ਗੁਰਬਖਸ਼ਪੁਰੀਤਰਨ ਤਾਰਨ, 1 ਜੂਨਮਿੱਡ-ਡੇਅ ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਅੱਜ ਇਕ ਇਕੱਤਰਤਾ ਗੁਰਦੁਆਰਾ ਬਾਬਾ ਦੀਪ ਸਿੰਘ ਭਿੱਖੀਵਿੰਡ ਵਿੱਚ ਆਸ਼ਾ ਵਰਕਰਾਂ ਦੀ ਆਗੂ ਚਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਵਿਖੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਭਰ ਤੋਂ ਮਿੱਡ-ਡੇਅ ਮੀਲ ਵਰਕਰਾਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਮੁਲਾਜ਼ਮਾਂ ਦੇ ਆਗੂ ਨਿਰਮਲ ਸਿੰਘ ਮਾੜੀਗੌੜ ਸਿੰਘ, ਧਰਮ ਸਿੰਘ ਪੱਟੀ, ਰਣਜੀਤ ਕੌਰ ਸਮੇਤ ਹੋਰਨਾਂ ਨੇ ਵਿਚਾਰ ਪੇਸ਼ ਕੀਤੇ| ਆਗੂਆਂ ਨੇ ਵਰਕਰਾਂ ਨੂੰ ਦਿੱਤੇ ਜਾ ਰਹੇ 3000 ਪ੍ਰਤੀ ਮਹੀਨਾ ਭੱਤੇ ਨੂੰ ਨਿਗੁਣਾ ਆਖਦਿਆਂ ਮਿੱਡ-ਡੇਅ ਮੀਲ ਵਰਕਰਾਂ, ਸਫਾਈ ਸੇਵਕਾਂ ਆਦਿ ਦੀਆਂ ਉਜਰਤਾਂ ਕਿਰਤ ਕਮਿਸ਼ਨਰ ਵੱਲੋਂ ਨਿਰਧਾਰਿਤ ਉਜਰਤਾਂ ਅਨੁਸਾਰ 10 ਹਜ਼ਾਰ ਰੁਪਏ ਮਹੀਨਾ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਵਰਕਰਾਂ ਨੂੰ ਇਕ ਸਾਲ ਵਿੱਚ ਦੋ ਵਰਦੀਆਂ ਦੇਣ, ਵਰਕਰਾਂ ਦਾ ਪੰਜ ਲੱਖ ਦਾ ਮੁਫ਼ਤ ਬੀਮਾ ਕਰਵਾਉਣ ,ਵਾਧੂ ਕੰਮ ਕਰਨ ਬਦਲੇ ਵਾਧੂ ਪੈਸੇ ਦੇਣ ਆਦਿ ਮੰਗਾਂ ’ਤੇ ਜ਼ੋਰ ਦਿੱਤਾ। ਜਥੇਬੰਦੀ ਨੇ ਆਪਣੀਆਂ ਮੰਗਾਂ ’ਤੇ ਜ਼ੋਰ ਦੇਣ ਲਈ 15 ਜੂਨ ਨੂੰ ਤਰਨ ਤਾਰਨ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਰੋਸ ਵਿਖਾਵਾ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਮੌਕੇ ਬਲਵਿੰਦਰ ਕੌਰ, ਰਾਜ ਕੌਰ, ਨਿੰਦਰ ਕੌਰ, ਗੁਰਜੀਤ ਕੌਰ ਨੇ ਵੀ ਸੰਬੋਧਨ ਕੀਤਾ।