ਮੀਂਹ ਤੇ ਝੱਖੜ ਮਗਰੋਂ ਮੰਡੀਆਂ ’ਚ ਕਣਕ ਦੀ ਖਰੀਦ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਪਰੈਲ
ਮੀਂਹ, ਝੱਖੜ ਅਤੇ ਗੜੇਮਾਰੀ ਤੋਂ ਦੋ ਦਿਨਾਂ ਬਾਅਦ ਤੇਜ਼ ਧੁੱਪਾਂ ਲੱਗਣ ਕਾਰਨ ਆਰੰਭ ਹੋਈ ਕਣਕ ਦੀ ਕੰਬਾਈਨਾਂ ਨਾਲ ਵਾਢੀ ਤੋਂ ਮਗਰੋਂ ਖੇਤਾਂ ’ਚੋ ਖ਼ਰੀਦ ਕੇਂਦਰਾਂ ਵਿੱਚ ਆਉਣ ਲੱਗੀ ਹਾੜੀ ਦੀ ਇਸ ਫ਼ਸਲ ਦੀ ਮਾਲਵਾ ਖੇਤਰ ਵਿੱਚ ਖ਼ਰੀਦ ਸ਼ੁਰੂ ਹੋ ਗਈ ਹੈ। ਪੰਜਾਬ ਮੰਡੀ ਬੋਰਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਮਾਲਵਾ ਖਿੱਤੇ ਦੇ ਬਠਿੰਡਾ, ਬਰਨਾਲਾ, ਮੁਕਤਸਰ, ਸੰਗਰੂਰ, ਫਰੀਦਕੋਟ, ਮੁਕਤਸਰ, ਮੋਗਾ ਜ਼ਿਲ੍ਹਿਆਂ ਵਿੱਚ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਸਾਫ਼ ਰਹਿਣ ਅਤੇ ਚੰਗੀਆਂ ਧੁੱਪਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਕਾਹਲੀ ਨਾਲ ਫ਼ਸਲ ਨੂੰ ਕੰਬਾਇਨਾਂ ਰਾਹੀਂ ਕਟਵਾ ਕੇ ਸਿੱਧਾ ਮੰਡੀਆਂ ਵਿੱਚ ਭੇਜਿਆ ਜਾਣ ਲੱਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੀਜ਼ਨ ਹਾੜ੍ਹੀ 2024 ਵਿੱਚ ਮੰਡੀਆਂ ’ਚ ਆਉਣ ਵਾਲੀ ਕਣਕ ਦੀ ਸਰਕਾਰੀ ਤੌਰ ’ਤੇ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਵਾ ਦਿੱਤੀ ਗਈ ਸੀ ਪਰ ਮੀਂਹਾਂ ਦੀ ਮਾਰ ਨੇ ਵਾਢੀ ਦਾ ਕਾਰਜ ਠੱਲ ਦਿੱਤਾ ਸੀ। ਮਾਨਸਾ ਸਮੇਤ ਬੁਢਲਾਡਾ, ਭੀਖੀ, ਬਰੇਟਾ, ਸਰਦੂਲਗੜ੍ਹ ਅਤੇ ਝੁਨੀਰ ਮੰਡੀ ਸਮੇਤ ਤਿੰਨ ਦਰਜਨ ਤੋਂ ਵੱਧ ਪੇਂਡੂ ਖਰੀਦ ਕੇਂਦਰਾਂ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਪੁੱਜ ਗਈ ਹੈ। ਬੁਢਲਾਡਾ ਮੰਡੀ ਵਿੱਚ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਮੌਕੇ ਆੜ੍ਹਤੀਆਂ, ਕਿਸਾਨਾਂ, ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਦੇ ਖਰੀਦ ਸਟਾਫ਼ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬੋਲੀ ਆਰੰਭ ਕੀਤੀ ਗਈ। ਉਨ੍ਹਾਂ ਨੇ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਸਟਾਫ਼ ਨੂੰ ਕਿਹਾ ਕਿ ਖਰੀਦ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਨਾਜ ਮੰਡੀਆਂ ਵਿਚ ਸਿਰਫ਼ ਸੁੱਕੀ ਫ਼ਸਲ ਹੀ ਲਿਆਉਣ।
ਦੂਜੇ ਪਾਸੇ ਇਸ ਖਿੱਤੇ ਵਿੱਚ ਪਏ ਮੀਂਹ, ਝੱਖੜ ਅਤੇ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਹੀ ਤਾਪਮਾਨ ਵਿੱਚ ਆਈ ਗਿਰਾਵਟ ਵਿੱਚ ਮੁੜ ਵਾਧਾ ਹੋਣਾ ਆਰੰਭ ਹੋ ਗਿਆ ਹੈ। ਮੌਸਮ ਵਿਭਾਗ ਪਾਸੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਅਗਲੇ ਦਿਨਾਂ ਦੌਰਾਨ ਇਸ ਖਿੱਤੇ ਵਿੱਚ ਮੌਸਮ ਦੇ ਸਾਫ਼ ਰਹਿਣ ਦੇ ਨਾਲ ਤਾਪਮਾਨ ਵਿੱਚ ਵਾਧੇ ਦੀ ਪਸ਼ੀਨਗੋਈ ਕੀਤੀ ਗਈ ਹੈ।