ਮਿੱਟੀ ਦੀ ਪਰਖ: ਲੋੜ ਅਤੇ ਅਹਿਮੀਅਤ
ਗਗਨਦੀਪ ਧਵਨ/ ਹਰਿੰਦਰ ਸਿੰਘ/ਉਪਿੰਦਰ ਸਿੰਘ ਸੰਧੂ*
ਲਗਾਤਾਰ ਸਾਲ ਵਿੱਚ ਦੋ ਤੋਂ ਤਿੰਨ ਫ਼ਸਲਾਂ ਲੈਣ ਨਾਲ ਜ਼ਮੀਨ ਵਿੱਚੋਂ ਖੁਰਾਕੀ ਤੱਤਾਂ ਦੀ ਉਪਲੱਬਧਤਾ ਕਾਫ਼ੀ ਘਟ ਜਾਂਦੀ ਹੈ, ਜਿਸ ਦਾ ਪਤਾ ਮਿੱਟੀ ਪਰਖ ਰਾਹੀਂ ਲਾਇਆ ਜਾਂਦਾ ਹੈ। ਹਾਲਾਂਕਿ, ਬਹੁਤੇ ਕਿਸਾਨ ਵਿਗਿਆਨਕ ਵਿਧੀਆਂ ਦੀ ਬਜਾਏ ਆਪਣੇ ਤਜਰਬੇ ਜਾਂ ਗੁਆਂਢੀਆਂ ਅਤੇ ਖਾਦ ਵਿਕਰੇਤਾਵਾਂ ਦੀ ਸਲਾਹ ’ਤੇ ਨਿਰਭਰ ਕਰਦੇ ਹਨ। ਇਹ ਪਹੁੰਚ ਫ਼ਸਲਾਂ ਦੇ ਵਿਸ਼ੇਸ਼ ਤੱਤਾਂ ਦੀਆਂ ਲੋੜਾਂ ਅਤੇ ਮਿੱਟੀ ਦੀ ਵਿਲੱਖਣ ਸੰਰਚਨਾ ਨੂੰ ਨਜ਼ਰਅੰਦਾਜ਼ ਕਰਦੀ ਹੈ।
ਲੋੜ ਨਾਲੋਂ ਘੱਟ ਖਾਦਾਂ ਦੀ ਵਰਤੋਂ ਫ਼ਸਲ ਦੀ ਉਤਪਾਦਕਤਾ ਵਿੱਚ ਕਮੀ ਪੈਦਾ ਕਰ ਸਕਦੀ ਹੈ, ਜਦੋਂਕਿ ਵਾਧੂ ਖਾਦਾਂ ਦੀ ਵਰਤੋਂ ਨਾਲ ਕੀਟ-ਰੋਗ ਵਧਣ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਤੋਂ ਇਲਾਵਾ ਲੋੜੀਂਦੇ ਤੱਤਾਂ ਦੀ ਕਮੀ ਦੇ ਦਿਖਣਯੋਗ ਲੱਛਣ ਕੇਵਲ ਉਦੋਂ ਹੀ ਸਾਹਮਣੇ ਆਉਂਦੇ ਹਨ, ਜਦੋਂ ਪੌਦਾ ਪਹਿਲਾਂ ਹੀ ਤਣਾਅ ਦੇ ਅਧੀਨ ਹੁੰਦਾ ਹੈ। ਇਸ ਕਾਰਨ ਸਮੇਂ ਸਿਰ ਖੁਰਾਕੀ ਤੱਤਾਂ ਦੀ ਪੂਰਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇੱਕੋ ਖੇਤ ਵਿੱਚ ਵੀ ਮਿੱਟੀ ਦੇ ਗੁਣ ਵੱਖ-ਵੱਖ ਹੋ ਸਕਦੇ ਹਨ, ਜਿਸ ਨਾਲ ਫ਼ਸਲਾਂ ਦੀ ਖੁਰਾਕੀ ਤੱਤਾਂ ਦੀ ਲੋੜ ਪ੍ਰਭਾਵਿਤ ਹੁੰਦੀ ਹੈ। ਇਸ ਲਈ ਖਾਦ ਦੀ ਸਿਫਾਰਸ਼ ਅਨੁਮਾਨ ਦੇ ਆਧਾਰ ’ਤੇ ਨਹੀਂ, ਸਗੋਂ ਮਿੱਟੀ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ।
