ਮਿੱਟੀ ਨਾਲ ਜੁੜਿਆ ਬਾਵਾ
ਰਜਵਿੰਦਰ ਪਾਲ ਸ਼ਰਮਾ
ਆਪਣੀ ਸਾਫ਼ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਨਾਲ ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀਆਂ ਦੇ ਦਿਲ ਵਿੱਚ ਗਹਿਰੀ ਥਾਂ ਬਣਾਉਣ ਵਾਲਾ ਰਣਜੀਤ ਸਿੰਘ ਬਾਜਵਾ ਉਰਫ਼ ਰਣਜੀਤ ਬਾਵਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਸ ਦਾ ਜਨਮ 14 ਮਾਰਚ 1989 ਨੂੰ ਪਿੰਡ ਵਡਾਲਾ ਗ੍ਰੰਥੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਤਾ ਗੱਜਣ ਸਿੰਘ ਬਾਜਵਾ ਅਤੇ ਮਾਤਾ ਗੁਰਮੀਤ ਕੌਰ ਬਾਜਵਾ ਦੇ ਘਰ ਹੋਇਆ। ਰਣਜੀਤ ਬਾਵੇ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਸਕੂਲੀ ਪੜ੍ਹਾਈ ਦੌਰਾਨ ਹੀ ਉਸ ਨੂੰ ਸੰਗੀਤ ਦੀ ਗੁੜ੍ਹਤੀ ਮਿਲੀ ਜਿਸ ਵਿੱਚ ਉਸ ਦੇ ਸੰਗੀਤ ਅਧਿਆਪਕ ਮੰਗਲ ਸਿੰਘ ਦਾ ਬਹੁਤ ਵੱਡਾ ਯੋਗਦਾਨ ਰਿਹਾ। ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਉਸ ਨੇ ਐੱਮਏ ਰਾਜਨੀਤੀ ਸ਼ਾਸਤਰ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਐੱਮਏ ਸੰਗੀਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਬਚਪਨ ਵਿੱਚ ਪੈਦਾ ਹੋਇਆ ਗੀਤ ਗਾਉਣ ਦਾ ਸ਼ੌਕ ਹੌਲੀ ਹੌਲੀ ਉਸ ਦਾ ਜਨੂੰਨ ਬਣ ਗਿਆ।
ਉਸ ਨੇ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਬਣਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੁਆਰਾ ਲੰਮੇ ਸਮੇਂ ਤੋਂ ਗਾਏ ਜਾ ਰਹੇ ਪਾਕਿਸਤਾਨੀ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਨੇ ਉਸ ਨੂੰ ਇੰਨਾ ਮਕਬੂਲ ਕੀਤਾ ਕਿ ਸਰੋਤਿਆਂ ਨੇ ਆਪਣੇ ਪਿਆਰ ਦੇ ਨਾਲ ਨਾਲ ਰਣਜੀਤ ਸਿੰਘ ਬਾਜਵਾ ਨੂੰ ਇੱਕ ਨਵਾਂ ਨਾਮ ਰਣਜੀਤ ਬਾਵਾ ਵੀ ਦੇ ਦਿੱਤਾ।
ਉਸ ਦੀ ਪਹਿਲੀ ਐਲਬਮ 2015 ਵਿੱਚ ‘ਮਿੱਟੀ ਦਾ ਬਾਵਾ’ ਆਈ ਜਿਸ ਵਿੱਚ ‘ਮਿੱਟੀ ਦਾ ਬਾਵਾ’ ਦੇ ਨਾਲ ਨਾਲ ‘ਬੋਟੀ ਬੋਟੀ’, ‘ਡਾਲਰ ਬਨਾਮ ਰੋਟੀ’, ‘ਬੰਦੂਕ’, ‘ਸਰਦਾਰ’, ‘ਜੱਟ ਦਾ ਡਰ’ ਅਤੇ ‘ਯਾਰੀ ਚੰਡੀਗੜ੍ਹ ਵਾਲੀਏ’ ਵਰਗੇ ਸੁਪਰ ਹਿੱਟ ਗੀਤ ਸ਼ਾਮਿਲ ਸਨ। ਇਸ ਤੋਂ ਬਾਅਦ ਉਸ ਦੇ ਆਏ ਸਿੰਗਲ ਗੀਤ ‘ਜੱਟ ਦੀ ਅਕਲ’, ‘ਜੀਨ’, ‘ਸਾਡੀ ਵਾਰੀ ਆਉਣ ਦੇ’, ‘ਜਿੰਦਾ ਸੁੱਖਾ’, ‘ਮੁੰਡਾ ਸਰਦਾਰਾ ਦਾ’, ‘ਨੈਰੋ ਸਲਵਾਰ’ ਅਤੇ ‘ਕਿੰਨੇ ਆਏ ਕਿੰਨੇ ਗਏ’ ਸ਼ਾਮਿਲ ਹਨ।
ਗਾਇਕੀ ਵਿੱਚ ਲੋਹਾ ਮਨਵਾਉਣ ਵਾਲਾ ਰਣਜੀਤ ਬਾਵਾ ਅਦਾਕਾਰੀ ਵਿੱਚ ਵੀ ਪਿੱਛੇ ਨਹੀਂ ਰਿਹਾ। ਸ਼ਹੀਦ ਜੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ ’ਤੇ ਆਧਾਰਿਤ 2017 ਵਿੱਚ ਆਈ ਫਿਲਮ ‘ਤੂਫ਼ਾਨ ਸਿੰਘ’ ਤੋਂ ਇਲਾਵਾ ‘ਵੇਖ ਬਰਾਤਾਂ ਚੱਲੀਆਂ’, ‘ਭਲਵਾਨ ਸਿੰਘ’, ‘ਖਿੱਦੋ ਖੂੰਡੀ’, ‘ਤਾਰਾ ਮੀਰਾ’, ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਅਤੇ ‘ਖਾਓ ਪੀਓ ਐਸ਼ ਕਰੋ’ ਵਰਗੀਆਂ ਸੁਪਹਿੱਟ ਫਿਲਮਾਂ ਵੀ ਪੰਜਾਬੀ ਸਿਨੇਮਾ ਦੀ ਝੋਲੀ ਪਾਈਆਂ।
ਉਸ ਦੀ ਗਾਇਕੀ ਅਤੇ ਫਿਲਮਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਹੀਆਂ ਹਨ। ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਉਸ ਨੇ ਹਮੇਸ਼ਾਂ ਸਮਾਜਿਕ ਬੁਰਾਈਆਂ ’ਤੇ ਚੋਟ ਕਰਕੇ ਇਕਜੁੱਟ ਹੋਣ ਦਾ ਹੋਕਾ ਦਿੱਤਾ ਹੈ। ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਵਿੱਚ ਉਹ ਆਪਣੀ ਅਦਾਕਾਰੀ ਨਾਲ ਨਸ਼ਿਆਂ ਦੀ ਦਲਦਲ ਵਿੱਚ ਫਸੇ ਲਾਡੀ ਦੇ ਕਿਰਦਾਰ ਰਾਹੀਂ ਸਮਾਜ ਨੂੰ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ ਕਿ ਜੇਕਰ ਵਿਅਕਤੀ ਚਾਹੇ ਤਾਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਹੈ। ਸ਼ਾਲਾ! ਪੰਜਾਬੀ ਗਾਇਕੀ ਅਤੇ ਪੰਜਾਬੀ ਸਿਨੇਮਾ ਵਿੱਚ ਰਣਜੀਤ ਬਾਵਾ ਹੋਰ ਵੀ ਚਮਕੇ।
ਸੰਪਰਕ: 70873-67969