For the best experience, open
https://m.punjabitribuneonline.com
on your mobile browser.
Advertisement

ਮਿੰਨੀ ਕਹਾਣੀਆਂ

04:04 AM Jun 05, 2025 IST
ਮਿੰਨੀ ਕਹਾਣੀਆਂ
Advertisement

ਸੌਦਾਗਰ

ਕਰਮਜੀਤ ਕੌਰ ਮੁਕਤਸਰ

Advertisement

‘‘ਨਸੀਬੋ, ਕੀ ਗੱਲ, ਮੇਰੇ ਨਾਲ ਨਰਾਜ਼ਗੀ ਹੈ ਕੋਈ? ਸਾਡੇ ਘਰ ਗੇੜਾ ਤਾਂ ਕੀ ਮਾਰਨਾ ਸੀ ਸਗੋਂ ਅੱਜਕੱਲ੍ਹ ਤੂੰ ਦੇਖ ਕੇ ਮੂੰਹ ਹੀ ਪਾਸੇ ਕਰ ਲੈਂਦੀ ਏਂ। ਕੋਈ ਗ਼ਲਤੀ ਹੋ ਗਈ ਮੇਰੇ ਤੋਂ...?’’ ਗੁਆਂਢ ’ਚ ਰਹਿੰਦੀ ਨਸੀਬੋ ਦੀ ਸਹੇਲੀ ਤਾਰੋ ਨੇ ਉਸ ਦੇ ਘਰ ਵੜਣ ਸਾਰ ਉਸ ਨੂੰ ਕਈ ਸਵਾਲ ਕਰ ਦਿੱਤੇ। ‘‘ਨਹੀਂ ਭੈਣ, ਤੇਰੇ ਨਾਲ ਭਲਾ ਕਿਸ ਗੱਲ ਦੀ ਨਰਾਜ਼ਗੀ ਹੋ ਸਕਦੀ ਹੈ। ਮੇਰਾ ਮਨ ਉਂਝ ਹੀ ਉਦਾਸ ਜਿਹਾ ਹੈ।’’ ਨਸੀਬੋ ਨੇ ਵਿਹੜੇ ਵਿੱਚ ਖੜ੍ਹੀ ਤਾਰੋ ਨੂੰ ਅੱਗੇ ਆ ਕੇ ਪਿਆਰ ਨਾਲ ਗਲਵੱਕੜੀ ’ਚ ਲੈਂਦਿਆਂ ਕਿਹਾ।
‘‘ਕਿਉਂ ਕੀ ਹੋ ਗਿਆ? ਤੂੰ ਉਦਾਸ ਕਿਉਂ ਏਂ? ਕਿਤੇ ਮੇਰੇ ਤੋਂ ਚੋਰੀ ਚੋਰੀ ਰਿਸ਼ਤਾ ਰੁਸ਼ਤਾ ਪੱਕਾ ਤਾਂ ਨਹੀਂ ਕਰਵਾ ਲਿਆ। ਭਲਾ, ਜੀਜਾ ਜੀ ਨਾਲ ਗਿਲਾ ਸ਼ਿਕਵਾ ਹੋ ਗਿਆ ਹੋਵੇ...?’’ ਤਾਰੋ ਨੇ ਮੋਹ ਭਿੱਜੇ ਰੋਅਬ ਨਾਲ ਨਸੀਬੋ ਵੱਲ ਦੇਖਦੇ ਹੋਏ ਕਿਹਾ। ‘‘ਨਹੀਂ-ਨਹੀਂ ਮੇਰੀਏ ਭੈਣੇ, ਤੇਰੇ ਤੋਂ ਪੁੱਛੇ ਬਿਨਾ ਏਨਾ ਵੱਡਾ ਕਦਮ ਮੈਂ ਚੁੱਕ ਸਕਦੀ ਹਾਂ ਭਲਾ! ਕਿਵੇਂ ਕਮਲੀਆਂ ਮਾਰਦੀ ਐ।’’
