ਸੱਤ ਪ੍ਰਕਾਸ਼ ਸਿੰਗਲਾਬਰੇਟਾ ਲਾਗੇ ਪੈਂਦਾ ਪਿੰਡ ਕਿਸ਼ਨਗੜ੍ਹ ਜਿ਼ਲ੍ਹਾ ਮਾਨਸਾ ਦਾ ਉਹ ਪਿੰਡ ਹੈ ਜਿਸ ਨੂੰ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਲਹਿਰ ਅਧੀਨ ਆਉਂਦੇ 784 ਪਿੰਡਾਂ ਵਿੱਚੋਂ ਪ੍ਰਸਿੱਧ ਹੋਇਆ। ਆਜ਼ਾਦ ਭਾਰਤ ਦੀ ਫ਼ੌਜ ਨੇ ਮੁਜ਼ਾਰਿਆਂ ਨੂੰ ਖਦੇੜਨ ਲਈ ਇਸ ਪਿੰਡ ਉੱਤੇ 19 ਮਾਰਚ 1949 ਨੂੰ ਧਾਵਾ ਬੋਲਿਆ ਸੀ। ਉਸ ਸਮੇਂ ਮੁਜ਼ਾਰਾ ਲਹਿਰ ਲਾਲ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੀ ਸੀ। ਲਾਲ ਪਾਰਟੀ 8 ਜਨਵਰੀ 1948 ਨੂੰ ਨਕੋਦਰ (ਜਿ਼ਲ੍ਹਾ ਜਲੰਧਰ) ਵਿੱਚ ਕਾਇਮ ਕੀਤੀ ਗਈ ਸੀ। ਲਾਲ ਪਾਰਟੀ ਦੇ ਸਕੱਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਪੰਜਾਬ ਇਕਾਈ ਸਕੱਤਰ ਕਾਮਰੇਡ ਚੈਨ ਸਿੰਘ ਚੈਨ ਸਨ। ਮੁਜ਼ਾਰਾ ਘੋਲ ਹੋਰ ਤੇਜ਼ ਕਰਨ ਲਈ ਮੁਜ਼ਾਰਾ ਵਾਰ ਕੌਂਸਲ ਕਾਇਮ ਕੀਤੀ ਗਈ ਅਤੇ ਪੈਪਸੂ ਕਿਸਾਨ ਸਭਾ ਵੀ ਬਣਾਈ ਗਈ। ਵਿਸਵੇਦਾਰਾਂ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਹਥਿਆਰਬੰਦ ਗੁਰੀਲਾ ਦਸਤਾ ਵੀ ਬਣਾਇਆ ਗਿਆ। ਇਸ ਦੇ ਮੋਹਰੀ ਕਾਮਰੇਡ ਪਿਰਥਾ ਸਿੰਘ ਅਤੇ ਜਰਨੈਲ ਗਿਆਨੀ ਬਚਨ ਸਿੰਘ ਬਖਸ਼ੀਵਾਲਾ ਸਨ।ਮੁਜ਼ਾਰਾ ਘੋਲ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਮੁਜ਼ਾਰੇ ਕਿਸਾਨ ਜ਼ਮੀਨ ’ਤੇ ਆਪਣਾ ਹੱਕ ਜਤਾਉਂਦੇ ਸਨ ਪਰ ਵਿਸਵੇਦਾਰ ਜ਼ਮੀਨ ਉੱਤੇ ਆਪਣੀ ਮਾਲਕੀ ਸਮਝਦੇ ਸਨ ਕਿਉਕਿ ਰਿਆਸਤਾਂ ਦੇ ਰਾਜੇ ਉਹਨਾਂ ਦੀ ਹੀ ਗੱਲ ਸੁਣਦੇ ਸਨ। ਮੁਜ਼ਾਰਿਆਂ ਨੂੰ ਹਰ ਤਰ੍ਹਾਂ ਦਬਾ ਕੇ ਰੱਖਿਆ ਜਾਂਦਾ ਸੀ। ਮੁਜ਼ਾਰਾ ਘੋਲ ਦੀ ਬਦੌਲਤ ਕਈ ਕਮੇਟੀਆਂ ਅਤੇ ਕਮਿਸ਼ਨ ਬਣੇ ਪਰ ਇਹ ਮੁਜ਼ਾਰਿਆਂ ਨੂੰ ਸੰਤੁਸ਼ਟ ਨਾ ਕਰ ਸਕੇ। 11 ਮਾਰਚ 1947 ਨੂੰ ਪਟਿਆਲਾ ਗ਼ਜ਼ਟ ਵਿੱਚ ਫ਼ਰਮਾਨ ਛਾਪਿਆ ਜਿਸ ਅਨੁਸਾਰ, ਦਫਾ 5 ਦੇ ਮਰੂਸ ਮੁਜ਼ਾਰੇ ਚੌਥੇ ਹਿੱਸੇ ਦੀ ਜ਼ਮੀਨ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ ਅਤੇ ਦੂਜੇ ਮੁਜ਼ਾਰੇ 5 ਹਿੱਸਿਆਂ ਵਿੱਚੋਂ 2 ਹਿੱਸੇ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸੀ। ਬਟਾਈ ਦੇ ਬਕਾਏ ਦੇਣ ਦੀ ਵੀ ਸ਼ਰਤ ਰੱਖੀ ਸੀ। ਇਸ ਫ਼ਰਮਾਨ ’ਤੇ ਵਿਚਾਰ ਕਰਨ ਲਈ ਮੁਜ਼ਾਰਾ ਵਾਰ ਕੌਂਸਲ ਅਤੇ ਪੈਪਸੂ ਕਿਸਨ ਸਭਾ ਦੀ ਗੁਪਤ ਮੀਟਿੰਗ ਰਾਤ ਨੂੰ ਪਿੰਡ ਖੜਕ ਸਿੰਘ ਵਾਲਾ ਦੇ ਖੇਤਾਂ ਵਿੱਚ ਹੋਈ। ਡੂੰਘੀਆਂ ਵਿਚਾਰਾਂ ਤੋਂ ਬਾਅਦ ਇਹ ਫ਼ਰਮਾਨ ਰੱਦ ਕਰ ਦਿੱਤਾ। ਵਿਸਵੇਦਾਰ ਇਸ ਨੂੰ ਲਾਗੂ ਕਰਵਾਉਣਾ ਚਾਹੁੰਦੇ ਸਨ। ਮੁਜ਼ਾਰੇ ਇਸ ਦੇ ਵਿਰੋਧ ਵਿੱਚ ਨਿੱਤਰ ਰਹੇ ਸਨ।ਇਸ ਸਮਂੇ ਦੇਸ਼ ਆਜ਼ਾਦ ਹੋ ਗਿਆ ਅਤੇ ਭਾਰਤ ਦੇ ਗ੍ਰਹਿ ਮੰਤਰੀ ਬੱਲਭ ਭਾਈ ਪਟੇਲ ਨੇ ਅੱਠ ਰਿਆਸਤਾਂ ਮਿਲਾ ਕੇ 15 ਜੁਲਾਈ 1948 ਨੂੰ ਪੈਪਸੂ ਕਾਇਮ ਕਰ ਦਿੱਤਾ। ਗਿਆਨ ਸਿੰਘ ਰਾੜੇ ਵਾਲੇ ਨੂੰ ਨਾਮਜ਼ਦ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ ਜੋ ਮਹਾਰਾਜਾ ਯਾਦਵਿੰਦਰ ਸਿੰਘ ਦਾ ਮਾਮਾ ਸੀ। ਯਾਦਵਿੰਦਰ ਸਿੰਘ ਨੂੰ ਪੈਪਸੂ ਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ। ਇਹ ਨਵੀਂ ਸਰਕਾਰ ਵੀ ਪੁਰਾਣਾ ਕਾਨੂੰਨ ਲਾਗੂ ਕਰਵਾਉਣਾ ਚਾਹੁੰਦੀ ਸੀ। ਇਉਂ, ਟਕਰਾਅ ਵਾਲਾ ਮਾਹੌਲ ਸੀ। ਕਈ ਪਿੰਡਾਂ ਵਿੱਚ ਘਟਨਾਵਾਂ ਵਾਪਰੀਆਂ ਸਨ; ਜਿਵੇ 11 ਅਪਰੈਲ 1947 ਨੂੰ ਕਾਲਵੰਜਾਰਾ (ਸੰਗਰੂਰ) ਵਿੱਚ ਵਿਸਵੇਦਾਰ ਅਤੇ ਮੁਜ਼ਾਰਿਆਂ ਦੀ ਲੜਾਈ ਹੋਈ, 5 ਮੁਜ਼ਾਰੇ ਮਾਰੇ ਗਏ ਅਤੇ 7 ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ 3 ਜੂਨ 1947 ਨੂੰ ਪਿੰਡ ਕਸਾਈਵਾੜੇ 2 ਮੁਜ਼ਾਰੇ ਗੋਲੀਆਂ ਨਾਲ ਜ਼ਖ਼ਮੀ ਕਰ ਦਿੱਤੇ।26 ਅਕਤੂਬਰ 1947 ਨੂੰ ਪਿੰਡ ਬਖੋਰਾ ਕਲਾਂ ਵਿੱਚ ਭਾਰੀ ਪੁਲੀਸ ਅਤੇ ਗੁੰਡਿਆਂ ਨਾਲ ਹਮਲਾ ਕਰ ਕੇ ਖੇਤਾਂ ’ਤੇ ਕਬਜ਼ਾ ਕਰ ਲਿਆ, ਕਪਾਹ ਦੀ ਚੁਗਾਈ ਸ਼ੁਰੂ ਕਰ ਦਿੱਤੀ ਪਰ ਆਲੇ-ਦੁਆਲੇ ਦੇ ਪਿੰਡਾਂ ਦੇ ਮੁਜ਼ਾਰੇ ਪਿੰਡ ਵਿੱਚ ਇਕੱਠੇ ਹੋ ਕੇ ਬਚਨ ਸਿੰਘ ਬਖ਼ਸ਼ੀਵਾਲਾ ਦੀ ਅਗਵਾਈ ਵਿੱਚ ਪੁਲੀਸ ਅਤੇ ਗੁੰਡਿਆਂ ਨੂੰ ਭਜਾ ਦਿੱਤਾ ਗਿਆ। ਇਸੇ ਤਰ੍ਹਾਂ ਕਿਸ਼ਨਗੜ੍ਹ ਦੇ ਵਿਸਵੇਦਾਰਾਂ ਵਿੱਚੋਂ ਸਿਆਸਤ ਸਿੰਘ (ਬਠਿੰਡਾ) ਐੱਸਪੀ ਸਨ ਅਤੇ ਉਨ੍ਹਾਂ ਦੇ ਭਰਾ ਭਗਵਾਨ ਸਿੰਘ ਨੇ ਵੀ ਮਾਲ ਮਹਿਕਮੇ ਦੇ ਅਫਸਰਾਂ ਅਤੇ ਪੁਲੀਸ ਦੀ ਸਹਾਇਤਾ ਨਾਲ ਸ਼ਾਹੀ ਫਰਮਾਨ ਲਾਗੂ ਕਰਵਾਉਣ ਲਈ ਦਬਾਅ ਬਣਾਉਣਾ ਚਾਹਿਆ ਅਤੇ ਮੁਜ਼ਾਰਿਆਂ ਦੀਆਂ ਖੜ੍ਹੀਆਂ ਫਸਲਾਂ ’ਤੇ ਕਬਜ਼ਾ ਕਰ ਲਿਆ। ਕਿਸ਼ਨਗੜ੍ਹ ਅਤੇ ਹੋਰ ਪਿੰਡਾਂ ਦੇ ਮੁਜ਼ਾਰਿਆਂ ਨੇ ਇਕੱਠੇ ਹੋ ਕੇ ਬਚਨ ਸਿੰਘ ਬਖ਼ਸ਼ੀਵਾਲਾ ਅਤੇ ਧਰਮ ਸਿੰਘ ਫੱਕਰ ਦੀ ਅਗਵਾਈ ਵਿੱਚ ਘੋਲ ਲੜਿਆ। 16 ਮਾਰਚ 1949 ਨੂੰ ਟਕਰਾਅ ਹੋ ਗਿਆ ਜਦੋਂ ਬਰੇਟਾ ਸਟੇਸ਼ਨ ’ਤੇ ਉੱਤਰ ਕੇ ਪੁਲੀਸ ਪਾਰਟੀ ਘੋੜਿਆਂ ’ਤੇ ਸਵਾਰ ਹੋ ਕੇ ਕਿਸ਼ਨਗੜ੍ਹ ਵੱਲ ਆ ਰਹੀ ਸੀ ਪਰ ਮੁਜ਼ਾਰਿਆਂ ਨੂੰ ਪੁਲੀਸ ਆਉਣ ਦੀ ਖ਼ਬਰ ਪਹਿਲਾਂ ਹੀ ਪਹੁੰਚ ਚੁੱਕੀ ਸੀ। ਕਾਫ਼ਲਾ ਕਿਸ਼ਨਗੜ੍ਹ ਪਹੁੰਚਣ ’ਤੇ ਮੁਜ਼ਾਰਿਆਂ ਨਾਲ ਸਾਹਮਣਾ ਹੋਇਆ। ਇਸ ਝੜਪ ਵਿੱਚ ਥਾਣੇਦਾਰ ਪ੍ਰਦੁਮਨ ਸਿੰਘ ਅਤੇ ਪਟਵਾਰੀ ਸੁਖਦੇਵ ਸਿੰਘ ਆਲੂਵਾਲੀਆ ਮਾਰੇ ਗਏ; ਬਾਕੀ ਸਭ ਭੱਜ ਗਏ। ਮੁਜ਼ਾਰਿਆਂ ਦੇ ਆਗੂਆਂ ਖਿ਼ਲਾਫ਼ ਕਤਲ ਅਤੇ ਅਨੇਕ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।