ਮੀਂਹ ਤੇ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ; ਕਿਸਾਨ ਪ੍ਰੇਸ਼ਾਨ
ਕਾਲਾਂਵਾਲੀ(ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਪਿੰਡਾਂ ਹਨੇਰੀ, ਮੀਂਹ ਅਤੇ ਗੜੇਮਾਰੀ ਦੇ ਨਾਲ ਬਿਜਲੀ ਡਿੱਗਣ ਕਾਰਨ ਕਈ ਪਿੰਡਾਂ ਵਿੱਚ ਸਰ੍ਹੋਂ ਅਤੇ ਕਣਕ ਆਦਿ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ। ਮੀਂਹ ਕਾਰਨ ਕਣਕ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਇਆ। ਕਿਸਾਨਾਂ ਨੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਕੀਤੀ ਹੈ।
ਇਸ ਸਬੰਧੀ ਇਲਾਕੇ ਦੇ ਕਿਸਾਨ ਗੁਰਵਿੰਦਰ ਸਿੰਘ, ਜਸਕਰਨ ਸਿੰਘ, ਮਹਿੰਦਰ ਸਿੰਘ, ਦੀਪ ਸਿੰਘ, ਗੁਰਲਾਲ ਸਿੰਘ ਆਦਿ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਹਨੇਰੀ, ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਕਣਕ ਦੀ ਪੱਕੀ ਫਸਲ ’ਤੇ ਗੜ੍ਹੇ ਪੈਣ ਨਾਲ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਸ ਬਾਰੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਜੋ ਅਧਿਕਾਰੀ ਸਮੇਂ ਸਿਰ ਖੇਤਾਂ ਦਾ ਦੌਰਾ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਸਕਣ ਅਤੇ ਇਸਦੀ ਰਿਪੋਰਟ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜਣ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਢੀ ਤੋਂ ਪਹਿਲਾਂ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਤਬਾਹ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇ ਅਤੇ ਇਲਾਕੇ ਵਿੱਚ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ।