ਮੀਰੀ ਪੀਰੀ ਸਿਧਾਂਤ ਦੇ ਸਿਰਜਕ ਗੁਰੂ ਹਰਿਗੋਬਿੰਦ
ਡਾ. ਰਣਜੀਤ ਸਿੰਘ
ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਜਿਥੇ ਸਿੱਖਾਂ ਨੂੰ ਸ਼ਬਦ ਗੁਰੂ ਅਤੇ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕੀਤੀ, ਉਥੇ ਆਪਣਾ ਬਲੀਦਾਨ ਦੇ ਕੇ ਦੱਬੇ-ਕੁੱਚਲੇ, ਨੀਵੇਂ ਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਦੇ ਮਨਾਂ ’ਚੋਂ ਮੌਤ ਦੇ ਭੈਅ ਨੂੰ ਦੂਰ ਕੀਤਾ। ਮੌਕੇ ਦੀ ਹਕੂਮਤ ਨੇ ਸੋਚਿਆ ਕਿ ਇਸ ਸ਼ਹੀਦੀ ਨੂੰ ਦੇਖ ਸਿੱਖੀ ਦੇ ਰੂਪ ਵਿਚ ਸੱਚ, ਹੱਕ ਦੀ ਰਾਖੀ ਅਤੇ ਜ਼ੁਲਮ ਵਿਰੁੱਧ ਬਣੀ ਲਹਿਰ ਰੁਕ ਜਾਵੇਗੀ ਅਤੇ ਹੌਲੀ-ਹੌਲੀ ਮੁਕ ਜਾਵੇਗੀ। ਪਰ ਇਹ ਉਨ੍ਹਾਂ ਦੀ ਗਲਤਫ਼ਹਿਮੀ ਸੀ। ਸ਼ਹਾਦਤ ਨੇ ਤਾਂ ਸਗੋਂ ਬਲਦੀ ਉੱਤੇ ਘਿਓ ਦਾ ਕੰਮ ਕੀਤਾ। ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਲਈ ਲਾਹੌਰ ਜਾਣ ਤੋਂ ਪਹਿਲਾਂ ਗੁਰਗੱਦੀ ਆਪਣੇ ਪੁੱਤਰ ਹਰਿਗੋਬਿੰਦ ਨੂੰ ਸੌਂਪ ਦਿੱਤੀ। ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦਾ ਤਿਲਕ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਨੇ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦਿੰਦੇ ਸਮੇਂ ਤਲਵਾਰ ਵੀ ਪਹਿਨਾ ਦਿੱਤੀ। ਇਤਿਹਾਸ ਵਿੱਚ ਇਹ ਇਕ ਨਵਾਂ ਮੋੜ ਸੀ। ਹਰਿਗੋਬਿੰਦ ਸਾਹਿਬ ਸਿਰਫ 11 ਵਰ੍ਹਿਆਂ ਦੀ ਉਮਰ ਵਿਚ 25 ਮਈ, 1606 ਨੂੰ ਗੁਰਗੱਦੀ ’ਤੇ ਬੈਠੇ।
ਗੁਰੂ ਸਾਹਿਬ ਦਾ ਜਨਮ 1595 ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ। ਗੁਰਗੱਦੀ ਸੌਂਪਦੇ ਸਮੇਂ ਗੁਰੂ ਅਰਜਨ ਦੇਵ ਜੀ ਦੇ ਬਚਨ ਸਨ, ‘'ਕਰੜੇ ਸਮੇਂ ਆ ਰਹੇ ਹਨ। ਗੁਰੂ ਨਾਨਕ ਸਾਹਿਬ ਵੱਲੋਂ ਸੱਚ, ਹੱਕ ਤੇ ਬਰਾਬਰੀ ਦੀ ਸ਼ੁਰੂ ਕੀਤੀ ਲਹਿਰ ਦੀਆਂ ਜੜ੍ਹਾਂ ਕੱਟਣ ਲਈ ਬਦੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਗੁਰੂ ਨਾਨਕ ਦਾ ਘਰ ਹੁਣ ਤੱਕ ਸੱਚ, ਹੱਕ, ਪ੍ਰੇਮ, ਅਣਖ, ਬਰਾਬਰੀ ਅਤੇ ਆਜ਼ਾਦੀ ਦੀ ਰਾਖੀ ਲਈ ਲੋਕ ਲਹਿਰ ਨੂੰ ਅਮਨ ਅਤੇ ਸ਼ਾਂਤਮਈ ਢੰਗ ਨਾਲ ਮਜ਼ਬੂਤ ਕਰਦਾ ਰਿਹਾ ਹੈ। ਜੇ ਜ਼ਾਬਰ ਇਸ ਨੂੰ ਸਾਡੀ ਕਮਜ਼ੋਰੀ ਸਮਝਦਾ ਹੈ ਤਾਂ ਇਹ ਉਸ ਦੀ ਭੁੱਲ ਹੈ। ਸਾਡੀ ਸ਼ਹਾਦਤ ਲੋਕ ਮਨਾਂ ਵਿੱਚੋਂ ਜ਼ੁਲਮ ਅਤੇ ਮੌਤ ਦੇ ਭੈਅ ਨੂੰ ਦੂਰ ਕਰ ਦੇਵੇਗੀ ਤੇ ਉਹ ਇਸ ਧਰਮ ਯੁੱਧ ਵਿੱਚ ਆਪਣੀਆਂ ਜਾਨਾਂ ਵਾਰਨ ਤੋਂ ਵੀ ਕਦੇ ਗੁਰੇਜ਼ ਨਹੀਂ ਕਰਨਗੇ।’
ਗੁਰੂ ਹਰਗੋਬਿੰਦ ਸਾਹਿਬ ਨੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਫ਼ੌਜ ਤਿਆਰ ਕਰਨੀ ਸ਼ੁਰੂ ਕੀਤੀ। ਸਿਰਫ ਰੋਟੀ ਉਤੇ ਹੀ ਨੌਜਵਾਨ ਗੁਰੂ ਜੀ ਦੀ ਫੌਜ ਵਿਚ ਭਰਤੀ ਹੋਣ ਲੱਗ ਪਏ। ਗੁਰੂ ਜੀ ਨੇ ਆਪਣਾ ਪਹਿਰਾਵਾ ਸ਼ਹਿਨਸ਼ਾਹਾਂ ਵਾਲਾ ਬਣਾਇਆ। ਪਗੜੀ ’ਤੇ ਕਲਗੀ ਸਜਾਈ। ਪਰਮਾਤਮਾ ਦੇ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ। ਅਕਾਲ ਤਖ਼ਤ ਦੀ ਉਸਾਰੀ ਕਰਵਾ ਕੇ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਦੀ ਹੀ ਪਾਲਣਾ ਕੀਤੀ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਵਾਹਿਗੁਰੂ ਹੀ ਸੱਚਾ ਪਾਤਸ਼ਾਹ ਹੈ ਅਤੇ ਉਸ ਦਾ ਤਖ਼ਤ ਸੱਚਾ ਹੈ। ਅਕਾਲ ਤਖ਼ਤ ਦੀ ਸਥਾਪਨਾ ਨਾਲ ਸਿੱਖਾਂ ਨੂੰ ਸੱਚੇ ਪਾਤਿਸ਼ਾਹ ਦਾ ਤਖ਼ਤ ਮਿਲ ਗਿਆ ਤੇ ਉਨ੍ਹਾਂ ਦੇ ਮਨੋਂ ਦੁਨਿਆਵੀ ਤਖ਼ਤ ਦਾ ਡਰ ਜਾਂਦਾ ਰਿਹਾ। ਜਿੱਥੇ ਹਰਿਮੰਦਰ ਸਾਹਿਬ ਵਿਖੇ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਸੀ, ਉਥੇ ਅਕਾਲ ਤਖ਼ਤ ਸਾਹਿਬ ਸਾਹਮਣੇ ਸ਼ਸਤਰਾਂ ਦੀਆਂ ਮਸ਼ਕਾਂ ਹੋਣ ਲੱਗੀਆਂ। ਰਾਗੀ ਅਤੇ ਢਾਡੀ ਬੀਰ ਰਸ ਦੀਆਂ ਵਾਰਾਂ ਗਾਉਣ ਲੱਗ ਪਏ। ਗੁਰੂ ਸਾਹਿਬ ਆਪਣਾ ਦਰਬਾਰ ਅਕਾਲ ਤਖ਼ਤ ’ਤੇ ਲਾਉਂਦੇ, ਫਰਿਆਦੀਆਂ ਦੀਆਂ ਫਰਿਆਦਾਂ ਸੁਣਦੇ ਤੇ ਫ਼ੈਸਲੇ ਸੁਣਾਉਂਦੇ। ਉਨ੍ਹਾਂ ਨਗਾਰਾ ਵਜਾਉਣਾ ਵੀ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ 52 ਚੋਣਵੇਂ ਨੌਜਵਾਨਾਂ ਨੂੰ ਆਪਣੇ ਨਿਜੀ ਅੰਗਰੱਖਿਅਕ ਬਣਾਇਆ। ਸਾਰੀ ਫੌਜ ਨੂੰ ਪੰਜ ਜਥਿਆਂ ਵਿਚ ਵੰਡ ਦਿੱਤਾ ਗਿਆ। ਭਾਈ ਬਿਧੀ ਚੰਦ, ਭਾਈ ਪੈੜਾ, ਭਾਈ ਪਿਰਾਣਾ, ਭਾਈ ਲੰਗਾਹ ਤੇ ਭਾਈ ਪਰਾਗ ਛਿੱਬਰ ਨੂੰ ਇਨ੍ਹਾਂ ਜਥਿਆਂ ਦੇ ਜਥੇਦਾਰ ਥਾਪਿਆ ਤੇ ਪੰਜ ਕਿਲਿਆਂ ਦੀ ਉਸਾਰੀ ਕਰਵਾਈ। ਅੰਮ੍ਰਿਤਸਰ ਸਿੱਖਾਂ ਦੀ ਰਾਜਧਾਨੀ ਹੀ ਬਣ ਗਿਆ।
ਜਦੋਂ ਮੁਰਤਜ਼ਾ ਖਾਨ ਲਾਹੌਰ ਦਾ ਗਵਰਨਰ ਬਣਿਆ ਤਾਂ ਉਸ ਨੇ ਬਾਦਸ਼ਾਹ ਜਹਾਂਗੀਰ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤ ਕੀਤੀ। ਉਹ ਗੁਰੂ ਘਰ ਦਾ ਵਿਰੋਧੀ ਸੀ ਤੇ ਉਸ ਨੇ ਬਾਦਸ਼ਾਹ ਕੋਲੋਂ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਪ੍ਰਾਪਤ ਕਰ ਲਏ। ਗੁਰੂ ਜੀ ਦਾ ਫੌਜ ਰੱਖਣਾ, ਬਾਦਸ਼ਾਹਾਂ ਵਾਂਗ ਤਖ਼ਤ ’ਤੇ ਬੈਠ ਦਰਬਾਰ ਸਜਾਉਣਾ, ਕਿਲੇ ਦੀ ਉਸਾਰੀ, ਹਾਰੇ ਹੋਏ ਰਾਜਿਆਂ ਤੇ ਸਰਦਾਰਾਂ ਨੂੰ ਆਪਣੀ ਸ਼ਰਨ ਵਿਚ ਲੈਣਾ, ਸੰਗਤ ਨੂੰ ਸਿਰਫ ਅਕਾਲ ਪੁਰਖ ਦਾ ਹੁਕਮ ਮੰਨਣ ਦਾ ਆਦੇਸ਼ ਦੇਣਾ, ਜਬਰ ਜ਼ੁਲਮ ਦਾ ਵਿਰੋਧ ਕਰਨਾ, ਲੋਕਾਂ ਨੂੰ ਸੱਚ, ਹੱਕ, ਆਜ਼ਾਦੀ ਤੇ ਅਣਖ ਲਈ ਜੂਝਣ ਦੀ ਪ੍ਰੇਰਣਾ ਦੇਣਾ ਆਦਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਬਹਾਨੇ ਬਣ ਗਏ। ਲਾਹੌਰ ਦੇ ਗਵਰਨਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵਜ਼ੀਰ ਖਾਨ ਤੇ ਗੁੰਚਾ ਬੇਗ ਨੂੰ ਗੁਰੂ ਜੀ ਵੱਲ ਭੇਜਿਆ। ਵਜ਼ੀਰ ਖ਼ਾਨ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੂੰ ਪਤਾ ਸੀ ਕਿ ਜੇ ਗੁਰੂ ਜੀ ਲਾਹੌਰ ਗਏ ਤਾਂ ਗਵਰਨਰ ਨੇ ਉਨ੍ਹਾਂ ਨਾਲ ਭਲੀ ਨਹੀਂ ਕਰਨੀ। ਉਨ੍ਹਾਂ ਗੁਰੂ ਜੀ ਨੂੰ ਆਗਰੇ ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਸਿਰਫ 17 ਵਰ੍ਹਿਆਂ ਦੇ ਸਨ, ਜਦੋਂ ਉਨ੍ਹਾਂ ਆਗਰੇ ਵੱਲ ਚਾਲੇ ਪਾਏ। ਦਿੱਲੀ ਪੁੱਜ ਕੇ ਉਨ੍ਹਾਂ ਨੇ ਮਜਨੂੰ ਦੇ ਟਿੱਲੇ ’ਤੇ ਪੜਾਅ ਕੀਤਾ ਤੇ ਇਥੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ 12 ਸਾਲ ਦੀ ਕੈਦ ਦਾ ਹੁਕਮ ਸੁਣਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ। ਇਸ ਕਿਲ੍ਹੇ ਵਿਚ ਸਿਰਫ ਸ਼ਾਹੀ ਕੈਦੀ ਹੀ ਰੱਖੇ ਜਾਂਦੇ ਸਨ। ਇਥੇ ਪਹਿਲਾਂ ਹੀ 101 ਰਾਜੇ ਕੈਦ ਸਨ। ਗੁਰੂ ਜੀ ਨੇ ਆਪਣੇ ਸਾਥੀਆਂ ਨੂੰ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਤਾਂ ਜੋ ਧਰਮ ਪ੍ਰਚਾਰ ਦਾ ਕੰਮ ਜਾਰੀ ਰੱਖਿਆ ਜਾ ਸਕੇ। ਗੁਰੂ ਜੀ ਨੇ ਕਿਲ੍ਹੇ ਦੇ ਅੰਦਰ ਹੀ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਵਜ਼ੀਰ ਖ਼ਾਨ, ਸਾਈਂ ਮੀਆਂ ਮੀਰ ਤੇ ਨਿਜ਼ਾਮਉਦੀਨ ਔਲੀਆ ਨੇ ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਦੁਆਣ ਦੀਆਂ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ। ਉਨ੍ਹਾਂ ਨੂਰਜਹਾਂ ਨੂੰ ਵੀ ਗੁਰੂ ਜੀ ਦੇ ਹੱਕ ਵਿੱਚ ਕਰ ਲਿਆ। ਹੁਣ ਜਹਾਂਗੀਰ ਬਿਮਾਰ ਰਹਿਣ ਲੱਗ ਪਿਆ। ਉਸ ਨੂੰ ਦੱਸਿਆ ਗਿਆ ਕਿ ਇਸ ਬਿਮਾਰੀ ਦਾ ਮੁੱਖ ਕਾਰਨ ਕਿਸੇ ਪੀਰ ਨੂੰ ਦੁੱਖ ਦੇਣਾ ਹੈ। ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ, ‘'ਜਹਾਂ ਤਬੀਅਤ ਹੋਇ ਜਾਈਏ, ਜਹਾਂ ਖੁਸ਼ੀ ਹੋਏ ਰਹੀਏ।’
ਗੁਰੂ ਜੀ ਜਦੋਂ ਕਿਲ੍ਹਾ ਛੱਡਣ ਲੱਗੇ ਤਾਂ ਉਥੇ ਕੈਦ ਰਾਜਿਆਂ ਨੇ ਬੇਨਤੀ ਕੀਤੀ, ‘ਮਹਾਰਾਜ ਸਾਨੂੰ ਕਿਸ ਦੇ ਸਹਾਰੇ ਛੱਡ ਕੇ ਜਾ ਰਹੇ ਹੋ?’ ਗੁਰੂ ਜੀ ਨੇ ਜਹਾਂਗੀਰ ਨੂੰ ਆਖਿਆ, ‘ਮੈਂ ਉਦੋਂ ਤਕ ਕਿਲ੍ਹੇ ’ਚੋਂ ਨਹੀਂ ਜਾਵਾਂਗਾ, ਜਦੋਂ ਤਕ ਇਨ੍ਹਾਂ ਸਾਰਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।’ ਜਹਾਂਗੀਰ ਨੇ ਹੁਕਮ ਦਿੱਤਾ ਕਿ ਛੋਟੇ ਰਾਜਿਆਂ ਨੂੰ ਛੱਡ ਦਿੱਤਾ ਜਾਵੇ। ਬਾਕੀ ਜਿੰਨੇ ਗੁਰੂ ਜੀ ਦੇ ਚੋਲੇ ਨੂੰ ਫੜ ਸਕਣ, ਉਹ ਬਾਹਰ ਆ ਸਕਦੇ ਹਨ। ਉਦੋਂ ਕੈਦ ਵਿਚ 49 ਛੋਟੇ ਰਾਜੇ ਸਨ, ਬਾਕੀ 52 ਰਾਜਿਆਂ ਦੀ ਰਿਹਾਈ ਲਈ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ ਤੇ ਸਾਰੇ ਰਾਜਿਆਂ ਦੀ ਰਿਹਾਈ ਹੋਈ। ਉਦੋਂ ਤੋਂ ਹੀ ਗੁਰੂ ਜੀ ਨੂੰ ਬੰਦੀ ਛੋੜ ਆਖਿਆ ਜਾਣ ਲੱਗ ਪਿਆ।
ਮੈਕਾਲਿਫ਼ ਲਿਖਦਾ ਹੈ ਕਿ ਜਦੋਂ ਗੁਰੂ ਜੀ ਗਵਾਲੀਅਰ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਆਉਣ ਦੀ ਤਿਆਰੀ ਕਰ ਰਹੇ ਸਨ ਤਾਂ ਬਾਦਸ਼ਾਹ ਨੇ ਉਨ੍ਹਾਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ। ਗੁਰੂ ਜੀ ਜਦੋਂ ਜਹਾਂਗੀਰ ਨੂੰ ਮਿਲੇ ਤਾਂ ਉਸ ਨੇ ਬੇਨਤੀ ਕੀਤੀ, ‘ਗੁਰੂ ਜੀ ਮੈਂ ਵੀ ਲਾਹੌਰ ਰਾਹੀਂ ਕਸ਼ਮੀਰ ਜਾ ਰਿਹਾ ਹਾਂ। ਮੇਰੀ ਇੱਛਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ।’ ਗੁਰੂ ਜੀ ਅੰਮ੍ਰਿਤਸਰ ਤੱਕ ਬਾਦਸ਼ਾਹ ਦੇ ਨਾਲ ਆਏ। ਇਸੇ ਸਫਰ ਦੌਰਾਨ ਮਲਕਾ ਨੂਰਜਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਮੈਕਾਲਿਫ਼ ਅੱਗੇ ਲਿਖਦਾ ਹੈ ਕਿ ਬਾਦਸ਼ਾਹ ਨੇ ਆਪਣਾ ਪੜਾਅ ਅੰਮ੍ਰਿਤਸਰ ਨੇੜੇ ਗੁਮਦਾਲਾ ਪਿੰਡ ਕੀਤਾ। ਬਾਦਸ਼ਾਹ ਨੇ ਮਲਕਾ ਨੂਰਜਹਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕੜਾਹ ਪ੍ਰਸਾਦਿ ਕਰਵਾਇਆ। ਉਸ ਨੇ ਗੁਰੂ ਘਰ ਦੀ ਉਸਾਰੀ ਲਈ ਮਾਇਆ ਦੇਣੀ ਚਾਹੀ ਪਰ ਗੁਰੂ ਜੀ ਨੇ ਸ਼ਾਹੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਨੇ ਧਰਮ ਪ੍ਰਚਾਰ ਲਈ ਵੱਡੀਆਂ ਯਾਤਰਾਵਾਂ ਕੀਤੀਆਂ। ਜਦੋਂ ਗੁਰੂ ਜੀ ਕਸ਼ਮੀਰ ਵਿਚ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਸ਼ਿਵਾ ਜੀ ਦੇ ਗੁਰੂ ਸੰਤ ਰਾਮਦਾਸ ਜੀ ਨਾਲ ਹੋਈ। ਰਾਮਦਾਸ ਜੀ ਨੇ ਗੁਰੂ ਜੀ ਤੋਂ ਪੁੱਛਿਆ, ‘ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਕੇ ਸ਼ਸਤਰ ਧਾਰਨ ਕਰਕੇ ਸ਼ਾਹੀ ਠਾਠ ਨਾਲ ਕਿਉਂ ਰਹਿੰਦੇ ਹੋ?’ ਗੁਰੂ ਜੀ ਦਾ ਉੱਤਰ ਸੀ, ‘ਗੁਰੂ ਨਾਨਕ ਨੇ ਮਾਇਆ ਤਿਆਗੀ ਸੀ, ਸੰਸਾਰ ਨਹੀਂ। ਅਸੀਂ ਸ਼ਸਤਰ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਲਈ ਪਾਏ ਹਨ।’ ਦੋਵਾਂ ਵਿਚਕਾਰ ਮੁਗਲਾਂ ਦੇ ਜ਼ੁਲਮ ਨੂੰ ਖ਼ਤਮ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸੇ ਵਿਚਾਰ-ਵਟਾਂਦਰੇ ਦੇ ਆਧਾਰ ’ਤੇ ਗੁਰੂ ਜੀ ਨੇ ਉੱਤਰ ਵਿੱਚ ਤੇ ਸ਼ਿਵਾ ਜੀ ਮਰਹੱਟਾ ਨੇ ਪੱਛਮ ਵਿੱਚ ਸ਼ਾਹੀ ਜ਼ੁਲਮ ਵਿਰੁੱਧ ਮੁਹਿੰਮ ਸ਼ੁਰੂ ਕੀਤੀ।
ਜਹਾਂਗੀਰ ਦੀ ਮੌਤ ਪਿੱਛੋਂ ਸ਼ਾਹ ਜਹਾਨ ਤਖ਼ਤ ’ਤੇ ਬੈਠਿਆ। ਉਸ ਦਾ ਹੁਕਮ ਸੀ ਕਿ ਇਸਲਾਮ ਤੋਂ ਬਗੈਰ ਹੋਰ ਕਿਸੇ ਧਰਮ ਦਾ ਪ੍ਰਚਾਰ ਨਾ ਹੋਣ ਦਿੱਤਾ ਜਾਵੇ। ਗੁਰੂ ਘਰ ਦੇ ਦੋਖੀਆਂ ਵਿਸ਼ੇਸ਼ ਕਰਕੇ ਚੰਦੂ, ਸੁਲਹੀ ਖਾਨ ਅਤੇ ਪ੍ਰਿਥੀ ਚੰਦ ਦੇ ਪੁੱਤਰਾਂ ਗੁਰੂ ਘਰ ਵਿਰੁੱਧ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ। ਉਦੋਂ ਲਾਹੌਰ ਦਾ ਗਵਰਨਰ ਕੁਲੀਜ ਖਾਨ ਸੀ, ਜਿਹੜਾ ਗੁਰੂ ਘਰ ਦਾ ਵਿਰੋਧੀ ਸੀ। ਜਦੋਂ ਸ਼ਾਹ ਜਹਾਨ 1633 ਵਿਚ ਲਾਹੌਰ ਆਇਆ ਤਾਂ ਉਸ ਕੋਲੋਂ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਪ੍ਰਾਪਤ ਕਰ ਲਿਆ। ਗੁਰੂ ਜੀ ਨੂੰ ਫੜਨ ਲਈ ਮੁਰਤਜ਼ਾ ਖਾਨ ਦੀ ਅਗਵਾਈ ਹੇਠ ਆਈ ਮੁਗਲ ਫੌਜ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸੇ ਤਰ੍ਹਾਂ ਲੱਲਾ ਬੇਗ, ਕਮਰ ਬੇਗ ਤੇ ਪੈਂਦੇ ਖਾਨ ਦੀ ਅਗਵਾਈ ਹੇਠ ਹਮਲੇ ਕੀਤੇ ਗਏ ਪਰ ਹਮੇਸ਼ਾ ਸ਼ਾਹੀ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਤਿੰਨ ਦਹਾਕਿਆਂ ਪਿੱਛੋਂ ਹੀ ਗੁਰੂ ਦੇ ਸਿੱਖਾਂ ਨੇ ਸ਼ਾਹੀ ਫੌਜਾਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਸੱਚ ਤੇ ਹੱਕ ਦੀ ਰਾਖੀ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਮੈਦਾਨ-ਏ-ਜੰਗ ਵਿਚ ਕੁੱਦੇ ਅਤੇ ਸ਼ਾਹੀ ਫੌਜਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ।
ਨਿੱਤ ਦੀਆਂ ਲੜਾਈਆਂ ਦਾ ਧਰਮ ਪ੍ਰਚਾਰ ’ਤੇ ਅਸਰ ਪੈ ਰਿਹਾ ਸੀ। ਗੁਰੂ ਜੀ ਨੇ ਅੰਮ੍ਰਿਤਸਰ ਨੂੰ ਤਿਆਗ ਕੀਰਤਪੁਰ ਸਾਹਿਬ ਰਹਿਣ ਦਾ ਫੈਸਲਾ ਕੀਤਾ। ਕੀਰਤਪੁਰ ਸਾਹਿਬ ਦਰਿਆ ਸਤਲੁਜ ਦੇ ਕੰਢੇ ਪਹਾੜੀਆਂ ਦੀ ਗੋਦ ਵਿਚ ਜੰਗਲਾਂ ਨਾਲ ਘਿਰਿਆ ਰਮਣੀਕ ਥਾਂ ਸੀ। ਇਸ ਨੂੰ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ। ਗੁਰੂ ਸਾਹਿਬ 1635 ਵਿਚ ਕੀਰਤਪੁਰ ਸਾਹਿਬ ਆਏ ਅਤੇ ਆਖਰੀ ਸਮੇਂ ਤਕ ਇਥੇ ਰਹਿ ਕੇ ਧਰਮ ਪ੍ਰਚਾਰ ਕਰਦੇ ਰਹੇ। ਗੁਰੂ ਜੀ 3 ਮਾਰਚ, 1645 ਨੂੰ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਸਸਕਾਰ ਦਰਿਆ ਸਤਿਲੁਜ ਦੇ ਕੰਢੇ ਗੁਰਦੁਆਰਾ ਪਤਾਲਪੁਰੀ ਵਾਲੀ ਥਾਂ ’ਤੇ ਕੀਤਾ ਗਿਆ। ਗੁਰੂ ਜੀ ਗੁਰਗੱਦੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਤੇ ਆਪਣੇ ਪੋਤਰੇ ਗੁਰੂ ਹਰਿ ਰਾਏ ਜੀ ਨੂੰ ਸੌਂਪ ਗਏ।
ਜਬਰ, ਜ਼ੁਲਮ, ਨਾ-ਬਰਾਬਰੀ ਅਤੇ ਅਨਿਆਂ ਵਿਰੁੱਧ ਜਿਹੜੀ ਸ਼ਾਂਤਮਈ ਮੁਹਿੰਮ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ, ਉਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਨਵਾਂ ਮੋੜ ਦਿੱਤਾ। ਉਨ੍ਹਾਂ ਜ਼ੁਲਮ ਦਾ ਟਾਕਰਾ ਕਰਨ ਲਈ ਹਥਿਆਰ ਚੁੱਕੇ ਅਤੇ ਆਪਣੇ ਸਿੱਖਾਂ ਨੂੰ ਸੱਚ ਤੇ ਹੱਕ ਦੀ ਲੜਾਈ ਲੜਨ ਲਈ ਤਿਆਰ ਕੀਤਾ। ਉਨ੍ਹਾਂ ਪੀਰੀ ਤੇ ਮੀਰੀ ਦਾ ਸੁਮੇਲ ਕਰਕੇ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ, ਤਾਂ ਜੋ ਰਾਜਨੀਤੀ ਧਾਰਮਿਕ ਅਸੂਲਾਂ ਅਨੁਸਾਰ ਸੱਚ, ਹੱਕ ਤੇ ਬਰਾਬਰੀ ਦਾ ਰਾਜ ਬਣਾਇਆ ਜਾ ਸਕੇ ਅਤੇ ਗਰੀਬਾਂ ਤੇ ਕਮਜ਼ੋਰਾਂ ਦੀ ਰਾਖੀ ਕੀਤੀ ਜਾ ਸਕੇ।
ਸੰਪਰਕ: 94170-87328