‘‘ਅੱਛਾ, ਫਿਰ ਕੀ ਗੱਲ ਹੈ?’’ ਤਾਰੋ ਨੇ ਨਸੀਬੋ ਦੇ ਮਨ ਦੀ ਕਹਾਣੀ ਜਾਣਨ ਦੇ ਲਹਿਜੇ ਨਾਲ ਪੁੱਛਿਆ।
‘‘ਹੁਣ ਸਾਰਾ ਕੁਝ ਵਿਹੜੇ ’ਚ ਖੜ੍ਹ ਕੇ ਹੀ ਪੁੱਛੇਂਗੀ ਕਿ ਅੰਦਰ ਵੀ ਆਏਂਗੀ?’’ ਨਸੀਬੋ ਨੇ ਤਾਰੋ ਨੂੰ ਕਮਰੇ ਵੱਲ ਇਸ਼ਾਰਾ ਕਰਦਿਆਂ ਕਿਹਾ। ‘‘ਅੱਜ ਬਾਕੀ ਮੈਂਬਰ ਕਿੱਥੇ ਨੇ?’’ ਤਾਰੋ ਨੇ ਇਧਰ-ਉਧਰ ਦੇਖ ਕੇ ਨਸੀਬੋ ਨੂੰ ਪੁੱਛਿਆ।
‘‘ਵੀਰ ਜੀ ਤੇ ਭਾਬੀ ਜੀ ਸ਼ਹਿਰ ਗਏ ਹੋਏ ਨੇ। ਬਿੱਟੂ ਖੇਡਦਾ ਖੇਡਦਾ ਹੁਣ ਸੌਂ ਗਿਆ ਅਤੇ ਮੰਮੀ ਜੀ ਮਾਸੀ ਜੀ ਦੇ ਘਰ ਵੱਲ ਗਏ ਨੇ।’’ ਨਸੀਬੋ ਨੇ ਇੱਕੋ ਸਾਹ ’ਚ ਜਵਾਬ ਦਿੰਦੇ ਹੋਏ ਕਿਹਾ।
ਨਸੀਬੋ ਅਤੇ ਤਾਰੋ ਦੋਵੇਂ ਕਮਰੇ ’ਚ ਜਾ ਬੈਠ ਜਾਂਦੀਆਂ ਹਨ। ‘‘ਇਸ ਤੋਂ ਪਹਿਲਾਂ ਕੋਈ ਆ ਜਾਵੇ ਨਸੀਬੋ, ਚੱਲ ਛੇਤੀ ਦੱਸ, ਤੂੰ ਉਦਾਸ ਕਿਉਂ ਏਂ?’’
ਨਸੀਬੋ ਠੰਢਾ ਹਾਉਕਾ ਭਰਦੀ ਹੋਈ ਬੋਲੀ, ‘‘ਅੱਜ ਤੋਂ ਦੋ-ਢਾਈ ਮਹੀਨੇ ਪਹਿਲਾਂ ਮੇਰੇ ਤਾਇਆ ਜੀ ਸ਼ੇਰਬਾਜ ਨਾਂ ਦੇ ਸੌਦਾਗਰ ਨੂੰ ਘਰ ਲੈ ਕੇ ਆਏ ਸੀ। ਉਹ ਆ ਕੇ ਕਹਿੰਦੇ, ‘ਪੁੱਤ, ਇਹ ਮੇਰਾ ਜਾਣਕਾਰ ਮੁੰਡਾ ਹੈ। ਇਹ ਕਿਸੇ ਕੰਮ ਦੇ ਮਸਲੇ ’ਚ ਇੱਥੇ ਆਇਆ ਹੈ। ਇਨ੍ਹਾਂ ਨੇ ਖਾਣਾ ਖਾਣਾ ਹੈ ਪਰ ਸਾਨੂੰ ਅਚਾਨਕ ਕਿਸੇ ਕੰਮ ਦੇ ਮਸਲੇ ’ਚ ਬਾਹਰ ਜਾਣਾ ਪੈ ਗਿਆ। ਸੋ ਇਨ੍ਹਾਂ ਨੂੰ ਖਾਣਾ ਇਧਰ ਹੀ ਖੁਆ ਦਿਓ’। ਇਹ ਕਹਿ ਕੇ ਤਾਇਆ ਜੀ ਕਹਿ ਕੇ ਚਲੇ ਗਏ।
