵਿੱਚ ਆਰਜ਼ੀ ਤੌਰ ’ਤੇ ਐਮਰਜੈਂਸੀ ਵਾਰਡ ਬਣਾਇਆ ਗਿਆ ਹੈ ਅਤੇ ਨਵੇਂ ਐਮਰਜੈਂਸੀ ਬਲਾਕ ਲਈ ਢੁਕਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਤਿ ਗੰਭੀਰ ਕਿਸਮ ਦੀ ਐਮਰਜੈਂਸੀ ਵੇਲੇ ਡਾਕਟਰ ਨੂੰ ਫੋਨ ’ਤੇ ਸੱਦ ਲਿਆ ਜਾਂਦਾ ਹੈ।