ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪਾਵਰਕੌਮ ਟੀਮ ’ਤੇ ਹਮਲੇ ਖ਼ਿਲਾਫ਼ ਧਰਨਾ
ਗੁਰਬਖਸ਼ਪੁਰੀ
ਤਰਨ ਤਾਰਨ, 11 ਮਾਰਚ
ਪਾਵਰਕੌਮ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਇੱਥੇ ਅਦਾਰੇ ਦੇ ਸਥਾਨਕ ਦਿਹਾਤੀ ਮੰਡਲ ਦੇ ਐਕਸੀਅਨ ਦਫਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਖਪਤਕਾਰਾਂ ਵੱਲ ਖੜ੍ਹੀ ਬਕਾਇਆ ਰਕਮ ਦੀ ਕੋਈ ਹਫਤਾ ਕੁ ਪਹਿਲਾਂ ਉਗਰਾਹੀ ਕਰਨ ਵੇਈਂ ਪੂਈਂ ਪਿੰਡ ਗਈ ਟੀਮ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਅੱਜ ਤੱਕ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ| ਮੁਲਾਜ਼ਮ ਜਥੇਬੰਦੀਆਂ ਨੇ ਇਸ ਮਾਮਲੇ ਸਬੰਧੀ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਨਾਲ ਹੀ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇਸ ਮੰਦਭਾਗੀ ਘਟਨਾ ਬਾਰੇ ਦਿਖਾਈ ਜਾ ਰਹੀ ਕਥਿਤ ਗੈਰ ਸੰਜੀਦਗੀ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਬੰਦੀਆਂ ਨੇ ਇਨਸਾਫ਼ ਨਾ ਮਿਲਣ ਤੱਕ ਹਲਕੇ ਅਧੀਨ ਪੈਦੀਆਂ ਭਿੱਖੀਵਿੰਡ, ਪੱਟੀ, ਬਿਆਸ, ਸ਼ਹਿਰੀ ਅਤੇ ਦਿਹਾਤੀ ਮੰਡਲਾਂ ਵਿੱਚ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਦੀ ਉਗਰਾਹੀ ਅਤੇ ਬਿਜਲੀ ਚੋਰੀ ਫੜਨ ਦਾ ਕੰਮ ਅਣਮਿੱਥੇ ਸਮੇਂ ਤੱਕ ਠੱਪ ਕਰਨ ਦਾ ਐਲਾਨ ਕੀਤਾ| ਇਸ ਮੌਕੇ ਜਥੇਬੰਦੀਆਂ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਲਖਵੰਤ ਸਿੰਘ ਦਿਉਲ, ਗੁਰਭੇਜ ਸਿੰਘ ਢਿੱਲੋਂ, ਮੇਜਰ ਸਿੰਘ ਮੱਲੀਆ, ਪੂਰਨ ਦਾਸ, ਮੰਗਲ ਸਿੰਘ ਨਾਗੋਕੇ, ਲਖਵਿੰਦਰ ਸਿੰਘ ਬਹਿਲਾ, ਮੁਖਤਾਰ ਸਿੰਘ ਪੱਟੀ, ਦਿਲਬਾਗ ਸਿੰਘ ਭੁੱਲਰ ਤੋਂ ਇਲਾਵਾ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਪੂਰਨ ਸਿੰਘ ਮਾੜੀਮੇਘਾ, ਗੁਰਪ੍ਰੀਤ ਸਿੰਘ ਮੰਨਣ, ਬਲਵਿੰਦਰ ਸਿੰਘ ਪਲਾਸੌਰ, ਨਰਿੰਦਰ ਬੇਦੀ, ਲਖਬੀਰ ਸਿੰਘ ਸੰਧੂ, ਲਖਬੀਰ ਸਿੰਘ ਰੈਸੀਆਣਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਆਦਿ ਨੇ ਕਿਹਾ ਕਿ ਇਨਸਾਫ਼ ਲੈਣ ਲਈ ਸੰਘਰਸ਼ ਜਾਰੀ ਰਹੇਗਾ| ਪੁਲੀਸ ਨੇ ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਕਾਰਵਾਈ ਕਰਨ ਦਾ ਯਕੀਨ ਦਿੱਤਾ ਹੈ|