ਜੋਗਿੰਦਰ ਸਿੰਘ ਮਾਨਮਾਨਸਾ, 9 ਜੂਨਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਪ੍ਰਚਾਰ ਭਖਣ ਦੇ ਨਾਲ ਹੁਣ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ ਹੱਕੀ ਮਸਲਿਆਂ ਨੂੰ ਲੈਕੇ ਚੋਣ ਹਲਕੇ ਵਿੱਚ ਗੱਜਣ ਦਾ ਫੈਸਲਾ ਕੀਤਾ ਹੈ। ਜਿਹੜੀਆਂ ਮੁਲਾਜ਼ਮ ਧਿਰਾਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਧਰਨੇ ਮੁਜ਼ਾਹਰੇ ਕਰਨ ਜਾਂਦੀਆਂ ਸਨ, ਉਨ੍ਹਾਂ ਨੇ ਹੁਣ ਲੁਧਿਆਣਾ ਵਿੱਚ ਸੰਘਰਸ਼ੀ ਡੇਰੇ ਲਾ ਲਏ ਹਨ।ਪੁਰਾਣੀ ਪੈਨਸ਼ਨ ਦੇ ਵੱਡੇ ਹੱਕੀ ਮਸਲੇ ਨੂੰ ਲੈਕੇ ਵੱਖ-ਵੱਖ ਜਥੇਬੰਦੀਆਂ ਵੱਲੋਂ 11 ਜੂਨ ਨੂੰ ਸੂਬਾ ਪੱਧਰੀ ਰੈਲੀ, 12 ਜੂਨ ਨੂੰ ਹਲਕੇ ਦੇ ਪਿੰਡ-ਪਿੰਡ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਕੱਚੇ ਅਧਿਆਪਕ ਪਹਿਲਾ ਹੀ ਹਲਕੇ ਅੰਦਰ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਦੀ ਪੋਲ ਖੋਲ੍ਹਣ ਲਈ ਡੇਰੇ ਲਾਈ ਬੈਠੇ ਹਨ।ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਨੇ ਇਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 11 ਜੂਨ ਨੂੰ ਲੁਧਿਆਣਾ ਵਿੱਚ ਸਰਕਾਰ ਵਿਰੁੱਧ ਕੀਤੀ ਜਾਣ ਵਾਲੀ ਰੈਲੀ ’ਚ ਰਾਜ ਦੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਫਰੰਟ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ,ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ,ਸੀਨੀਅਰ ਆਗੂ ਓਮ ਪ੍ਰਕਾਸ਼ ਸਰਦੂਲਗੜ੍ਹ,ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਧਿਆਪਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕਰ ਸਕੀ। ਅਧਿਆਪਕਾਂ ਦਾ ਵੱਡਾ ਮਸਲਾ ਪੁਰਾਣੀ ਪੈਨਸ਼ਨ, ਅਧਿਆਪਕਾਂ ਦੇ ਅਨੇਕਾਂ ਕਿਸਮ ਦੇ ਬਕਾਏ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨਾ ਸਮੇਤ ਸਾਰੇ ਹੱਕੀ ਮਸਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ।ਉਧਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਐਪਲਾਈਜ਼ ਯੂਨੀਅਨ ਪੰਜਾਬ ਨੇ 12 ਜੂਨ ਨੂੰ ਲੁਧਿਆਣਾ ਹਲਕੇ ’ਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਹੈ।ਸੂਬਾ ਕਨਵੀਨਰ ਕਰਮਜੀਤ ਤਾਮਕੋਟ,ਦਰਸ਼ਨ ਅਲੀਸ਼ੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਬਣਾਉਣ ਲਈ ਲੱਖਾਂ ਮੁਲਾਜ਼ਮਾਂ ਨੇ ਬਦਲਾਅ ਦੀ ਆਸ ਨਾਲ ਵੋਟਾਂ ਪਾਈਆਂ ਸਨ, ਪਰ ਸਰਕਾਰ ਨੇ ਸਭ ਤੋਂ ਵੱਧ ਦਗਾ ਮੁਲਾਜ਼ਮਾਂ ਨਾਲ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਿਆ ਸਿਸਟਮ ਦਾ ਜਲੂਸ ਕੱਢਕੇ ਰੱਖ ਦਿੱਤਾ ਹੈ,ਉਪਰੋਂ ਮੁਲਾਜ਼ਮਾਂ ਦੀਆਂ ਸਾਰੀਆਂ ਹੱਕੀ ਮੰਗਾਂ ਤਿੰਨ ਸਾਲਾਂ ਤੋਂ ਲਟਕ ਰਹੀਆਂ ਹਨ।ਇਕ ਵੱਖਰੇ ਬਿਆਨ ਵਿੱਚ ਸਿੱਧੀ ਭਰਤੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਤਿੰਨ ਸੋਢੀ ਨੇ ਦੱਸਿਆ ਕਿ 11 ਜੂਨ ਦੀ ਰੈਲੀ ਵਿੱਚ ਉਨ੍ਹਾਂ ਦੇ ਅਧਿਆਪਕ ਵੀ ਪੰਜਾਬ ਭਰ ’ਚੋਂ ਸ਼ਾਮਲ ਹੋਣਗੇ।