ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜਨਵਰੀ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਅਗਵਾਈ ਹੇਠ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਅਤੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ’ਤੇ ਅੜੀਅਲ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ।
ਸਾਂਝੇ ਫਰੰਟ ਦੇ ਸੱਦੇ ’ਤੇ ਪੁੱਜੇ ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸਾਂਝੇ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕੰਪਿਊਟਰ ਅਧਿਆਪਕ ਨੂੰ ਛੇਵੇਂ ਪੇਅ ਕਮਿਸ਼ਨ ਦੇ ਲਾਭ ਦੇਣ, ਰੋਕੇ ਡੀਏ ਦੇ ਬਕਾਏ ਦੇਣ, ਸਿਵਲ ਸਰਵਿਸ ਨਿਯਮਾਂ ਨੂੰ ਲਾਗੂ ਕਰਨ ਸਮੇਤ ਮੋਰਚੇ ਦੀਆਂ ਸਮੁੱਚੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਵਾਂ, ਗਗਨਦੀਪ ਸਿੰਘ ਬਠਿੰਡਾ, ਚਮਕੌਰ ਸਿੰਘ ਸਰਾਂ, ਕਰਮਜੀਤ ਸਿੰਘ ਬੀਹਲਾ, ਹਰਦੀਪ ਟੋਡਰਪੁਰ, ਅਵਤਾਰ ਸਿੰਘ ਗਗੜਾ, ਬਲਦੇਵ ਸਿੰਘ ਧੌਲਾ, ਦਰਸ਼ਨ ਕੁਮਾਰ, ਸ੍ਰੀ ਨਿਵਾਸ, ਗੁਰਧਿਆਨ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਮੁਲਾਜ਼ਮ ਫਰੰਟ ’ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ, ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ, ਛੇਵੇਂ ਪੇਅ ਕਮੀਸ਼ਨ ਦੇ ਬਕਾਏ ਜਾਰੀ ਕਰਨ, ਪੈਨਸ਼ਨਰਾਂ ਨੂੰ 2.59 ਦੇ ਫੈਕਟਰ ਅਨੁਸਾਰ ਪੈਨਸ਼ਨਾਂ ਫਿਕਸ ਕਰਨ, 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਪੇਅ ਸਕੇਲ ਲਾਗੂ ਕਰਨ, ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਰੋਕੇ ਸਮੁੱਚੇ ਭੱਤੇ ਬਹਾਲ ਕਰਨ, ਰੋਕੇ ਗਏ ਏਸੀਪੀ ਨੂੰ ਬਹਾਲ ਕਰਨ ਅਤੇ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਸਮੇਤ ਆਦਿ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਆਪ ਸਰਕਾਰ ਨੇ ਢੀਠਤਾਈ ਨਾਲ਼ ਘੇਸਲ ਵੱਟੀ ਹੋਈ ਹੈ। ਕੈਬਨਿਟ ਸਬ ਕਮੇਟੀ ਪੰਜਾਬ ਦੀ ਵਿੱਤੀ ਹਾਲਤ ਦੀ ਹਾਲ ਦੁਹਾਈ ਪਾਉਣ ਤੱਕ ਸੀਮਤ ਹੈ ਅਤੇ ਮੁਲਾਜ਼ਮਾਂ ਦੀ ਇੱਕ ਵੀ ਪ੍ਰਮੁੱਖ ਮੰਗ ਪੂਰੀ ਕਰਨ ਵਿੱਚ ਫੇਲ ਸਾਬਤ ਹੋਈ ਹੈ। ਮੁਲਾਜ਼ਮ ਆਗੂਆਂ ਸੁਖਮੰਦਰ ਸਿੰਘ ਮੋਗਾ, ਅਤਿੰਦਰਪਾਲ ਘੱਗਾ, ਮੇਲਾ ਸਿੰਘ ਪੁੰਨਾਵਾਲ, ਫ਼ਕੀਰ ਸਿੰਘ ਟਿੱਬਾ, ਬਿੱਕਰ ਸਿੰਘ ਮੋਗਾ, ਗੁਰਪ੍ਰੀਤ ਮੰਗਵਾਲ, ਹਰਜੀਤ ਸਿੰਘ ਬਾਲੀਆਂ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਦੀ ਸੰਘਰਸ਼ੀ ਰਣਨੀਤੀ ਉਲੀਕੀ ਗਈ ਹੈ ਜਿਸ ਤਹਿਤ ਲਗਾਤਾਰ ਚਾਰ ਦਿਨ ਰੈਲੀਆਂ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।