For the best experience, open
https://m.punjabitribuneonline.com
on your mobile browser.
Advertisement

ਮੁਕੰਮਲ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਬਾਂਬਾ

04:11 AM Jun 01, 2025 IST
ਮੁਕੰਮਲ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਬਾਂਬਾ
ਪੀਜੀਆਈ ਚੰਡੀਗੜ੍ਹ ਦੇ ਭਾਰਗਵ ਆਡੀਟੋਰੀਅਮ ਵਿੱਚ ਸਤੰਬਰ 2005 ’ਚ ਦਿ ਟ੍ਰਿਬਿਊਨ ਅਖ਼ਬਾਰ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਵਿੱਚ ਹਾਜ਼ਰ (ਖੱਬਿਓਂ ਸੱਜੇ) ਦਿ ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐੱਨ ਐੱਨ ਵੋਹਰਾ, ਟਰੱਸਟੀ ਜਸਟਿਸ ਐੱਸ ਐੱਸ ਸੋਢੀ (ਸੇਵਾਮੁਕਤ) ਤੇ ਸਾਬਕਾ ਟਰੱਸਟੀ ਪ੍ਰੋ. ਆਰ ਪੀ ਬਾਂਬਾ, ਆਰ ਐੱਸ ਤਲਵਾੜ ਤੇ ਆਰ ਐੱਸ ਪਾਠਕ। -ਫੋਟੋ: ਪੰਜਾਬੀ ਟਿ੍ਰਬਿਊਨ
Advertisement

ਪ੍ਰੋ. ਪ੍ਰੀਤਮ ਸਿੰਘ

Advertisement

ਪ੍ਰੋ. ਆਰ ਪੀ ਬਾਂਬਾ ਦਾ ਮੈਂ ਬਹੁਤ ਕਦਰਦਾਨ ਰਿਹਾ ਹਾਂ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਜਦੋਂਕਿ ਕੁਝ ਮਹੀਨਿਆਂ ਬਾਅਦ ਉਹ ਸੌ ਸਾਲ ਦੇ ਹੋ ਜਾਣੇ ਸਨ। ਉਨ੍ਹਾਂ ਦੇ ਤੁਰ ਜਾਣ ’ਤੇ ਮੈਂ ਬਹੁਤ ਉਦਾਸ ਹਾਂ ਕਿਉਂਕਿ ਇਸ ਸਾਲ ਆਪਣੀ ਭਾਰਤ ਫੇਰੀ ਸਮੇਂ ਮੈਨੂੰ ਉਨ੍ਹਾਂ ਨੂੰ ਮਿਲਣ ਦੀ ਤਾਂਘ ਸੀ। ਮੈਂ ਆਖ਼ਰੀ ਵਾਰ ਉਨ੍ਹਾਂ ਨੂੰ ਕੋਵਿਡ ਤੋਂ ਪਹਿਲਾਂ ਮਿਲਿਆ ਸੀ ਤੇ ਸਾਡਾ ਇਕੱਠਿਆਂ ਬਿਤਾਇਆ ਸਮਾਂ ਚੇਤੇ ਆਉਂਦਾ ਹੈ। ਮੇਰੀ ਪਤਨੀ (ਪ੍ਰੋ. ਮੀਨਾ ਢਾਂਡਾ) ਬਾਅਦ ’ਚ ਉਨ੍ਹਾਂ ਨੂੰ ਮਿਲੀ ਤੇ ਉਨ੍ਹਾਂ ਦੀ ਹੋਰ ਖ਼ਬਰਸਾਰ ਲਿਆਈ, ਸਭ ਠੀਕ ਸੀ। ਕਈ ਵਰ੍ਹੇ ਪਹਿਲਾਂ ਜਦੋਂ ਅਸੀਂ ਆਕਸਫੋਰਡ ਜਾਣ ਖਾਤਰ ਪੰਜਾਬ ਯੂਨੀਵਰਸਿਟੀ ਛੱਡੀ, ਉਹ ਸਾਡੇ ਲਈ ਬਹੁਤ ਖੁਸ਼ ਸਨ, ਪਰ ਇਸ ਤੋਂ ਵੀ ਵੱਧ ਸਾਡੀ ਚਾਰ ਸਾਲਾ ਧੀ ਲਈ ਖ਼ੁਸ਼ ਸਨ। ਉਨ੍ਹਾਂ ਦੀ ਡੂੰਘੀ ਸੰਵੇਦਨਸ਼ੀਲਤਾ ਬੱਚੇ ਲਈ ਵਿਦਿਅਕ ਸੰਭਾਵਨਾਵਾਂ ਬਾਰੇ ਇਸ ਵਿਚਾਰ ਰਾਹੀਂ ਪ੍ਰਗਟ ਹੋਈ। ਉਨ੍ਹਾਂ ਕੈਂਬਰਿਜ ’ਚ ਬਿਤਾਏ ਆਪਣੇ ਵਧੀਆ ਸਮਿਆਂ ਦੀਆਂ ਸ਼ਾਨਦਾਰ ਯਾਦਾਂ ਸਾਂਝੀਆਂ ਕੀਤੀਆਂ ਜਿਨ੍ਹਾਂ ’ਚ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਜੇਤੂ ਅਬਦੁਸ ਸਲਾਮ ਨਾਲ ਸੈਰ ਕਰਦਿਆਂ ਪੰਜਾਬੀ ’ਚ ਗੱਲਾਂ ਕਰਨਾ ਵੀ ਸ਼ਾਮਿਲ ਸੀ।
ਉਹ ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਗਣਿਤ ਵਿਗਿਆਨੀ ਸਨ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜਿਸ ਨੂੰ ਉਹ ਬਹੁਤ ਚਾਹੁੰਦੇ ਸਨ ਅਤੇ ਇਸ ਦੇ ਨਿਰਮਾਣ ਵਿੱਚ ਕਈ ਪੱਖਾਂ ਤੋਂ ਯੋਗਦਾਨ ਪਾਇਆ ਸੀ, ਵਿੱਚ ਕਈ ਅਹੁਦਿਆਂ ’ਤੇ ਬਿਰਾਜਮਾਨ ਰਹੇ ਸਨ। ਉਨ੍ਹਾਂ ਨਾਲ ਮੇਰੇ ਕਈ ਨਿੱਜੀ, ਪੇਸ਼ੇਵਰ ਅਤੇ ਕਈ ਪੱਖਾਂ ਤੋਂ ਖਾਮੋਸ਼ ਪਰ ਗਹਿਰੇ ਰਾਜਨੀਤਕ ਸੰਬੰਧ ਰਹੇ ਹਨ। ਮੈਂ ਜਦੋਂ 1971 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੀ ਅੰਡਰਗ੍ਰੈਜੁਏਟ ਡਿਗਰੀ ਦੀ ਪੜ੍ਹਾਈ ਕਰ ਰਿਹਾ ਸਾਂ ਤਦ ਉਹ ਯੂਨੀਵਰਸਿਟੀ ਦੇ ਡੀਨ ਸਿੱਖਿਆਵਾਂ ਹੁੰਦੇ ਸਨ ਜੋ ਕਿ ਯੂਨੀਵਰਸਿਟੀ ਦੀ ਦਰਜਾਬੰਦੀ ਵਿਚ ਉਪ ਕੁਲਪਤੀ ਤੋਂ ਬਾਅਦ ਦੂਜੇ ਮੁਕਾਮ ਦਾ ਅਹੁਦਾ ਗਿਣਿਆ ਜਾਂਦਾ ਸੀ। ਇੱਕ ਦਿਨ ਯੂਨੀਵਰਸਿਟੀ ਕੈਂਪਸ ਵਿੱਚ ਕੋਈ ਹਿੰਸਕ ਘਟਨਾ ਜੋ ਕਿ ਨਕਸਲੀ ਲਹਿਰ ਨਾਲ ਜੁੜੀ ਸੀ, ਤੋਂ ਬਾਅਦ ਮੈਨੂੰ ਪੁਲੀਸ ਹਿਰਾਸਤ ਵਿਚ ਲੈ ਲਿਆ ਗਿਆ ਕਿਉਂਕਿ ਲਹਿਰ ਨਾਲ ਮੇਰੀ ਵਿਚਾਰਧਾਰਕ ਨੇੜਤਾ ਬਾਰੇ ਸਭ ਜਾਣਦੇ ਸਨ। ਡਾ. ਧਰਮ ਵੀਰ ਅਤੇ ਪ੍ਰੋ. ਜੀਐੱਸ ਭੱਲਾ ਨੂੰ ਮੇਰੇ ਵਿਚਾਰਧਾਰਕ ਝੁਕਾਅ ਅਤੇ ਇਹ ਵੀ ਕਿ ਹਿੰਸਾ ਦੀ ਘਟਨਾ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ ਸੀ, ਬਾਰੇ ਇਲਮ ਸੀ ਜਿਸ ਕਰ ਕੇ ਉਨ੍ਹਾਂ ਨੂੰ ਮੇਰੀ ਸਲਾਮਤੀ ਦਾ ਫ਼ਿਕਰ ਹੋ ਗਿਆ ਕਿਉਂਕਿ ‘ਮੁਕਾਬਲੇ’ ਬਣਾ ਕੇ ਮੁੰਡਿਆਂ ਨੂੰ ਮਾਰ ਮੁਕਾਉਣ ਦੇ ਪੁਲੀਸ ਦਾ ਕਲਚਰ ਪੰਜਾਬ ਵਿੱਚ ਉਦੋਂ ਸ਼ੁਰੂ ਹੋ ਚੁੱਕਿਆ ਸੀ।
ਉਨ੍ਹਾਂ ਦੋਵਾਂ ਨੇ ਮੇਰੀ ਰਿਹਾਈ ਲਈ ਪ੍ਰੋ. ਬਾਂਬਾ ਕੋਲ ਪਹੁੰਚ ਕੀਤੀ ਜਿਨ੍ਹਾਂ ਨਾਲ ਉਨ੍ਹਾਂ ਦੇ ਚੰਗੇ ਨਿੱਜੀ ਸੰਬੰਧ ਸਨ। ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਪ੍ਰੋ. ਬਾਂਬਾ ਮੇਰੀ ਭਾਲ ਵਿਚ ਆਪਣੀ ਨਿੱਜੀ ਕਾਰ ਲੈ ਕੇ ਇੱਕ ਤੋਂ ਬਾਅਦ ਦੂਜੇ ਪੁਲੀਸ ਸਟੇਸ਼ਨ ਵਿੱਚ ਚੱਕਰ ਕੱਟਦੇ ਰਹੇ। ਬਿਨਾਂ ਸ਼ੱਕ, ਪੁਲੀਸ ਨੇ ਉਨ੍ਹਾਂ ਨੂੰ ਕੋਈ ਆਈ ਗਈ ਨਾ ਦਿੱਤੀ ਪਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਇਹ ਸੰਦੇਸ਼ ਦੇ ਦਿੱਤਾ ਗਿਆ ਕਿ ਯੂਨੀਵਰਸਿਟੀ ਮੇਰੀ ਸਲਾਮਤੀ ਲਈ ਫ਼ਿਕਰਮੰਦ ਹੈ, ਲਿਹਾਜ਼ਾ ਸ਼ਾਮ ਤੱਕ ਮੈਨੂੰ ਛੱਡ ਦਿੱਤਾ ਗਿਆ। ਮੇਰੀ ਰਿਹਾਈ ਲਈ ਉਨ੍ਹਾਂ ਵੱਲੋਂ ਕੀਤੀ ਭੱਜ ਦੌੜ ਨੇ ਮੇਰਾ ਦਿਲ ਛੂਹ ਲਿਆ ਸੀ। ਕਈ ਮਹੀਨਿਆਂ ਬਾਅਦ ਮੈਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਭਿਆਨਕ ਦੌਰ ’ਚੋਂ ਲੰਘਣਾ ਪਿਆ (ਜਿਸ ਦੀ ਵੱਖਰੀ ਕਹਾਣੀ ਹੈ)। ਕਈ ਸਾਲਾਂ ਬਾਅਦ ਮੈਂ ‘ ਅਰਥਸ਼ਾਸਤਰ, ਸਭਿਆਚਾਰ ਅਤੇ ਮਨੁੱਖੀ ਅਧਿਕਾਰ: ਪੰਜਾਬ ਅਤੇ ਭਾਰਤ ਤੇ ਇਸ ਤੋਂ ਦੂਰ ਉਥਲ-ਪੁਥਲ’ ਦੇ ਸਿਰਲੇਖ ਹੇਠ ਇੱਕ ਕਿਤਾਬ ਲਿਖੀ ਜਿਸ ਵਿੱਚ ਮੈਂ ਮਨੁੱਖੀ ਅਧਿਕਾਰਾਂ ਅਤੇ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ’ਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਬਾਰੇ ਚਰਚਾ ਕੀਤੀ ਗਈ ਸੀ। ਮੈਂ ਪੰਜਾਬ ਯੂਨੀਵਰਸਿਟੀ ਵਿੱਚ ਮੇਰੇ ਹੱਕ ਵਿੱਚ ਖਲੋਣ ਵਾਲੇ ਅਧਿਆਪਕਾਂ ਬਾਰੇ ਵੀ ਲਿਖਿਆ। ਮੈਂ ਉਚੇਚੇ ਤੌਰ ’ਤੇ ਉਨ੍ਹਾਂ ਦਾ ਜ਼ਿਕਰ ਕੀਤਾ: ‘‘ਇਸ ਸੰਦਰਭ ਵਿੱਚ ਮੈਂ ਯੂਨੀਵਰਸਿਟੀ ਦੇ ਦੋ ਅਕਾਦਮੀਸ਼ਨਾਂ ਪ੍ਰੋਫੈਸਰ ਧਰਮ ਵੀਰ ਅਤੇ ਪ੍ਰੋਫੈਸਰ ਆਰ ਪੀ ਬਾਂਬਾ ਦਾ ਜ਼ਰੂਰ ਜ਼ਿਕਰ ਕਰਾਂਗਾ। ਕੈਮੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋ. ਵੀਰ ਦਾ ਅਧਿਆਪਕ ਵਰਗ ਦੀ ਜਥੇਬੰਦਕ ਸ਼ਕਤੀ ਉਸਾਰਨ ਵਿੱਚ ਯੋਗਦਾਨ ਬਦਲੇ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਪ੍ਰੋ. ਬਾਂਬਾ ਜੋ ਕਿ ਉੱਘੇ ਗਣਿਤ ਸ਼ਾਸਤਰੀ ਸਨ, ਉਦੋਂ ਡੀਨ, ਯੂਨੀਵਰਸਿਟੀ ਇੰਸਟ੍ਰਕਸ਼ਨ ਦੇ ਅਹੁਦੇ ’ਤੇ ਤਾਇਨਾਤ ਸਨ ਜੋ ਕਿ ਉਪ ਕੁਲਪਤੀ ਤੋਂ ਬਾਅਦ ਦੂਜੇ ਮੁਕਾਮ ’ਤੇ ਗਿਣਿਆ ਜਾਂਦਾ ਸੀ। ਦੋਵਾਂ ਅਕਾਦਮੀਸ਼ਨਾਂ ਨੇ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਨਾਤੇ ਮੇਰੇ ਅਧਿਕਾਰਾਂ ਦੀ ਰਾਖੀ ਲਈ ਨਿਜ਼ਾਮ ਖ਼ਿਲਾਫ਼ ਖੜ੍ਹੇ ਹੋਏ ਸਨ। ਇਨ੍ਹਾਂ ਵਿਅਕਤੀਆਂ ਦੇ ਇਸ ਕਿਰਦਾਰ ਦਾ ਉਦੋਂ ਮੇਰੇ ਜੀਵਨ ਵਿੱਚ ਅਹਿਮ ਪ੍ਰਭਾਵ ਪਿਆ ਸੀ ਅਤੇ ਮੈਂ ਹਮੇਸ਼ਾਂ ਉਨ੍ਹਾਂ ਨਾਲ ਇੱਕ ਖ਼ਾਸ ਨੇੜਤਾ ਮਹਿਸੂਸ ਕਰਦਾ ਰਿਹਾ ਹਾਂ। ਪ੍ਰੋਫੈਸਰ ਬਾਂਬਾ ਬਾਅਦ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਬਣ ਗਏ ਸਨ।’’
ਮੈਂ ਉਨ੍ਹਾਂ ਨੂੰ ਕਿਤਾਬ ਦੀ ਕਾਪੀ ਭੇਜੀ ਤੇ ਉਨ੍ਹਾਂ ਮੈਨੂੰ ਨਿੱਘ ਨਾਲ ਇਸ ਦਾ ਜਵਾਬ ਲਿਖਿਆ ਤੇ ਉਨ੍ਹਾਂ ਨੂੰ ਚੇਤੇ ਰੱਖਣ ਲਈ ਮੈਨੂੰ ਸਲਾਹਿਆ ਵੀ।
ਜਦੋਂ ਉਹ ਉਪ ਕੁਲਪਤੀ ਸਨ ਤਾਂ ਮੈਂ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਵਿੱਚ ਪਹਿਲਾਂ ਹੀ ਫੈਕਲਟੀ ਵਜੋਂ ਨਿਯੁਕਤ ਹੋ ਚੁੱਕਾ ਸੀ। ਸਾਲ 1985-86 ’ਚ, ਮੈਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦਾ ਪ੍ਰਧਾਨ ਚੁਣਿਆ ਗਿਆ ਤੇ ਇਸ ਸਮਰੱਥਾ ਵਿੱਚ ਮੈਨੂੰ ਉਨ੍ਹਾਂ ਨਾਲ ਅਧਿਆਪਕਾਂ ਦੀਆਂ ਮੰਗਾਂ ਦੇ ਸਬੰਧ ’ਚ ਨਿਰੰਤਰ ਰਾਬਤਾ ਰੱਖਣਾ ਪੈਂਦਾ ਸੀ। ਕਿਉਂਕਿ ਉਹ ਜਥੇਬੰਦੀਆਂ ਬਣਾਉਣ ਦੇ ਅਧਿਆਪਕਾਂ ਦੇ ਹੱਕ ਦਾ ਸਤਿਕਾਰ ਕਰਦੇ ਸਨ ਤੇ ’ਵਰਸਿਟੀ ਦੇ ਬਿਹਤਰ ਸੰਚਾਲਨ ਲਈ ਗੱਲਬਾਤ ਕਰਦੇ ਰਹਿੰਦੇ ਸਨ, ਉਨ੍ਹਾਂ ਹਮੇਸ਼ਾ ਪੂਟਾ ਵੱਲੋਂ ਚੁੱਕੇ ਮੁੱਦਿਆਂ ਵਿੱਚ ਗਹਿਰੀ ਦਿਲਚਸਪੀ ਲਈ। ਉਨ੍ਹਾਂ ਪੂਟਾ ਪ੍ਰਧਾਨ ਨੂੰ ਯੂਨੀਵਰਸਿਟੀ ਸੈਨੇਟ ਦਾ ਨਾਮਜ਼ਦ ਮੈਂਬਰ ਬਣਾਉਣ ਦਾ ਕਦਮ ਪਹਿਲਾਂ ਹੀ ਚੁੱਕ ਲਿਆ ਸੀ ਜੋ ਕਿ ਯੂਨੀਵਰਸਿਟੀ ਲਈ ਫ਼ੈਸਲੇ ਲੈਣ ਵਾਲੀ ਸਭ ਤੋਂ ਸਿਖ਼ਰਲੀ ਇਕਾਈ ਸੀ। ਮੇਰੇ ਤੋਂ ਪਹਿਲਾਂ ਪੂਟਾ ਦੇ ਪ੍ਰਧਾਨ ਰਹੇ ਡਾ. ਡੀ.ਐੱਨ. ਜੌਹਰ ਪੀਯੂ ਅਧਿਆਪਕ ਐਸੋਸੀਏਸ਼ਨ ਦੇ ਅਜਿਹੇ ਪਹਿਲੇ ਪ੍ਰਧਾਨ ਸਨ ਜਿਨ੍ਹਾਂ ਨੂੰ ਸੈਨੇਟ ਦਾ ਮੈਂਬਰ ਬਣਾਇਆ ਗਿਆ। ਉਨ੍ਹਾਂ ਤੋਂ ਬਾਅਦ ਮੇਰੀ ਵਾਰੀ ਆਈ। ਯੂਨੀਵਰਸਿਟੀ ਦੀ ਕਾਰਜਪ੍ਰਣਾਲੀ ਦੇ ਲੋਕਤੰਤਰੀਕਰਨ ’ਚ ਹਿੱਸਾ ਪਾਉਣ ਦਾ ਇਹ ਪ੍ਰੋ. ਬਾਂਬਾ ਦਾ ਆਪਣਾ ਤਰੀਕਾ ਸੀ।
ਉਨ੍ਹਾਂ ਦੀ ਮੌਤ ਦਾ ਸੋਗ ਪੂਰੀ ਦੁਨੀਆ ਦੇ ਗਣਿਤ ਸ਼ਾਸਤਰੀ ਮਨਾ ਰਹੇ ਹਨ (ਖ਼ਾਸ ਤੌਰ ’ਤੇ ਨੰਬਰ ਥਿਊਰੀ ਦੇ ਮਾਹਿਰ)। ਉਨ੍ਹਾਂ ਪੀਯੂ ਦੇ ਗਣਿਤ ਵਿਭਾਗ ਨੂੰ ਭਾਰਤ ਤੇ ਦੁਨੀਆ ਦੇ ਮੋਹਰੀ ਗਣਿਤ ਵਿਭਾਗਾਂ ’ਚ ਸ਼ੁਮਾਰ ਕਰਾਇਆ। ਪੀਯੂ ’ਚ ਮੇਰੇ ਇੱਕ ਸਮਕਾਲੀ, ਗਜਿੰਦਰਪਾਲ ਸਿੰਘ ਗਿੱਲ ਜਿਨ੍ਹਾਂ ਨੂੰ ਵਿਸਕੌਂਸਿਨ ’ਚ ਗਣਿਤ ਦੀ ਪੀਐੱਚਡੀ (ਜੋ ਕਿ ਉਸ ਸਮੇਂ ਦੁਨੀਆ ਦਾ ਸਭ ਤੋਂ ਵਧੀਆ ਗਣਿਤ ਵਿਭਾਗ ਮੰਨਿਆ ਜਾਂਦਾ ਸੀ) ਕਰਨ ਲਈ ਸਕਾਲਰਸ਼ਿਪ ਮਿਲੀ ਸੀ, ਨੇ ਮੈਨੂੰ ਦੱਸਿਆ ਕਿ ਉਸ ਸਾਲ ਪੂਰੇ ਸੰਸਾਰ ’ਚੋਂ ਕੇਵਲ ਦੋ ਜਣਿਆਂ ਨੂੰ ਸਕਾਲਰਸ਼ਿਪ ਮਿਲੀ ਸੀ- ਇੱਕ ਉਹ ਸਨ ਤੇ ਦੂਜਾ ਅਰਜ਼ੀਕਰਤਾ ਰੋਮਾਨੀਆ ਤੋਂ ਸੀ ਤੇ ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਪੀਯੂ ਗਣਿਤ ਵਿਭਾਗ ਦੀ ਸਾਖ਼ ਉਨ੍ਹਾਂ ਦੀ ਚੋਣ ਦਾ ਇੱਕ ਮਹੱਤਵਪੂਰਨ ਕਾਰਨ ਸੀ।
ਪ੍ਰੋਫੈਸਰ ਬਾਂਬਾ ਇੱਕ ਗਣਿਤ ਮਾਹਿਰ ਤੋਂ ਕਿਤੇ ਵਧ ਕੇ ਸਨ। ਉਹ ਇੱਕ ਮੁਕੰਮਲ ਸਿੱਖਿਆ ਸ਼ਾਸਤਰੀ ਸਨ। ਮੈਂ ਉਨ੍ਹਾਂ ਨੂੰ, ਆਧੁਨਿਕ ਪੰਜਾਬ ’ਚ ਜੋ ਵੀ ਚੰਗਾ ਹੈ, ਉਸ ਦੇ ਨਿਰਮਾਤਾਵਾਂ ਵਜੋਂ, ਕਈ ਇੰਜਨੀਅਰਾਂ, ਡਾਕਟਰਾਂ, ਨੌਕਰਸ਼ਾਹਾਂ ਤੇ ਖੇਤੀ ਵਿਗਿਆਨੀਆਂ ਦੇ ਨਾਲ ਰੱਖਾਂਗਾ। ਹੋਰਨਾਂ ਕਈ ਚੀਜ਼ਾਂ ਦੇ ਨਾਲ, ਉਹ ਪੰਜਾਬ ਦੇ ਇੱਕ ਮਾਣਮੱਤੇ ਪੁੱਤਰ ਸਨ। ਇੱਕ ਚੰਗਾ ਸਮਾਜ ਆਪਣੇ ਚਿੰਤਕਾਂ ਤੇ ਸਿੱਧ ਪੁਰਸ਼ਾਂ ਦੀ ਇੱਜ਼ਤ ਕਰਦਾ ਹੈ। ਜਦੋਂ ਸਾਰਤਰ ਦੀ ਮੌਤ ਹੋਈ ਤਾਂ ਪੂਰੇ ਫਰਾਂਸ ਨੇ ਸੋਗ ਮਨਾਇਆ। ਜਦੋਂ ਬਰਤਾਨੀਆ ’ਚ ਮਾਰਕਸਵਾਦੀ ਇਤਿਹਾਸਕਾਰ ਐਰਿਕ ਹੌਬਸਬਾਮ ਦਾ ਦੇਹਾਂਤ ਹੋਇਆ ਤਾਂ ਟੀਵੀ ਚੈਨਲਾਂ ਤੇ ਅਖ਼ਬਾਰਾਂ ਦੀ ਮੁੱਖ ਖ਼ਬਰ ਉਸ ਦੀ ਮੌਤ ਸੀ। ਆਓ, ਇਸ ਮਹਾਨ ਗਣਿਤ ਮਾਹਿਰ, ਸਿੱਖਿਆ ਸ਼ਾਸਤਰੀ, ਪੰਜਾਬ ਦੇ ਪੁੱਤਰ ਤੇ ਇੱਕ ਸ਼ਾਨਦਾਰ ਮਨੁੱਖ ਦੀ ਮੌਤ ਦਾ ਸੋਗ ਮਨਾਈਏ ਤੇ ਨਾਲ ਹੀ ਉਸ ਦੇ ਬਹੁ-ਪੱਖੀ ਸਮਾਜਿਕ ਯੋਗਦਾਨਾਂ ਲਈ ਉਸ ਨੂੰ ਚੇਤੇ ਕਰੀਏ।

Advertisement
Advertisement

Advertisement
Author Image

Ravneet Kaur

View all posts

Advertisement