ਤਾਇਆ ਜੀ ਦੇ ਕਹੇ ਅਨੁਸਾਰ ਅਸੀਂ ਸਤਿਕਾਰ ਸਾਹਿਤ ਸ਼ੇਰਬਾਜ ਨੂੰ ਖਾਣਾ ਖੁਆਇਆ। ਖਾਣਾ ਖਾਣ ਤੋਂ ਬਾਅਦ ਉਸ ਨੇ ਕਿਹਾ ਕਿ ਮੇਰਾ ਫੋਨ ਬੰਦ ਹੋ ਚੁੱਕਾ ਹੈ। ਮੈਂ ਆਪਣੇ ਘਰ ਜ਼ਰੂਰੀ ਫੋਨ ਕਰਨਾ ਹੈ, ਕੀ ਤੁਹਾਡੇ ਮੋਬਾਈਲ ਤੋਂ ਇੱਕ ਫੋਨ ਕਰ ਸਕਦਾ ਹਾਂ। ਕੋਲ ਖੜ੍ਹੀ ਮੇਰੀ ਮਾਂ ਨੇ ਝੱਟਪੱਟ ਬਿਨਾਂ ਕੁਝ ਸੋਚੇ ਮੇਰਾ ਮੋਬਾਈਲ ਉਸ ਨੂੰ ਫੜਾ ਦਿੱਤਾ। ਸ਼ੇਰਬਾਜ ਨੇ ਗੱਲ ਕਰਕੇ ਫੋਨ ਵਾਪਸ ਕਰ ਦਿੱਤਾ। ਖ਼ੈਰ! ਦੋ ਕੁ ਦਿਨਾਂ ਬਾਅਦ ਸ਼ੇਰਬਾਜ ਦਾ ਮੇਰੇ ਮੋਬਾਈਲ ’ਤੇ ਫੋਨ ਆਇਆ। ਸੁੱਖ-ਸਾਂਦ ਪੁੱਛ ਕੇ ਉਸ ਨੇ ਫੋਨ ਕੱਟ ਦਿੱਤਾ। ਬੱਸ ਇਸੇ ਤਰ੍ਹਾਂ ਸਵੇਰ-ਸ਼ਾਮ ਉਹ ਮੈਸੇਜ ਕਰ ਕੇ ਹਾਲ-ਚਾਲ ਪੁੱਛਦਾ ਰਹਿੰਦਾ। ਤਕਰੀਬਨ ਦਸ-ਬਾਰਾਂ ਦਿਨਾਂ ਦੇ ਅੰਦਰ ਹੀ ਉਸ ਨੇ ਆਪਣਾ ਹਰ ਦਰਦ ਮੇਰੇ ਕੋਲ ਫਰੋਲ ਦਿੱਤਾ। ਮੈਨੂੰ ਲੱਗਦਾ ਜਿਵੇਂ ਉਹ ਮੈਨੂੰ ਆਪਣੀ ਸਮਝਣ ਲੱਗ ਗਿਆ ਹੋਵੇ।
ਦਰਅਸਲ, ਸ਼ੇਰਬਾਜ ਵਿਆਹਿਆ ਹੋਇਐ, ਪਰ ਉਸ ਦੀ ਜ਼ਿੰਦਗੀ ਨਰਕ ਬਣੀ ਹੋਈ ਐ। ਉਹ ਮੈਨੂੰ ਅਕਸਰ ਕਹਿ ਛੱਡਦਾ ਕਿ ਮੇਰੀ ਜ਼ਿੰਦਗੀ ’ਚ ਤੇਰੇ ਆਉਣ ਨਾਲ ਬਹਾਰ ਆ ਗਈ ਹੈ। ਮੈਂ ਉਸ ਨੂੰ ਅਕਸਰ ਕਹਿੰਦੀ ਕਿ ਤੁਸੀਂ ਆਪਣੀ ਦੁਨੀਆ ਵਸਾ ਚੁੱਕੇ ਹੋ, ਇਸ ਕਰਕੇ ਆਪਣੀ ਇੰਨੀ ਜ਼ਿਆਦਾ ਗੱਲਬਾਤ ਕਰਨੀ ਠੀਕ ਨਹੀਂ ਹੈ। ਪਰ ਸ਼ੇਰਬਾਜ ਪਰਵਾਹ ਨਾ ਕਰਦਾ। ਉਹ ਸਾਰਾ ਦਿਨ ਮੇਰੇ ਨਾਲ ਗੱਲ ਕਰਨੀ ਚਾਹੁੰਦਾ। ਉਹ ਇਹੀ ਕਹਿੰਦਾ ਕਿ ਜਿਸ ਨੂੰ ਮੈਂ ਵਿਆਹ ਕੇ ਲਿਆਇਆ ਹਾਂ, ਉਹ ਮੇਰੀ ਪਤਨੀ ਹੈ ਅਤੇ ਤੂੰ ਮੇਰਾ ਪਿਆਰ, ਮੇਰੀ ਮੁਹੱਬਤ ਏਂ। ਉਸ ਦੀਆਂ ਅਜਿਹੀਆਂ ਪ੍ਰੇਮ ਭਰੀਆਂ ਗੱਲਾਂ ਨੇ ਮੇਰਾ ਵੀ ਮਨ ਮੋਹ ਲਿਆ। ਮੇਰੇ ’ਤੇ ਵੀ ਗਹਿਰਾ ਅਸਰ ਹੋਣ ਲੱਗਿਆ। ਇੱਕ ਦਿਨ ਉਸ ਨੇ ਕਿਹਾ ਕਿ ਆਪਾਂ ਕਿਤੇ ਦੋ ਪਲ ਬੈਠ ਸਕਦੇ ਹਾਂ, ਜਿੱਥੇ ਕੋਈ ਰੂਹਾਂ ਦੀਆਂ ਗੱਲਾਂ ਕਰ ਸਕੀਏ? ਮੈਂ ਮਨ੍ਹਾਂ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਇਹ ਗੱਲਬਾਤ ਹੀ ਬਹੁਤ ਵੱਡੀ ਗੱਲ ਹੈ ਜੀ।
ਮੇਰੇ ਮੂੰਹੋਂ ਇਹ ਸੁਣ ਕੇ ਉਹ ਜਿਵੇਂ ਨਾਰਾਜ਼ ਜਿਹਾ ਹੀ ਹੋ ਗਿਆ। ਉਸ ਨੇ ਗੱਲਬਾਤ ਘੱਟ ਕਰ ਦਿੱਤੀ। ਹੁਣ ਉਹ ਕਈ ਕਈ ਦਿਨਾਂ ਬਾਅਦ ਦੋ-ਚਾਰ ਮੈਸੇਜ ਕਰਦਾ ਹੈ। ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕਿ ਤੁਸੀਂ ਕਾਫ਼ੀ ਬਦਲ ਚੁੱਕੇ ਹੋ? ਇਹ ਸ਼ਬਦ ਸੁਣਦੇ ਸਾਰ ਉਹ ਅੱਗ-ਬਗੂਲਾ ਹੋ ਉੱਠਿਆ। ਉਸ ਨੇ ਕਿਹਾ, ‘ਮੇਰੇ ਕੋਲ ਤਾਂ ਸਿਰ ਖੁਰਕਣ ਦਾ ਸਮਾਂ ਨਹੀਂ। ਕੰਮਕਾਜ ਦਾ ਰੁਝੇਵਾਂ ਬਹੁਤ ਵਧ ਗਿਆ। ਜੇਕਰ ਤੂੰ ਮੇਰੀ ਦੋਸਤ ਏਂ ਤਾਂ ਤੈਨੂੰ ਜ਼ਰੂਰ ਸਮਝਣਾ ਚਾਹੀਦਾ ਏ’। ਤਾਰੋ, ਮੈਂ ਉਸ ਦੇ ਅਚਾਨਕ ਬਦਲੇ ਵਿਹਾਰ ਨੂੰ ਦੇਖ ਕੇ ਦੰਗ ਰਹਿ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮੈਂ ਉਸ ਨੂੰ ਕਹਿੰਦੀ ਹਾਂ ਕਿ ਉਹ ਮੇਰੀ ਜ਼ਿੰਦਗੀ ’ਚੋਂ ਚਲਾ ਜਾਵੇ, ਆਪਣੀ ਜ਼ਿੰਦਗੀ ਵਿੱਚ ਖ਼ੁਸ਼ ਰਹੇ, ਫਿਰ ਉਹ ਮੇਰੇ ਤਰਲੇ ਕੱਢਣ ਲੱਗਦਾ ਹੈ ਅਤੇ ਬਹੁਤ ਦੁਖੀ ਹੋਇਆ ਮਹਿਸੂਸ ਕਰਵਾਉਂਦਾ ਹੈ।
