ਮੁਹਾਲੀ ’ਚ ਦੋ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸਮਾਪਤ

ਮੁਹਾਲੀ ਦੀ ਜ਼ਿਲ੍ਹਾ ਅਥਲੀਟ ਮੀਟ ਵਿੱਚ ਜੇਤੂ ਖਿਡਾਰੀ ਪ੍ਰਬੰਧਕਾਂ ਨਾਲ।-ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 8 ਅਕਤੂਬਰ
ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਫੇਜ਼ ਅੱਠ ਦੇ ਨਵੇਂ ਵਿਕਸਿਤ ਕੀਤੇ ਗਰਾਊਂਡ ਵਿੱਚ ਦੋ ਦਿਨਾ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਕਰਵਾਈ ਗਈ। ਇਸ ਵਿੱਚ ਜੂਨੀਅਰ, ਸੀਨੀਅਰ ਅਤੇ ਵੈਟਰਨ ਵਰਗ ਦੇ 500 ਦੇ ਕਰੀਬ ਅਥਲੀਟਾਂ ਨੇ ਭਾਗ ਲਿਆ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ, ਜਨਰਲ ਸਕੱਤਰ ਸਵਰਨ ਸਿੰਘ, ਐਸਆਈਐਸ ਕੋਰਾ, ਮਲਕੀਅਤ ਸਿੰਘ, ਬੀ ਐੱਸ ਸਿੱਧੂ, ਰਾਮ ਕੁਮਾਰ ਆਦਿ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਦੌੜਾਂ ਅਤੇ ਅਥਲੈਟਿਕਸ ਦੇ ਹੋਰ ਮੁਕਾਬਲੇ ਕਰਵਾਏ ਗਏ। ਭਾਈ ਅਮਰਾਓ ਸਿੰਘ ਲੰਬਿਆਂ ਵਾਲੇ ਤੇ ਕੌਂਸਲਰਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਿਭਾਈ। ਉਨ੍ਹਾਂ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁਹਾਲੀ ਵਿਖੇ ਅਥਲੀਟਾਂ ਨੂੰ ਦਿੱਤੀ ਜਾਂਦੀ ਟਰੇਨਿੰਗ ਨੂੰ ਵਧੀਆ ਦੱਸਿਆ। ਉਨ੍ਹਾਂ ਸਿਹਤਮੰਦ ਪੰਜਾਬ ਲਈ ਖੇਡਾਂ ਨੂੰ ਸਭ ਤੋਂ ਅਹਿਮ ਮੰਨਦਿਆਂ ਐਸੋਸੀਏਸ਼ਨ ਨੂੰ ਖੇਡ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਦੋ ਲੱਖ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਤਗਮੇ ਤਕਸੀਮ ਕੀਤੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੀਟ ਵਿੱਚੋਂ ਜੂਨੀਅਰ ਵਰਗ ਦੇ ਜੇਤੂ ਰਹੇ ਅਥਲੀਟ 11 ਤੋਂ 13 ਅਕਤੂਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਸੂਬਾਈ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕਰਨਗੇ।

Tags :