ਪੱਤਰ ਪ੍ਰੇਰਕਸਮਾਣਾ, 27 ਜੂਨਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤੇ ਗਏ ਬਲਵੀਰ ਸਿੰਘ ਵਾਸੀ ਪਿੰਡ ਘੰਗਰੌਲੀ ਤੋਂ ਪੁਲੀਸ ਰਿਮਾਂਡ ਦੌਰਾਨ ਕੀਤੀ ਗਈ ਪੁੱਛ ਪੜਤਾਲ ਦੌਰਾਨ ਚੋਰੀ ਦੇ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ, ਜਿਸ ਨਾਲ ਚੋਰੀ ਦੇ ਬਰਾਮਦ ਮੋਟਰਸਾਈਕਲਾਂ ਦੀ ਗਿਣਤੀ ਕੁੱਲ ਤਿੰਨ ਹੋ ਗਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਰਾਜਵੀਰ ਸਿੰਘ ਨੇ ਦੱਸਿਆ ਕਿ 20 ਜੂਨ ਨੂੰ ਸਿਵਲ ਹਸਪਤਾਲ ਸਮਾਣਾ ਦੇ ਬਾਹਰ ਖੜ੍ਹਾ ਕੀਤਾ ਗਿਆ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਬਲਵੀਰ ਸਿੰਘ ਵਾਸੀ ਪਿੰਡ ਘੰਗਰੌਲੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਚੋਰੀ ਕੀਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਸੀ। ਮੁਲਜ਼ਮ ਤੋਂ ਪੁੱਛ ਪੜਤਾਲ ਦੌਰਾਨ ਚੀਕਾ ਰੋਡ ’ਤੇ ਰਜਵਾਹੇ ਨੇੜੇ ਖੰਡਰ ਵਿੱਚ ਲੁਕਾ ਕੇ ਰੱਖੇ ਦੋ ਹੋਰ ਮੋਟਰਸਾਈਕਲ ਬਰਾਮਦ ਕਰਵਾਏ ਗਏ। ਅਧਿਕਾਰੀ ਅਨੁਸਾਰ ਪੁਲੀਸ ਰਿਮਾਂਡ ਪੂਰਾ ਹੋਣ ਮਗਰੋਂ ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।