ਗੁਰਦੀਪ ਸਿੰਘ ਲਾਲੀਸੰਗਰੂਰ, 10 ਅਪਰੈਲਸੰਗਰੂਰ ਪੁਲੀਸ ਵੱਲੋਂ ਮੋਬਾਈਲ ਫੋਨ ਕਾਲਾਂ ਰਾਹੀਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਿੱਡ-ਡੇਅ ਮੀਲ ਦੀ ਸਹੂਲਤ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਦੀਆਂ ਪੰਚਾਇਤਾਂ ਕੋਲੋਂ ਕਰੀਬ 80 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਮਾਰੀ ਸੀ।ਉਪ ਕਪਤਾਨ ਪੁਲੀਸ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਾਈਬਰ ਕਰਾਇਮ ਸੰਗਰੂਰ ਕੋਲ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਲਿਖਤੀ ਸ਼ਿਕਾਇਤਾਂ ਮਿਲੀਆਂ ਸਨ ਕਿ ਸਾਈਬਰ ਠੱਗਾਂ ਵੱਲੋਂ ਮੋਬਾਈਲ ਫੋਨ ਰਾਹੀਂ ਕਾਲਾਂ ਕਰਕੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਿੱਡ-ਡੇਅ ਮੀਲ ਦੀ ਸਹੂਲਤ ਦੇ ਨਾਮ ’ਤੇ ਝਾਂਸਾ ਦੇ ਕੇ ਆਨਲਾਈਨ ਪੇਮੈਂਟ ਰਾਹੀਂ ਠੱਗੀ ਮਾਰੀ ਜਾ ਰਹੀ ਹੈ। ਇਨ੍ਹਾਂ ਸ਼ਿਕਾਇਤਾਂ ’ਤੇ ਥਾਣਾ ਸਾਈਬਰ ਕਰਾਈਮ ਵਲੋਂ ਠੱਗੀ ਦੌਰਾਨ ਵਰਤੇ ਗਏ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਦਾ ਸਬੰਧੀ ਡਿਟੇਲਜ਼/ਰਿਕਾਰਡ ਹਾਸਲ ਕਰਕੇ ਥਾਣਾ ਸਾਈਬਰ ਕਰਾਇਮ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ।ਉਪ ਕਪਤਾਨ ਪੁਲੀਸ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਥਾਣਾ ਸਾਈਬਰ ਕਰਾਇਮ ਦੀ ਟੀਮ ਵਲੋਂ ਸਾਈਬਰ ਠੱਗੀਆਂ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਰਿੰਕੂ ਕੁਮਾਰ ਅਤੇ ਹਰੀ ਚੰਦ ਉਰਫ਼ ਬੰਟੀ ਵਾਸੀ ਚੱਕ ਕਬਰ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੁਣ ਤੱਕ ਇਨ੍ਹਾਂ ਮੁਲਜ਼ਮਾਂ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਪੰਚਾਇਤਾਂ ਕੋਲੋਂ ਕਰੀਬ 80 ਹਜ਼ਾਰ ਰੁਪਏ ਠੱਗੇ ਗਏ ਸੀ।