For the best experience, open
https://m.punjabitribuneonline.com
on your mobile browser.
Advertisement

ਮੁਆਫ਼ੀ

04:06 AM Jul 05, 2025 IST
ਮੁਆਫ਼ੀ
Advertisement

ਬਾਲ ਕਹਾਣੀ

Advertisement

ਹਰਿੰਦਰ ਸਿੰਘ ਗੋਗਨਾ
ਗਰਮੀ ਕਾਫ਼ੀ ਪੈ ਰਹੀ ਸੀ ਤੇ ਬਿਜਲੀ ਵੀ ਗਈ ਹੋਈ ਸੀ। ਰੋਹਨ ਸਕੂਲੋਂ ਘਰ ਆਇਆ ਤਾਂ ਆਪਣਾ ਬਸਤਾ ਇੱਕ ਪਾਸੇ ਰੱਖ ਕੇ ਸਿੱਧਾ ਏਸੀ ਵਾਲੇ ਕਮਰੇ ਵਿੱਚ ਵੜ ਗਿਆ ਤਾਂ ਕਿ ਠੰਢੀ ਹਵਾ ਲੈ ਸਕੇ, ਪਰ ਬਿਜਲੀ ਨਾ ਹੋਣ ਕਾਰਨ ਉਹ ਉਦਾਸ ਹੋ ਗਿਆ। ਉਹ ਫਿਰ ਸਿੱਧਾ ਗੁਸਲਖਾਨੇ ਵੱਲ ਵਧਿਆ ਤਾਂ ਕਿ ਨਹਾ ਕੇ ਤਰੋਤਾਜ਼ਾ ਹੋ ਸਕੇ, ਪਰ ਇਹ ਕੀ, ਗੁਸਲਖਾਨੇ ਵਿੱਚ ਪਹਿਲਾਂ ਹੀ ਕੋਈ ਮੌਜੂਦ ਸੀ।
ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ, ‘‘ਕੌਣ...?’’
ਰੋਹਨ ਸਮਝ ਗਿਆ ਕਿ ਗੁਸਲਖਾਨੇ ਵਿੱਚ ਦਾਦੀ ਮਾਂ ਹੈ। ਉਸ ਨੇ ਝਿਜਕਦਿਆਂ ਕਿਹਾ, ‘‘ਮੈਂ ਹਾਂ ਦਾਦੀ ਰੋਹਨ, ਜਲਦੀ ਨਾਲ ਬਾਹਰ ਆਓ...ਮੈਂ ਨਹਾਉਣਾ ਏ...ਹਾਏ ਅੱਜ ਕਿੰਨੀ ਗਰਮੀ ਐ...।’’ ਰੋਹਨ ਨੇ ਮੱਥੇ ਦਾ ਪਸੀਨਾ ਪੂੰਝਦਿਆਂ ਕਿਹਾ।
‘‘ਬੇਟਾ ਰੁਕ ਜਾ, ਮੈਂ ਨਹਾ ਰਹੀ ਆਂ...।’’ ਦਾਦੀ ਨੇ ਕਿਹਾ ਤਾਂ ਰੋਹਨ ਹੋਰ ਪਰੇਸ਼ਾਨ ਹੋ ਗਿਆ ਕਿ ਦਾਦੀ ਪਤਾ ਨਹੀਂ ਕਿੰਨਾ ਸਮਾਂ ਨਹਾਉਣ ਨੂੰ ਲਗਾਵੇਗੀ? ਉਹ ਵਿਹੜੇ ਵਿੱਚ ਆ ਕੇ ਨਿੰਮ ਦੇ ਰੁੱਖ ਦੀ ਛਾਂ ਵਿੱਚ ਡਹੇ ਮੰਜੇ ’ਤੇ ਬਹਿ ਗਿਆ ਤੇ ਦਾਦੀ ਨੂੰ ਉਡੀਕਣ ਲੱਗਾ। ਜਿਵੇਂ ਹੀ ਦਾਦੀ ਬਾਹਰ ਆਈ ਤਾਂ ਰੋਹਨ ਗੁਸਲਖਾਨੇ ਵਿੱਚ ਵੜਿਆ, ਪਰ ਇਹ ਕੀ ਟੂਟੀ ਵਿੱਚ ਪਾਣੀ ਨਹੀਂ ਸੀ। ਉਹ ਵਾਪਸ ਦਾਦੀ ਕੋਲ ਆਇਆ ਤੇ ਗੁੱਸੇ ਨਾਲ ਬੋਲਿਆ, ‘‘ਦਾਦੀ, ਇਹ ਕੀ ਬਾਥਰੂਮ ਵਿੱਚ ਤਾਂ ਭੋਰਾ ਵੀ ਪਾਣੀ ਨਹੀਂ?’’
‘‘ਬੇਟਾ, ਸ਼ਾਇਦ ਟੈਂਕੀ ਵਿੱਚ ਪਾਣੀ ਮੁੱਕ ਗਿਆ। ਹੁਣ ਤਾਂ ਬਿਜਲੀ ਆਵੇਗੀ ਤਦੇ ਟੈਂਕੀ ਵਿੱਚ ਪਾਣੀ ਚੜ੍ਹੇਗਾ, ਓਨਾ ਚਿਰ ਤੂੰ ਮੇਰੇ ਕੋਲ ਆ ਜਾ ਤੇ ਰੋਟੀ ਖਾ ਲੈ। ਮੈਂ ਤੈਨੂੰ ਪੱਖੀ ਝੱਲ ਦਿੰਦੀ ਆਂ।’’
‘‘ਦਾਦੀ, ਤੁਹਾਨੂੰ ਤਾਂ ਪਤਾ ਸੀ ਕਿ ਮੈਂ ਸਕੂਲੋਂ ਗਰਮੀ ਵਿੱਚ ਆਉਣ ਵਾਲਾ ਹਾਂ। ਤੁਸੀਂ ਮੇਰੇ ਲਈ ਪਾਣੀ ਬਚਾਉਣਾ ਸੀ ਤਾਂ ਕਿ ਮੈਂ ਨਹਾ ਲੈਂਦਾ। ਫਿਰ ਆਹ ਬਿਜਲੀ ਨੇ ਵੀ ਹੁਣੇ ਜਾਣਾ ਸੀ।’’
‘‘ਵਾਹ ਬੇਟਾ, ਅੱਜ ਤੂੰ ਪਾਣੀ ਬਚਾਉਣ ਦੀ ਗੱਲ ਕਰ ਰਿਹਾ ਏਂ। ਜਦੋਂ ਮੈਂ ਤੈਨੂੰ ਸਮਝਾਉਂਦੀ ਹਾਂ ਕਿ ਪਾਣੀ ਤੇ ਬਿਜਲੀ ਦੀ ਸਾਨੂੰ ਹਮੇਸ਼ਾਂ ਬੱਚਤ ਕਰਨੀ ਚਾਹੀਦੀ ਏ, ਤਦ ਤਾਂ ਤੂੰ ਕਦੇ ਮੇਰੀ ਗੱਲ ਨਹੀਂ ਮੰਨੀ। ਅੱਜ ਤੈਨੂੰ ਪਾਣੀ ਤੇ ਬਿਜਲੀ ਦੀ ਘਾਟ ਮਹਿਸੂਸ ਹੋ ਰਹੀ ਐ ਤਾਂ ਭਾਸ਼ਨ ਝਾੜ ਦਿੱਤਾ।’’