ਮਿੱਟੀ ਪਰਖ ਦਾ ਸਮਾਂ: ਮਿੱਟੀ ਪਰਖ ਫ਼ਸਲ ਬੀਜਣ ਅਤੇ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਕੀਤੀ ਜਾਂਦੀ ਹੈ। ਇਸ ਪਰਖ ਰਾਹੀਂ ਕਿਸਾਨ ਆਪਣੀ ਫ਼ਸਲ ਲਈ ਲੋੜੀਂਦੀਆਂ ਖਾਦਾਂ ਦੀ ਮਾਤਰਾ ਅਤੇ ਕਿਸਮ ਬਾਰੇ ਠੀਕ ਫ਼ੈਸਲਾ ਲੈ ਸਕਦੇ ਹਨ, ਜਿਸ ਨਾਲ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫ਼ਸਲ ਉਤਪਾਦਨ ਵਿੱਚ ਵਾਧਾ ਯਕੀਨੀ ਬਣਦਾ ਹੈ। ਮਿੱਟੀ ਪਰਖ ਕਰਨ ਲਈ ਸਾਲ ਦਾ ਸਭ ਤੋਂ ਉਚਿਤ ਸਮਾਂ ਫ਼ਸਲ ਬੀਜਣ ਅਤੇ ਖੇਤ ਦੀ ਵਹਾਈ ਤੋਂ ਪਹਿਲਾਂ ਦਾ ਹੁੰਦਾ ਹੈ। ਪੰਜਾਬ ਦਾ ਮੁੱਖ ਫ਼ਸਲੀ ਚੱਕਰ ਝੋਨਾ-ਕਣਕ ਹੈ, ਇਸ ਲਈ ਮਿੱਟੀ ਪਰਖ ਲਈ ਸਭ ਤੋਂ ਢੁੱਕਵਾਂ ਸਮਾਂ ਕਣਕ ਦੀ ਵਢਾਈ ਤੋਂ ਬਾਅਦ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਮੰਨਿਆ ਜਾਂਦਾ ਹੈ।
ਮਿੱਟੀ ਦੇ ਨਮੂਨੇ ਲੈਣ ਦੀ ਵਿਗਿਆਨਕ ਵਿਧੀ : ਮਿੱਟੀ ਪਰਖ ਦੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਧਿਆਨ ਦੇਣ ਵਾਲੀ ਗੱਲ ਮਿੱਟੀ ਦੇ ਨਮੂਨੇ ਨੂੰ ਸਹੀ ਤਰ੍ਹਾਂ ਇਕੱਤਰ ਕਰਨ ਦੀ ਪ੍ਰਕਿਰਿਆ ਹੈ, ਕਿਉਂਕਿ ਖਾਦ ਦੀ ਸਿਫਾਰਸ਼ ਵਿਗਿਆਨਕ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਕੀਤੀ ਗਈ ਬਹੁਤ ਥੋੜ੍ਹੀ ਮਾਤਰਾ (ਅਕਸਰ 1 ਤੋਂ 10 ਗ੍ਰਾਮ) ਦੇ ਆਧਾਰ ’ਤੇ ਕੀਤੀ ਜਾਂਦੀ ਹੈ, ਇਸ ਕਰਕੇ ਇਹ ਜ਼ਰੂਰੀ ਹੈ ਕਿ ਨਮੂਨਾ ਪੂਰੇ ਖੇਤਰ ਦੀ ਠੀਕ ਤਰੀਕੇ ਨਾਲ ਨੁਮਾਇੰਦਗੀ ਕਰਦਾ ਹੋਵੇ। ਪਰਖ ਲਈ ਵਰਤੀ ਜਾਣ ਵਾਲੀ ਮਿੱਟੀ ਆਮ ਤੌਰ ’ਤੇ ਖੇਤ ਦੀ ਉੱਪਰਲੀ 6 ਇੰਚ ਮਿੱਟੀ ਦੀ ਨੁਮਾਇੰਦਗੀ ਕਰਦੀ ਹੋਣੀ ਚਾਹੀਦੀ ਹੈ ਜੋ ਇੱਕ ਏਕੜ ਖੇਤਰ ਵਿੱਚ ਲਗਭਗ 10 ਲੱਖ ਕਿਲੋਗ੍ਰਾਮ ਤੱਕ ਹੋ ਸਕਦੀ ਹੈ। ਖਾਦ ਦੀ ਸਿਫਾਰਸ਼ ਲਈ ਮਿੱਟੀ ਦੇ ਨਮੂਨੇ ਖੇਤ ਵਿੱਚੋਂ ਛੇ ਇੰਚ ਦੀ ਗਹਿਰਾਈ ਤੱਕ ਲਏ ਜਾਂਦੇ ਹਨ ਕਿਉਂਕਿ ਇਸ ਹਿੱਸੇ ਵਿੱਚ ਜੜਾਂ ਸਭ ਤੋਂ ਵੱਧ ਵਿਕਸਤ ਹੁੰਦੀਆਂ ਹਨ ਅਤੇ ਖਾਦਾਂ ਦੀ ਵਰਤੋਂ ਅਤੇ ਖੇਤੀ ਦੀਆਂ ਕਿਰਿਆਵਾਂ ਮੁੱਖ ਤੌਰ ’ਤੇ ਇੱਥੇ ਹੀ ਹੁੰਦੀਆਂ ਹਨ।
ਨਮੂਨਾ ਇਕੱਠਾ ਕਰਦੇ ਸਮੇਂ ਉੱਪਰੀ ਸਤ੍ਵ ’ਤੇ ਮੌਜੂਦ ਰਹਿੰਦ-ਖੂਹੰਦ ਨੂੰ ਖੁਰਪੇ ਦੀ ਮਦਦ ਨਾਲ ਹਟਾ ਦਿੱਤਾ ਜਾਂਦਾ ਹੈ। ਖੇਤ ਵਿੱਚੋਂ 7-8 ਵੱਖ-ਵੱਖ ਸਥਾਨਾਂ ਤੋਂ ‘ੜ’ ਆਕਾਰ ਦਾ ਕੱਟ ਲਗਾ ਕੇ ਮਿੱਟੀ ਦੀ ਇੱਕ ਇੰਚ (ਉੱਪਰੋਂ ਲੈ ਕੇ 15 ਸੈਂਟੀਮੀਟਰ ਦੀ ਗਹਿਰਾਈ ਤੱਕ) ਨੂੰ ਖੁਰਚ ਕੇ ਸਾਫ਼ ਬਾਲਟੀ ਜਾਂ ਭਾਂਡੇ ਵਿੱਚ ਰੱਖਿਆ ਜਾਂਦਾ ਹੈ। ਇੱਕ ਉਚਿਤ ਨਮੂਨਾ ਪ੍ਰਾਪਤ ਕਰਨ ਲਈ ਇਕੱਠੀ ਕੀਤੀ ਗਈ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਕਵਾਟਰਿੰਗ ਵਿਧੀ ਰਾਹੀਂ ਲਗਭਗ 500 ਗ੍ਰਾਮ ਦਾ ਨਮੂਨਾ ਬਣਾਇਆ ਜਾਂਦਾ ਹੈ। ਕਵਾਟਰਿੰਗ ਵਿਧੀ ਵਿੱਚ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਾਰ ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
ਫਿਰ ਦੋ ਵਿਰੋਧੀ ਹਿੱਸਿਆਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਉਸ ਵੇਲੇ ਤੱਕ ਦੁਹਰਾਈ ਜਾਂਦੀ ਹੈ ਜਦੋਂ ਤੱਕ ਲੋੜੀਂਦੀ ਮਾਤਰਾ (500 ਗ੍ਰਾਮ) ਨਹੀਂ ਮਿਲ ਜਾਂਦੀ। ਜੇਕਰ ਮਿੱਟੀ ਨਮੀ ਵਾਲੀ ਹੋਵੇ ਤਾਂ ਇਸ ਨੂੰ ਛਾਂ ਵਿੱਚ ਸੁਕਾ ਕੇ ਕੱਪੜੇ ਦੇ ਥੈਲੇ ਵਿੱਚ ਭਰ ਲਵੋ। ਮਿੱਟੀ ਦਾ ਨਮੂਨਾ ਥੈਲੇ ਵਿੱਚ ਭਰਨ ਉਪਰੰਤ ਥੈਲੇ ਉੱਪਰ ਮਾਰਕਰ ਨਾਲ ਆਪਣਾ ਨਾਮ, ਪਿਤਾ ਦਾ ਨਾਮ, ਖੇਤ ਦਾ ਨੰਬਰ, ਪਿੰਡ, ਬਲਾਕ, ਡਾਕਖਾਨਾ ਅਤੇ ਜ਼ਿਲ੍ਹਾ ਲਿਖੋ। ਇਹ ਸਾਰਾ ਵੇਰਵਾ ਇੱਕ ਕਾਗ਼ਜ਼ ’ਤੇ ਵੀ ਸਾਫ਼-ਸਾਫ਼ ਲਿਖ ਕੇ ਥੈਲੀ ਵਿੱਚ ਪਾ ਦਿਓ। ਇਸ ਸਾਰੀ ਸੂਚਨਾ ਤੋਂ ਇਲਾਵਾ ਖੇਤ ਵਿੱਚ ਅਪਣਾਏ ਫ਼ਸਲੀ ਚੱਕਰ, ਵਰਤੀਆਂ ਗਈਆਂ ਖ਼ਾਦਾਂ ਦੀ ਸੰਖੇਪ ਜਾਣਕਾਰੀ, ਸਿੰਚਾਈ ਦਾ ਸਾਧਨ ਪਰਚੀ ਉੱਤੇ ਲਿਖ ਕੇ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਜਮ੍ਹਾਂ ਕਰਵਾ ਦਿਓ।
ਮਿੱਟੀ ਦਾ ਨਮੂਨਾ ਲੈਂਦੇ ਸਮੇਂ ਸਾਵਧਾਨੀਆਂ: ਮਿੱਟੀ ਪਰਖ ਲਈ ਨਮੂਨਾ ਲੈਂਦੇ ਸਮੇਂ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਤੀਜੇ ਸਹੀ ਆਉਣ। ਹੇਠਾਂ ਦਿੱਤੀਆਂ ਸਥਿਤੀਆਂ ਵਿੱਚ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ;
•ਜਿੱਥੇ ਹਾਲ ਹੀ ਵਿੱਚ ਰੂੜੀ ਜਾਂ ਹੋਰ ਕਿਸਮ ਦੀ ਖਾਦ ਪਾਈ ਗਈ ਹੋਵੇ
•ਪੁਰਾਣੀਆਂ ਵੱਟਾਂ ਜਾਂ ਜਿੱਥੇ ਮਿੱਟੀ ਦੀ ਸਥਿਤੀ ਸਾਧਾਰਨ ਤੋਂ ਵੱਖਰੀ ਹੋਵੇ
•ਉਬੜ-ਖਾਬੜ ਜਾਂ ਠੋਸ/ਨਰਮ ਭੂਮੀ ਵਾਲੇ ਖੇਤਰ
•ਦਰੱਖਤਾਂ ਹੇਠਲੀ ਮਿੱਟੀ
• ਅਜਿਹੀਆਂ ਥਾਵਾਂ ਤੋਂ ਜਿੱਥੇ ਪਾਣੀ ਖੜ੍ਹਾ ਰਹਿੰਦਾ ਹੋਵੇ
•ਬਿਲਕੁਲ ਖ਼ਰਾਬ ਜਾਂ ਅਸਾਧਾਰਨ ਭੂਮੀ ਵਾਲੇ ਹਿੱਸੇ
ਇਨ੍ਹਾਂ ਸਾਵਧਾਨੀਆਂ ਨਾਲ ਮਿੱਟੀ ਦਾ ਨਮੂਨਾ ਸਹੀ ਢੰਗ ਨਾਲ ਲਿਆ ਜਾ ਸਕਦਾ ਹੈ ਜੋ ਕਿ ਵਿਗਿਆਨਕ ਪਰਖ ਲਈ ਢੁੱਕਵਾਂ ਹੁੰਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
*ਭੂਮੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