ਉਹ ਨਾ ਪਹਿਲਾ ਵਰਗਾ ਰਿਹਾ ਅਤੇ ਨਾ ਹੀ ਮੇਰੀ ਜ਼ਿੰਦਗੀ ’ਚੋਂ ਜਾਂਦਾ ਹੈ। ਮੈਂ ਇਹੀ ਸੋਚਾਂ ਦਿਨ ਰਾਤ ਸੋਚਦੀ ਰਹਿੰਦੀ ਆਂ। ਮੈਨੂੰ ਕੁਝ ਸਮਝ ਨਹੀਂ ਆਉਂਦਾ।’’ ‘‘ਹੂੰ,’’ ਤਾਰੋ ਨੇ ਨਸੀਬੋ ਦੇ ਦਿਲ ਦੀ ਦਾਸਤਾਨ ਸੁਣ ਕੇ ਠੰਢਾ ਹਾਉਕਾ ਭਰਿਆ। ਇਸ ਤੋਂ ਪਹਿਲਾਂ ਕਿ ਉਹ ਦੋਵੇਂ ਆਪਸ ਵਿੱਚ ਕੁਝ ਬੋਲਦੀਆਂ ਚਾਰ ਕੁ ਸਾਲ ਦਾ ਬਿੱਟੂ, ਨਸੀਬੋ ਦਾ ਭਤੀਜਾ ਸੁੱਤਾ ਉੱਠ ਕੇ ਵਰਾਂਡੇ ਵਿੱਚ ਆਪਣੇ ਸਾਰੇ ਖਿਡੌਣੇ ਇਕੱਠੇ ਕਰਕੇ ਫਿਰ ਖੇਡਣ ਲੱਗ ਪਿਆ। ਤਾਰੋ ਕੁਝ ਪਲ ਚੁੱਪ-ਚਾਪ ਬਿੱਟੂ ਵੱਲ ਦੇਖਦੀ ਰਹੀ। ਫਿਰ ਬੋਲੀ, ‘‘ਇਹ ਬਿੱਟੂ ਦੀ ਨਵੀਂ ਕਾਰ ਐ?’’ ਨਸੀਬੋ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਤਾਰੋ ਦੇ ਮੂੰਹ ਵੱਲ ਦੇਖਿਆ ਪਰ ਚੁੱਪ ਰਹੀ। ‘‘ਹਾਂ’’ ਉਸ ਨੇ ਹਲਕਾ ਜਿਹਾ ਸਿਰ ਹਿਲਾ ਦਿੱਤਾ।
‘‘ਉੱਠ, ਚੱਲ ਮੇਰੇ ਨਾਲ,’’ ਤਾਰੋ ਨੇ ਨਸੀਬੋ ਦੀ ਬਾਂਹ ਫੜਦਿਆਂ ਕਿਹਾ। ‘‘ਕਿੱਥੇ?’’ ਨਸੀਬੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਤਾਰੋ ਆਖ਼ਰ ਕਹਿਣਾ ਕੀ ਚਾਹੁੰਦੀ ਹੈ।
‘‘ਨਸੀਬੋ, ਬਿੱਟੂ ਤੋਂ ਕੋਈ ਪਾਸੇ ਪਿਆ ਖਿਡੌਣਾ ਚੁੱਕ ਲੈ,’’ ਤਾਰੋ ਨੇ ਇਸ਼ਾਰੇ ਨਾਲ ਕਿਹਾ।