ਦਾਦੀ ਮਾਂ ਨੇ ਅੱਜ ਮੌਕੇ ਸਿਰ ਰੋਹਨ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ। ਰੋਹਨ ਬੜਾ ਲਾਪਰਵਾਹ ਸੀ। ਕਦੇ ਵੀ ਕਮਰੇ ਤੋਂ ਬਾਹਰ ਜਾਣ ਸਮੇਂ ਪੱਖਾ, ਟੀਵੀ ਬੰਦ ਨਹੀਂ ਸੀ ਕਰਦਾ। ਸਭ ਕੁਝ ਦਾਦੀ ਨੂੰ ਹੀ ਕਰਨਾ ਪੈਂਦਾ ਸੀ। ਰੋਹਨ ’ਤੇ ਅੱਜ ਦਾਦੀ ਮਾਂ ਦੀਆਂ ਗੱਲਾਂ ਦਾ ਅਸਰ ਸੀ। ਬਿਜਲੀ ਤੇ ਪਾਣੀ ਨਾ ਹੋਣ ਕਾਰਨ ਉਸ ਨੂੰ ਅਹਿਸਾਸ ਸੀ ਕਿ ਜੀਵਨ ਵਿੱਚ ਇਨ੍ਹਾਂ ਚੀਜ਼ਾਂ ਦੀ ਕਿੰਨੀ ਕਦਰ ਹੈ। ਇਨ੍ਹਾਂ ਬਿਨਾਂ ਜੀਵਨ ਕਿੰਨਾ ਦੁਖਦਾਇਕ ਹੈ।
ਦਾਦੀ ਮਾਂ ਉਸ ਨੂੰ ਪੱਖੀ ਝੱਲਣ ਲੱਗੇ ਤਾਂ ਰੋਹਨ ਨੂੰ ਕੁਝ ਰਾਹਤ ਮਿਲੀ। ਉਸ ਨੇ ਦਾਦੀ ਮਾਂ ਵੱਲ ਦੇਖਿਆ ਤਾਂ ਉਹ ਉਸ ਵੱਲ ਵੇਖ ਕੇ ਪਿਆਰ ਨਾਲ ਮੁਸਕਰਾ ਰਹੇ ਸਨ। ਰੋਹਨ ਉਨ੍ਹਾਂ ਦੀ ਗੋਦ ਵਿੱਚ ਸਿਰ ਸੁੱਟ ਕੇ ਲੇਟ ਗਿਆ।
‘‘ਬੇਟਾ, ਵੱਡੇ ਜੋ ਕਹਿੰਦੇ ਹਨ ਉਸ ਵਿੱਚ ਸਭ ਦਾ ਭਲਾ ਹੁੰਦਾ ਹੈ। ਬੱਚਿਆਂ ਨੂੰ ਹਮੇਸ਼ਾਂ ਵੱਡਿਆਂ ਦਾ ਆਖਾ ਮੰਨਣਾ ਚਾਹੀਦਾ ਹੈ। ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ।’’ ਕਹਿ ਕੇ ਦਾਦੀ ਮਾਂ ਨੇ ਰਸੋਈ ਵਿੱਚ ਸੰਭਾਲ ਕੇ ਰੱਖਿਆ ਕੁਝ ਪਾਣੀ ਰੋਹਨ ਦੀ ਬਾਲਟੀ ਵਿੱਚ ਉਲਟਾ ਦਿੱਤਾ। ਇਹ ਵੇਖ ਕੇ ਰੋਹਨ ਖ਼ੁਸ਼ ਸੀ। ਉਹ ਨਹਾ ਕੇ ਤਰੋਤਾਜ਼ਾ ਹੋ ਗਿਆ। ਫਿਰ ਦਾਦੀ ਮਾਂ ਨੂੰ ਕਹਿਣ ਲੱਗਾ;
‘‘ਦਾਦੀ ਮਾਂ, ਤੁਸੀਂ ਬੜੇ ਸਿਆਣੇ ਹੋ ਜੋ ਪਾਣੀ ਸੰਭਾਲ ਕੇ ਰੱਖਿਆ ਸੀ ਤਾਂ ਇਹ ਮੇਰੇ ਨਹਾਉਣ ਦੇ ਕੰਮ ਆ ਗਿਆ।’’
