ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਨੌਜਵਾਨ ਦਾ ਸਸਕਾਰ
ਪੱਤਰ ਪ੍ਰੇਕ
ਧਰਮਕੋਟ, 1 ਫਰਵਰੀ
ਪਿੰਡ ਅਮਰਗੜ੍ਹ ਬਾਡੀਆਂ ਦੇ ਨੌਜਵਾਨ ਅੰਮ੍ਰਿਤਪਾਲ ਦੀ ਦੋ ਦਿਨ ਪਹਿਲਾਂ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਨੂੰ ਕੋਟ ਈਸੇ ਖਾਂ ਦੀ ਪੁਲੀਸ ਨੇ ਅੱਜ ਸੁਲਝਾ ਲਿਆ ਹੈ। ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਗੁਰਪ੍ਰੀਤ ਸਿੰਘ ਗੋਪੀ ਵਾਸੀ ਸ਼ੇਰਪੁਰ ਨੂੰ ਅੱਜ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੱਲ੍ਹ ਪਰਿਵਾਰ ਨੇ ਲਾਸ਼ ਮੋਗਾ-ਅੰਮ੍ਰਿਤਸਰ ਰਾਜ ਮਾਰਗ ਉੱਤੇ ਰੱਖ ਕੇ ਧਰਨਾ ਲਾ ਦਿੱਤਾ ਸੀ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਧਰਨੇ ’ਤੇ ਡਟੇ ਰਹਿਣ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਹੀ ਹੱਦਬੰਦੀ ਨੂੰ ਲੈ ਕੇ ਕੋਟ ਈਸੇ ਖਾਂ ਤੇ ਥਾਣਾ ਸਦਰ ਜ਼ੀਰਾ ਦੀ ਪੁਲੀਸ ਆਹਮੋ-ਸਾਹਮਣੇ ਆ ਗਈ ਸੀ। ਅੱਜ ਇਸ ਨਾਟਕੀ ਘਟਨਾਕ੍ਰਮ ਦੇ ਚੱਲਦਿਆਂ ਕੋਟ ਈਸੇ ਖਾਂ ਪੁਲੀਸ ਨੇ ਨਾਮਜ਼ਦ ਮੁਲਅਜ਼ਮ ਨੂੰ ਕਾਬੂ ਕਰ ਕੇ ਪੀੜਤ ਪਰਿਵਾਰ ਨੂੰ ਭਰੋਸੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਪਰਿਵਾਰ ਸਸਕਾਰ ਲਈ ਰਾਜ਼ੀ ਹੋ ਗਿਆ। ਥਾਣਾ ਸਦਰ ਜ਼ੀਰਾ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਦਰਜ ਕੀਤੀ ਐੱਫਆਈਆਰ ਨੂੰ ਥਾਣਾ ਕੋਟ ਈਸੇ ਖਾਂ ਨੇ ਸਟੈਂਡ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੋਟ ਈਸੇ ਖਾਂ ਪੁਲੀਸ ਨੇ ਕੱਲ੍ਹ ਮਾਮਲੇ ਨੂੰ ਉਲਝਾ ਦਿੱਤਾ ਸੀ। ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਹੱਦਬੰਦੀ ਨੂੰ ਲੈ ਕੇ ਦੋਹਾਂ ਜ਼ਿਲ੍ਹਿਆਂ ਦੀ ਪੁਲੀਸ ਵਿੱਚ ਗਲਤ-ਫਹਿਮੀ ਪੈਦਾ ਹੋ ਗਈ ਸੀ, ਜਿਸ ਨੂੰ ਦੂਰ ਕਰ ਲਿਆ ਗਿਆ ਹੈ।