ਨਸੀਬੋ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਕਿ ਤਾਰੋ ਕਰ ਕੀ ਰਹੀ ਹੈ। ਖ਼ੈਰ, ਫਿਰ ਵੀ ਉਸ ਨੇ ਬਿੱਟੂ ਸਾਹਮਣੇ ਪਿਆ ਇੱਕ ਖਿਡੌਣਾ ਚੁੱਕ ਲਿਆ। ਇਹ ਦੇਖ ਕੇ ਬਿੱਟੂ ਉੱਚੀ ਉੱਚੀ ਰੋਣ ਲੱਗਿਆ। ‘‘ਭੂਆ ਜੀ, ਮੇਰੀ ਗੱਡੀ, ਮੇਰੀ ਗੱਡੀ,’’ ਕਹਿ ਬਿੱਟੂ ਨਸੀਬੋ ਦੇ ਹੱਥ ਵਿੱਚੋਂ ਖਿਡੌਣਾ ਖੋਹਣ ਲੱਗ ਪਿਆ। ‘‘ਤੇਰੇ ਕੋਲ ਕਿੰਨਾ ਸੋਹਣਾ ਖਿਡੌਣਾ ਹੈਗਾ, ਬਿੱਟੂ। ਤੂੰ ਰੋਜ਼ ਇਸ ਨਾਲ ਤਾਂ ਖੇਡਦਾ ਏਂ। ਅਸੀਂ ਤਾਂ ਪੁਰਾਣਾ ਗੰਦਾ ਖਿਡੌਣਾ ਚੁੱਕਿਐ।’’ ਤਾਰੋ ਨੇ ਬਿੱਟੂ ਦੀ ਗਲ ’ਤੇ ਥਪਥਪਾਉਂਦਿਆਂ ਕਿਹਾ। ਪਰ ਬਿੱਟੂ ਨੇ ਤੋਤਲੀ ਆਵਾਜ਼ ਵਿੱਚ ‘‘ਨਹੀਂ, ਨਹੀਂ’’ ਕਹਿ ਕੇ ਨਸੀਬੋ ਦੇ ਹੱਥ ਵਿੱਚੋਂ ਆਪਣਾ ਖਿਡੌਣਾ ਖੋਹ ਕੇ ਦੁਬਾਰਾ ਉਸੇ ਜਗ੍ਹਾ ਰੱਖ ਦਿੱਤਾ ਅਤੇ ਆਪਣੇ ਨਵੇਂ ਖਿਡੌਣੇ ਨਾਲ ਖੇਡਣ ਲੱਗ ਪਿਆ, ਜਿਸ ਨਾਲ ਉਹ ਪਹਿਲਾਂ ਖੇਡ ਰਿਹਾ ਸੀ।
‘‘ਨਸੀਬੋ, ਕੁਝ ਸਮਝ ਆਇਆ ਜਾਂ ਨਹੀਂ? ਬੇਸ਼ੱਕ, ਬਿੱਟੂ ਖੇਡਦਾ ਨਿੱਤ ਨਵੇਂ ਨਵੇਂ ਖਿਡੌਣਿਆਂ ਨਾਲ ਏ, ਪਰ ਉਸ ਦਾ ਲਗਾਅ ਪੁਰਾਣਿਆਂ ਨਾਲ ਵੀ ਏ।
ਨਸੀਬੋ ਤੇਰੀ ਅਤੇ ਸ਼ੇਰਬਾਜ ਦੀ ਕਹਾਣੀ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੈ। ਕੁਝ ਮਰਦ ਔਰਤ ਨੂੰ ਖਿਡੌਣਾ ਹੀ ਸਮਝਦੇ ਹੁੰਦੇ ਹਨ। ਉਨ੍ਹਾਂ ਨੂੰ ਮਨਪਰਚਾਵੇ ਲਈ ਨਿੱਤ ਨਵਾਂ ਖਿਡੌਣਾ ਚਾਹੀਦਾ ਹੁੰਦਾ ਹੈ।