‘‘ਇਹੋ ਤਾਂ ਸਮਝਾਉਣਾ ਚਾਹੁੰਦੀ ਹਾਂ ਕਿ ਹਰ ਚੀਜ਼ ਦੀ ਸੰਭਾਲ ਤੇ ਕਦਰ ਬੜੀ ਜ਼ਰੂਰੀ ਹੈ। ਜੀਵਨ ਵਿੱਚ ਸੁੱਖ ਦੇਣ ਵਾਲੀਆਂ ਵਸਤਾਂ ਦੀ ਜਿੰਨੀ ਸੰਭਾਲ ਤੇ ਕਦਰ ਕਰਾਂਗੇ, ਉਹ ਔਖੇ ਵੇਲੇ ਕੰਮ ਆਉਣਗੀਆਂ। ਭਾਵੇਂ ਬਿਜਲੀ ਹੋਵੇ, ਪਾਣੀ ਹੋਵੇ ਜਾਂ ਛਾਂ ਦੇਣ ਵਾਲੇ ਸੰਘਣੇ ਰੁੱਖ ਹੋਣ।’’ ਦਾਦੀ ਮਾਂ ਨੇ ਕਿਹਾ।
‘‘ਦਾਦੀ ਮਾਂ, ਮੈਨੂੰ ਮੁਆਫ਼ ਕਰ ਦਿਓ। ਮੈਂ ਤੁਹਾਨੂੰ ਗੁੱਸੇ ਵਿੱਚ ਬੋਲਿਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਫਿਰ ਕਦੇ ਵੀ ਤੁਹਾਡਾ ਕਹਿਣਾ ਨਹੀਂ ਮੋੜਾਂਗਾ ਤੇ ਹਰ ਚੀਜ਼ ਦੀ ਕਦਰ ਕਰਾਂਗਾ।’’ ਰੋਹਨ ਨੇ ਇਸ ਵਾਰ ਦਿਲੋਂ ਮੁਆਫ਼ੀ ਮੰਗਦਿਆਂ ਕਿਹਾ।
ਤਦੇ ਹੀ ਬਿਜਲੀ ਆ ਗਈ। ਇਹ ਵੇਖ ਕੇ ਰੋਹਨ ਦਾ ਮੁਰਝਾਇਆ ਚਿਹਰਾ ਖ਼ੁਸ਼ੀ ਨਾਲ ਖਿੜ ਗਿਆ ਤੇ ਉਹ ਤੇਜ਼ੀ ਨਾਲ ਉੱਠਿਆ ਤਾਂ ਦਾਦੀ ਬੋਲੀ, ‘‘ਹੁਣ ਕੀ ਹੋ ਗਿਆ...?’’ ਰੋਹਨ ਨੱਠ ਕੇ ਦੂਜੇ ਕਮਰੇ ਵਿੱਚ ਗਿਆ, ਜਿੱਥੇ ਇੱਕ ਪੱਖਾ ਬੇਕਾਰ ਵਿੱਚ ਚੱਲ ਰਿਹਾ ਸੀ। ਉਸ ਨੇ ਉਸ ਦਾ ਸਵਿੱਚ ਬੰਦ ਕੀਤਾ ਤੇ ਫਿਰ ਦਾਦੀ ਮਾਂ ਕੋਲ ਆ ਕੇ ਰੋਟੀ ਖਾਣ ਬਹਿ ਗਿਆ। ਇਹ ਵੇਖ ਕੇ ਦਾਦੀ ਮਾਂ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ, ‘‘ਵਾਹ ਮੇਰਾ ਰੋਹਨ ਤਾਂ ਸਿਆਣਾ ਹੋ ਗਿਆ।’’
ਸੰਪਰਕ: 98723-25960

Advertisement
Advertisement

Advertisement
Author Image

Balwinder Kaur

View all posts

Advertisement