ਪਰਮਜੀਤ ਸਿੰਘ ਕੁਠਾਲਾਮਾਲੇਰਕੋਟਲਾ, 7 ਜੂਨਅੱਜ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮਾਲੇਰਕੋਟਲਾ ਸਮੇਤ ਇਲਾਕੇ ਭਰ ਅੰਦਰ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸਲਾਮ ਵਿੱਚ ਹਜਰਤ ਇਬਰਾਹੀਮ (ਅਲੈ) ਵੱਲੋਂ ਰੱਬ ਦੇ ਹੁਕਮ ’ਤੇ ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਇਸਮਾਇਲ ਦੀ ਦਿੱਤੀ ਕੁਰਬਾਨੀ ਦੀ ਯਾਦ ’ਚ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮਨਾਇਆ ਜਾਂਦਾ ਹੈ।ਬਕਰੀਦ ਮੌਕੇ ਮੁਸਲਮਾਨਾਂ ਵੱਲੋਂ ਆਪਣੀ ਵਿੱਤੀ ਹਾਲਤ ਮੁਤਾਬਿਕ ਬੱਕਰਿਆਂ ਅਤੇ ਭੇਡੂਆਂ ਦੀ ਕੁਰਬਾਨੀ ਦਿੱਤੀ ਗਈ ਅਤੇ ਕੁਰਬਾਨੀ ਦਾ ਗੋਸ਼ਤ ਵੱਖ-ਵੱਖ ਨਿਰਧਾਰਤ ਹਿੱਸਿਆਂ ਵਿੱਚ ਗਰੀਬਾਂ, ਦੋਸਤਾਂ ਮਿੱਤਰਾਂ ਅਤੇ ਆਂਢ-ਗੁਆਂਢ ਵਿੱਚ ਵੰਡਿਆ ਗਿਆ। ਕੁਰਬਾਨੀ ਤੋਂ ਪਹਿਲਾਂ ਮੁਸਲਮਾਨ ਭਰਾਵਾਂ ਨੇ ਨੇੜਲੀਆਂ ਈਦਗਾਹਾਂ ਅਤੇ ਮਸਜਿਦਾਂ ਵਿੱਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ। ਜ਼ਿਲ੍ਹਾ ਮਾਲੇਰਕੋਟਲਾ ਅੰਦਰ ਈਦ ਦਾ ਮੁੱਖ ਸਮਾਗਮ ਮਾਲੇਰਕੋਟਲਾ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਤੇ ਖੂਬਸੂਰਤ ਈਦਗਾਹ ਵਿੱਚ ਕਰਵਾਇਆ ਗਿਆ ਜਿੱਥੇ ਈਦ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਹਜ਼ਾਰਾਂ ਮੁਸਲਿਮ ਭਰਾਵਾਂ ਨੂੰ ਮੁਫ਼ਤੀ ਏ ਪੰਜਾਬ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਨੇ ਈਦ ਦੀ ਨਮਾਜ਼ ਅਦਾ ਕਰਵਾਈ ਅਤੇ ਆਪਣੇ ਖ਼ੁਤਬੇ ਰਾਹੀਂ ਪੂਰੇ ਵਿਸ਼ਵ ਅੰਦਰ ਆਪਸੀ ਭਾਈਚਾਰੇ, ਅਮਨ, ਸ਼ਾਂਤੀ ਅਤੇ ਮਾਨਵਤਾ ਦੇ ਭਲੇ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ’ਚ ਭਾਈਚਾਰੇ, ਅਮਨ ਅਤੇ ਇਨਸਾਨੀਅਤ ਦੀ ਲੋੜ ਹੋਰ ਵੀ ਵੱਧ ਗਈ ਹੈ। ਮੁਸਲਿਮ ਭਾਈਚਾਰੇ ਨੂੰ ਪਵਿੱਤਰ ਈਦ ਦੀਆਂ ਮੁਬਾਰਕਾਂ ਦੇਣ ਲਈ ਹਲਕਾ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਉਚੇਚੇ ਤੌਰ ’ਤੇ ਸ਼ਾਮਲ ਹੋਏ।ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਉਨ੍ਹਾਂ ਈਦਗਾਹ ਦੀ ਫਸ਼ੀਲ ਤੋਂ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਈਦ-ਉਲ-ਜੁਹਾ ਸਿਰਫ਼ ਤਿਉਹਾਰ ਨਹੀਂ, ਸਗੋਂ ਇਹ ਇਮਾਨ, ਭਰੋਸੇ, ਸਮਰਪਣ, ਤਿਆਗ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਹਜ਼ਰਤ ਇਬਰਾਹੀਮ (ਅਲੇਹਿ ਸਲਾਮ) ਦੇ ਤਿਆਗ ਅਤੇ ਅਕੀਦਤ ਦੀ ਯਾਦ ਦਿਵਾਉਂਦਾ ਹੈ, ਜੋ ਰੂਹਾਨੀ ਮੀਰਾਸ ਦਾ ਅਹਿਮ ਹਿੱਸਾ ਹੈ। ਉਨ੍ਹਾਂ ‘ਰੰਗਲਾ ਪੰਜਾਬ’ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਅਤੇ ਮਾਲੇਰਕੋਟਲਾ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਵੀ ਮੁਬਾਰਕਵਾਦ ਦਿੱਤੀ। ਵੱਡੀ ਈਦਗਾਹ ਤੋਂ ਇਲਾਵਾ ਈਦਗਾਹ ਕਿਲ੍ਹਾ ਰਹਿਮਤਗੜ੍ਹ, ਈਦਗਾਹ ਸਲਫ਼ੀਆ, ਛੋਟੀ ਈਦਗਾਹ, ਤਬਲੀਗੀ ਮਰਕਜ਼, ਜਾਮਾ ਮਸਜਿਦ ਸਮੇਤ ਇਲਾਕੇ ਦੀਆਂ ਸਾਰੀਆਂ ਮਸਜਿਦਾਂ ਤੇ ਈਦਗਾਹਾਂ ਵਿੱਚ ਵੀ ਪਵਿੱਤਰ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ।ਇਸਲਾਮ ਅੰਦਰ ਕੁਰਬਾਨੀ ਦੇ ਪਵਿਤਰ ਤਿਉਹਾਰ ਵਜੋਂ ਮਨਾਈ ਜਾਂਦੀ ਈਦ-ਉਲ-ਅਜ਼ਹਾ (ਬਕਰੀਦ) ਲਈ ਮੁਸਲਿਮ ਭਾਈਚਾਰੇ ਵੱਲੋਂ ਕਈ-ਕਈ ਹਫ਼ਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਲੋਕਾਂ ਵੱਲੋਂ ਪੁੱਤਾਂ ਵਾਂਗ ਸਾਲਾਂ ਬੱਧੀ ਪਾਲੇ ਬੱਕਰਿਆਂ, ਭੇਡੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਕੁਰਬਾਨੀ ਦਾ ਸਿਲਸਿਲਾ ਤਿੰਨ ਦਿਨ ਤੱਕ ਚਲਦਾ ਹੈ ਅਤੇ ਕੁਰਬਾਨੀ ਕੀਤੇ ਬੱਕਰਿਆਂ ਦੀਆਂ ਖੱਲਾਂ ਮਦਰੱਸਿਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਂਦੀਆਂ ਹਨ। ਇਕੱਲੇ ਮਾਲੇਰਕੋਟਲਾ ਸ਼ਹਿਰ ਅੰਦਰ ਹੀ ਕਰੀਬ 10 ਹਜ਼ਾਰ ਬੱਕਰਿਆਂ ਅਤੇ ਭੇਡੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।ਵਿਧਾਇਕ ਨੇ ਈਦ ਦੀ ਵਧਾਈ ਦਿੱਤੀਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਮਾਲੇਰਕੋਟਲਾ ਵਿਖੇ ਅੱਜ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਮਗਰੋਂ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ‘ਰੰਗਲਾ ਪੰਜਾਬ’ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ ਮੁੱਖ ਮੰਤਰੀਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯਤਨਾਂ ਨੂੰ ਸਰਾਹੁੰਦਿਆਂ ਪੰਜਾਬ ਅਤੇ ਮਾਲੇਰਕੋਟਲਾ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਵੀ ਵਧਾਈਆਂ ਦਿੱਤੀਆਂ। ਉਨ੍ਹਾਂ ਪੰਜਾਬ, ਪੰਜਾਬੀਅਤ ਦੀ ਖੁਸ਼ਹਾਲੀ, ਤਰੱਕੀ, ਸਾਂਝੀ ਸੋਚ ਅਤੇ ਆਪਸੀ ਭਾਈਚਾਰੇ ਦੇ ਮਜ਼ਬੂਤ ਬਣੇ ਰਹਿਣ ਲਈ ਦੁਆ ਕੀਤੀ।ਸਬ ਡਵੀਜ਼ਨ ਪੱਧਰ ’ਤੇ ਈਦ ਮਨਾਈਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਸਬ ਡਵੀਜ਼ਨ ਪੱਧਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਰਾਵਾਂ ਦੇ ਨਾਲ਼ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਸਭ ਨੂੰ ਮਿਲ ਕੇ ਰਹਿਣ ਦੇ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸਮੂਹ ਪਵਿੱਤਰ ਦਿਹਾੜੇ ’ਤੇ ਉਹ ਆਪਣੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਨੂੰ ਤਿਆਗ ਕੇ ਅਜਿਹੇ ਕਾਰਜ ਕਰਨ ਦੀ ਸਹੁੰ ਚੁੱਕਣ ਜੋ ਅੱਲ੍ਹਾ ਪਾਕਿ ਨੂੰ ਚੰਗਾ ਲੱਗੇ। ਇਸ ਮੌਕੇ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬੀਰਬਲ ਖਾਂ, ਮੀਤ ਪ੍ਰਧਾਨ ਐਡਵਕੇਟ ਕਰਮਦੀਨ ਖਾਂ, ਗੁਲਾਬ ਸ਼ਾਹ,ਇਮਤਿਆਜ਼ ਅਲੀ, ਬਾਰੂ ਖਾਂ, ਕਰਮਦੀਨ ਖਾਂ, ਸੋਹਣਾ ਖਾਂ, ਨੇਕ ਖਾਂ, ਬੰਤ ਖਾਂ, ਵਕੀਲ ਖਾਂ, ਜੱਗੀ ਸ਼ਾਹ ਤੌਰ ’ਤੇ ਪਹੁੰਚੇ।