ਮੁਰਸ਼ਿਦਾਬਾਦ ’ਚ ਹਿੰਸਾ ਰੋਕਣ ਲਈ ਸੁਰੱਖਿਆ ਬਲ ਮੁਸਤੈਦ
ਕੋਲਕਾਤਾ, 15 ਅਪਰੈਲ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਵਕਫ਼ (ਸੋਧ) ਐਕਟ ਖ਼ਿਲਾਫ਼ ਹਿੰਸਾ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗੀਪੁਰ, ਧੂਲੀਆਂ, ਸੂਤੀ ਅਤੇ ਸ਼ਮਸ਼ੇਰਗੰਜ ਵਿੱਚ ਬੀਐੱਸਐੱਫ, ਸੀਆਰਪੀਐੱਫ ਅਤੇ ਆਰਏਐੱਫ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਇਲਾਕਿਆਂ ਵਿੱਚ ਪਿਛਲੇ 48 ਘੰਟਿਆਂ ’ਚ ਕੋਈ ਨਵੀਂ ਘਟਨਾ ਨਹੀਂ ਵਾਪਰੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਸ ਵੱਲੋਂ ਮਾਮਲੇ ਦੀ ਜਾਂਚ ਲਈ ਟੀਮ ਭੇਜੀ ਜਾਵੇਗੀ, ਜੋ ਤਿੰਨ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਪੁਲੀਸ ਨੇ ਕਿਹਾ ਕਿ ਮੁਰਸ਼ਿਦਾਬਾਦ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਇਲਾਕੇ ਵਿੱਚ ਦੁਕਾਨਾਂ ਮੁੜ ਖੁੱਲ੍ਹਣ ਲੱਗੀਆਂ ਹਨ। ਵਕਫ਼ (ਸੋਧ) ਐਕਟ ਖ਼ਿਲਾਫ਼ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਸੂਤੀ, ਧੂਲੀਆਂ ਅਤੇ ਜੰਗੀਪੁਰ ਸਮੇਤ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹਿੰਸਾ ਵਾਪਰੀ, ਜਿਸ ਵਿੱਚ ਘੱਟੋ-ਘੱਟ ਤਿੰਨ ਵਿਅਕਤੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਜੰਗੀਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਖਲੀਲੁਰ ਰਹਿਮਾਨ ਨੇ ਕਿਹਾ, ‘ਬਹੁਤ ਸਾਰੇ ਲੋਕ, ਜੋ ਆਪੋ-ਆਪਣੇ ਘਰ ਛੱਡ ਕੇ ਚਲੇ ਗਏ ਸਨ, ਵਾਪਸ ਆ ਰਹੇ ਹਨ ਅਤੇ ਹਿੰਸਾ ਪ੍ਰਭਾਵਿਤ ਸਾਰੇ ਇਲਾਕਿਆਂ ਵਿੱਚ ਹਾਲਾਤ ਆਮ ਵਾਂਗ ਹੋ ਰਹੇ ਹਨ। -ਪੀਟੀਆਈ
ਦੰਗਾਕਾਰੀਆਂ ਦਾ ਇੱਕੋ-ਇੱਕ ਇਲਾਜ ‘ਡੰਡਾ’: ਯੋਗੀ
ਹਰਦੋਈ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹੋਈ ਹਿੰਸਾ ਬਾਰੇ ਕਿਹਾ ਕਿ ਬੰਗਾਲ ਸੜ ਰਿਹਾ ਹੈ ਪਰ ਇਸ ਦੀ ਮੁੱਖ ਮੰਤਰੀ ਚੁੱਪ ਹੈ ਅਤੇ ਦੰਗਾਕਾਰੀਆਂ ਨੂੰ ‘ਸ਼ਾਂਤੀ ਦਾ ਦੂਤ’ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਦਾ ਇੱਕੋ ਇੱਕ ਇਲਾਜ ‘ਡੰਡਾ’ ਹੈ ਕਿਉਂਕਿ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।’ ਉਨ੍ਹਾਂ ਹਿੰਸਾ ਦੇ ਮੁੱਦੇ ’ਤੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੀ ਚੁੱਪ ’ਤੇ ਵੀ ਸਵਾਲ ਚੁੱਕੇ। -ਪੀਟੀਆਈ
ਰਿਜਿਜੂ ਵੱਲੋਂ ਮਮਤਾ ’ਤੇ ਹਿੰਸਾ ਭੜਕਾਉਣ ਦਾ ਦੋਸ਼
ਕੋਚੀ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਹ ਕਹਿ ਕੇ ਹਿੰਸਾ ਭੜਕਾ ਰਹੀ ਹੈ ਕਿ ਲੋਕ ਵਕਫ ਐਕਟ ਖ਼ਿਲਾਫ਼ ਪ੍ਰਦਰਸ਼ਨ ਕਰਨ ਅਤੇ ਉਹ ਇਹ ਕਾਨੂੰਨ ਆਪਣੇ ਸੂਬੇ ਵਿੱਚ ਲਾਗੂ ਨਹੀਂ ਕਰੇਗੀ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸੰਸਦ ਵੱਲੋਂ ਪਾਸ ਕੀਤੇ ਗਏ ਵਕਫ ਸੋਧ ਐਕਟ ਨੂੰ ਸੂਬੇ ਵਿੱਚ ਲਾਗੂ ਨਾ ਕਰਨ ਦਾ ਐਲਾਨ ਕਿਵੇਂ ਕਰ ਸਕਦੀ ਹੈ। -ਪੀਟੀਆਈ