ਇਸ ਬਗਾਵਤ ਦੀ ਖ਼ਬਰ ਡਿਪਟੀ ਕਮਿਸਨਰ (ਬਠਿੰਡਾ) ਰਾਹੀਂ ਗ੍ਰਹਿ ਸਕੱਤਰ ਪੈਪਸੂ ਪਟਿਆਲਾ ਨੂੰ ਭੇਜੀ ਗਈ। ਮਹਾਰਾਜੇ ਨੇ ਤੁਰੰਤ ਮਾਰਸ਼ਲ ਲਾਅ ਲਾ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। 19 ਮਾਰਚ 1949 ਦੀ ਸਵੇਰ ਹੋਣ ਤੋਂ ਪਹਿਲਾਂ ਪਿੰਡ ਨੂੰ ਘੇਰਾ ਪਾ ਲਿਆ ਗਿਆ। ਫ਼ੌਜ ਦੀ ਅਗਵਾਈ ਮੇਜਰ ਗੁਰਦਿਅਲ ਸਿੰਘ ਬਰਾੜ ਕਰ ਰਹੇ ਸਨ। ਕਿਹਾ ਗਿਆ ਕਿ ਪਿੰਡ ਵਾਸੀ ਵਿਸਵੇਦਾਰਾਂ ਦੀ ਹਵੇਲੀ ਇਕੱਠੇ ਹੋਣ, ਨਹੀਂ ਤਾਂ ਪਿੰਡ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇਗਾ ਪਰ ਲੋਕ ਘਰਾਂ ਦੀਆਂ ਛੱਤਾਂ ਉਪਰ ਚੜ੍ਹ ਗਏ। ਪਿੰਡ ਦਾ ਮਾਹੌਲ ਤਣਾਅ ਵਾਲਾ ਬਣ ਗਿਆ। ਫ਼ੌਜ ਨੇ ਕੁਝ ਤੋਪ ਗੋਲੇ ਦਾਗੇ, ਇੱਕ ਗੋਲਾ ਧਰਮਸਾਲਾ ਵਿੱਚ ਜਾ ਡਿੱਗਿਆ ਜਿੱਥੇ ਬਰਾਤ ਠਹਿਰੀ ਹੋਈ ਸੀ। ਇੱਕ ਬਰਾਤੀ ਮਾਰਿਆ ਗਿਆ।ਇਸ ਤੋਂ ਬਾਅਦ ਸਾਰੇ ਪਿੰਡ ਵਾਸੀਆਂ ਨੂੰ ਵਿਸਵੇਦਾਰਾਂ ਦੀ ਹਵੇਲੀ ਵਿੱਚ ਇੱਕਠਾ ਕਰ ਲਿਆ ਗਿਆ ਅਤੇ ਫੌਜ ਤੇ ਪੁਲੀਸ ਨੇ ਸਾਰੇ ਪਿੰਡ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ; ਘਰ-ਘਰ ਦੀ ਤਲਾਸ਼ੀ ਲਈ। ਗਸ਼ਤ ਦੌਰਾਨ ਇੱਕ ਘਰ ਵਿੱਚ ਰਾਮ ਸਿੰਘ ਬਾਗ਼ੀ ਅਤੇ ਉਸ ਦੇ 2 ਸਾਥੀ ਲੁਕੇ ਹੋਏ ਸਨ। ਫ਼ੌਜ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਪਰ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਸੌ ਦੇ ਕਰੀਬ ਪਿੰਡ ਵਾਸੀਆਂ ਅਤੇ ਹੋਰਾਂ ਨੂੰ ਰੋਕ ਕੇ ਬਾਕੀਆਂ ਨੂੰ ਘਰ ਜਾਣ ਦਿੱਤਾ ਗਿਆ। ਇਨ੍ਹਾਂ ਦੀ ਛਾਣਬੀਣ ਕਰ ਕੇ ਸੂਚੀ ਤਿਆਰ ਕੀਤੀ ਜਾਣ ਲੱਗੀ। ਜਦੋਂ ਧਰਮ ਸਿੰਘ ਫੱਕਰ ਨੇ ਆਪਣਾ ਨਾਂ ਲਿਖਵਾਇਆ ਤਾਂ ਡਿਪਟੀ ਕਮਿਸ਼ਨਰ ਨੇ ਪੁਲੀਸ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਪਰ ਮੇਜਰ ਗੁਰਦਿਆਲ ਸਿੰਘ ਬਰਾੜ ਨੇ ਤੁਰੰਤ ਰੋਕ ਦਿੱਤਾ ਅਤੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਧਰਮ ਸਿੰਘ ਸਾਡੀ ਹਿਰਾਸਤ ਵਿੱਚ ਹੈ, ਤੁਸੀਂ ਇਸ ਨੂੰ ਗੋਲੀ ਨਹੀਂ ਮਾਰ ਸਕਦੇ। 24 ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ 19 ਕਿਸ਼ਨਗੜ੍ਹ ਵਾਸੀ ਸਨ।ਇਸ ਘਟਨਾ ਨੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਘਟਨਾ ਬਾਰੇ ਅੰਬਾਲੇ ਤੋਂ ਛਪਦੇ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਨੇ ਸੰਪਾਦਕੀ ਛਾਪਿਆ। ਸਾਰੀਆਂ ਰਾਜਸੀ ਪਾਰਟੀਆਂ ਨੇ ਬੜੇ ਤਿੱਖੇ ਪ੍ਰਤੀਕਰਮ ਦਿੱਤੇ। ਕਾਂਗਰਸ ਆਗੂ ਬਾਬੂ ਬ੍ਰਿਸ਼ਭਾਨ ਅਤੇ ਅਕਾਲੀ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਵਿੱਚ ਪੜਤਾਲੀਆ ਕਮੇਟੀ ਬਣਾਈ। ਗ੍ਰਿਫ਼ਤਾਰ ਮੁਜ਼ਾਰਾ ਆਗੂਆਂ ਅਤੇ ਹੋਰਨਾਂ ਦਾ ਕੇਸ ਲੜਨ ਲਈ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਡਿਫੈਂਸ ਕਮੇਟੀ ਬਣਾਈ। ਇਸ ਘਟਨਾ ਨੇ ਮੁਜ਼ਾਰਾ ਵਾਰ ਕੌਂਸਲ ਨੇ ਆਪਣੀ ਪੁਜ਼ੀਸ਼ਨ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ। ਹੋਰ ਹਥਿਆਰਬੰਦ ਵਲੰਟੀਅਰਾਂ ਨੂੰ ਸਿਖਲਾਈ ਦੇ ਕੇ ਤਿਆਰ ਕਰਨ ਲਈ ਪ੍ਰੋਗਰਾਮ ਬਣਾਇਆ ਅਤੇ ਵਿਸਵੇਦਾਰ ਦੇ ਗੁੰਡਿਆਂ ਨੂੰ ਸਿੱਧੀ ਟੱਕਰ ਦੇਣ ਦੀ ਨੀਤੀ ਬਣਾਈ ਗਈ।ਸਤੰਬਰ 1956 ਨੂੰ ਸਾਰੇ ਆਗੂ ਬਰੀ ਹੋ ਗਏ। ਪਰਜਾ ਮੰਡਲ, ਲਾਲ ਪਾਰਟੀ, ਮੁਜ਼ਾਰਾ ਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦਾ ਪ੍ਰਤੀਨਿਧ ਮੰਡਲ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਅਤੇ ਮੁਜ਼ਾਰਿਆਂ ’ਤੇ ਹੋ ਰਹੇ ਜ਼ੁਲਮ ਬਾਰੇ ਯਾਦ ਪੱਤਰ ਦਿੱਤਾ ਜਿਸ ਨਾਲ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਭੰਗ ਹੋ ਗਈ ਅਤੇ ਕੇਂਦਰ ਨੇ ਪੈਪਸੂ ਦਾ ਰਾਜ ਪ੍ਰਬੰਧ ਚਲਾਉਣ ਲਈ ਪੀਐੱਸ ਰਾਓ ਨੂੰ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ। ਰਾਓ ਨੇ ਪੜਤਾਲ ਕੀਤੀ ਅਤੇ ਕਿਹਾ ਕਿ ਪਿੰਡ ਵਾਲਿਆਂ ਨੇ ਕੋਈ ਬਗਾਵਤ ਨਹੀਂ ਕੀਤੀ ਸਗੋਂ ਰੋਟੀ ਦਾ ਮਸਲਾ ਸੀ, ਵਿਸਵੇਦਾਰ ਮੁਜ਼ਾਰਿਆਂ ਦੀ ਜ਼ਮੀਨ ਖੋਹਣਾ ਚਾਹੁੰਦੇ ਸਨ ਜੋ ਉਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਸੀ। 1953 ਵਿੱਚ ਤਿੰਨ ਕਾਨੂੰਨ ਬਣਾਏ ਗਏ: 1) ਆਲ੍ਹਾ ਮਾਲਕੀ ਹੱਕਾਂ ਦੇ ਖ਼ਾਤਮੇ ਸਬੰਧੀ ਕਾਨੂੰਨ; 2) ਮਰੂਸੀ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੇਣ ਲਈ ਕਾਨੂੰਨ; 3) ਮੁਜ਼ਾਰਾ ਤੇ ਖੇਤੀਬਾੜੀ ਕਮਿਸ਼ਨ ਕਾਨੂੰਨ। ਇਨ੍ਹਾਂ ਕਾਨੂੰਨਾਂ ਨਾਲ ਮੁਜ਼ਾਰਿਆਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਗਈਆਂ। ਮੁਜਾਰਿਆਂ ਤੋਂ ਮਾਲੀ ਹਾਲੇ ਦਾ 12 ਗੁਣਾ ਲੈ ਕੇ ਮਾਲਕੀ ਹੱਕ ਦਿੱਤੇ ਗਏ ਅਤੇ ਦੂਜੇ ਮੁਜ਼ਾਰਿਆਂ ਨੂੰ ਨਹਿਰੀ ਜ਼ਮੀਨ ਦਾ 32 ਅਤੇ ਬਾਕੀ 14 ਬਿੱਘਾ ਮੁਆਵਜ਼ਾ ਲੈ ਕੇ ਮਾਲਕੀ ਹੱਕ ਦਿੱਤੇ ਗਏ। ਇਉਂ ਮੁਜ਼ਾਰੇ ਜਮੀਨਾ ਦੇ ਮਾਲਕ ਬਣੇ।ਉਸ ਘਟਨਾ ਦੀ ਯਾਦ ਅਤੇ ਉਨ੍ਹਾਂ ਸ਼ਹੀਦਾਂ ਦੀ ਯਾਦ ਤਾਜ਼ਾ ਰੱਖਣ ਲਈ 6 ਚੇਤ, 19 ਮਾਰਚ ਨੂੰ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਪਿੰਡ ਕਿਸ਼ਨਗੜ੍ਹ ਵਾਸੀ ਸਮਾਗਮ ਕਰਵਾਉਂਦੇ ਹਨ।ਸੰਪਰਕ: 94640-71641