ਜੇਕਰ ਸ਼ੇਰਬਾਜ ਤੇਰਾ ਸੱਚਾ ਦੋਸਤ, ਹਮਦਰਦ ਹੁੰਦਾ ਤਾਂ ਉਹ ਤੇਰੇ ਸੱਚੇ ਸੁੱਚੇ ਜਜ਼ਬਾਤ ਨਾਲ ਖੇਡਦਾ ਨਾ। ਉਸ ਨੂੰ ਪਤਾ ਹੈ ਕਿ ਤੂੰ ਕੱਲ੍ਹ ਨੂੰ ਵਿਆਹੀ ਜਾਣਾ ਏ। ਦਰਅਸਲ, ਉਸ ਸੌਦਾਗਰ ਨੇ ਹੀਰੇ ਨੂੰ ਵੀ ਰੱਦੀ ਦੇ ਭਾਅ ਖਰੀਦਣਾ ਚਾਹਿਆ। ਇਸ ਤੋਂ ਪਹਿਲਾਂ ਕਿ ਇਹ ਸੌਦਾਗਰ ਤੇਰੀ ਆਉਣ ਵਾਲੀ ਜ਼ਿੰਦਗੀ ਨੂੰ ਤਹਿਸ-ਨਹਿਸ ਕਰੇ, ਇਸ ਤੋਂ ਦੂਰ ਹੋ ਜਾ। ਜੇ ਤੈਨੂੰ ਮੇਰੀ ਗੱਲ ਉੱਪਰ ਯਕੀਨ ਨਹੀਂ ਤਾਂ ਆਪਣਾ ਫੋਨ ਚੁੱਕ ਕੇ ਉਸ ਨੂੰ ਆਖ ਕਿ ਤੂੰ ਉਸ ਨੂੰ ਮਿਲਣਾ ਚਾਹੁੰਦੀ ਏਂ। ਉਸ ਦੇ ਮੈਸੇਜਾਂ ਅਤੇ ਕਾਲਾਂ ਦੀ ਝੜੀ ਨਾ ਲੱਗ ਜਾਵੇ ਤਾਂ ਮੈਨੂੰ ਕਹੀਂ। ਨਸੀਬੋ, ਦੂਰ ਹੋ ਜਾ, ਉਸ ਨਕਾਬਪੋਸ਼ ਸੌਦਾਗਰ ਤੋਂ...।’’ ਇੰਨਾ ਕਹਿ ਕੇ ਤਾਰੋ ਆਪਣੇ ਘਰ ਚਲੀ ਗਈ।
ਨਸੀਬੋ ਜਿਵੇਂ ਪੂਰੀ ਤਰ੍ਹਾਂ ਸੁੰਨ ਹੋ ਚੁੱਕੀ ਸੀ। ਉਹ ਦੁਚਿੱਤੀ ’ਚ ਪੈ ਗਈ। ਉਸ ਨੇ ਨਾ ਚਾਹੁੰਦਿਆਂ ਵੀ ਆਪਣਾ ਮੋਬਾਈਲ ਚੁੱਕ ਕੇ ਸ਼ੇਰਬਾਜ ਦਾ ਨੰਬਰ ਮਿਲਾ ਲਿਆ। ਇੱਕ-ਦੋ ਮਿੰਟ ਦੀ ਗੱਲਬਾਤ ਤੋਂ ਬਾਅਦ ਨਸੀਬੋ ਨੇ ਕਿਹਾ ਕਿ ਉਹ ਉਸ ਨੂੰ ਕਿਤੇ ਮਿਲਣਾ ਚਾਹੁੰਦੀ ਹੈ। ਨਸੀਬੋ ਦੇ ਮੂੰਹੋਂ ਇਹ ਸੁਣ ਕੇ ਸ਼ੇਰਬਾਜ ਜਿਵੇਂ ਬਾਗੋ ਬਾਗ ਹੋ ਗਿਆ। ਅਸਲੀ ਸਵੇਰ ਤੋਂ ਹੀ ਉਸ ਦੇ ਪ੍ਰੇਮ ਭਿੱਜੇ ਮੈਸੇਜ ਮੀਂਹ ਵਾਂਗ ਵਰ੍ਹਨ ਲੱਗ ਪਏ। ਉਹ ਹਰ ਅੱਧੇ ਘੰਟੇ ਬਾਅਦ ਨਸੀਬੋ ਨੂੰ ਫੋਨ ਕਰਨ ਲੱਗ ਪਿਆ। ਦੋ-ਚਾਰ ਦਿਨ ਇਸੇ ਤਰ੍ਹਾਂ ਬੀਤ ਗਏ। ਨਸੀਬੋ ਹੁਣ ਸਭ ਕੁਝ ਸਮਝ ਚੁੱਕੀ ਸੀ ਕਿ ਸ਼ੇਰਬਾਜ ਕਿੰਨਾ ਵੱਡਾ ਝੂਠਾ ਇਨਸਾਨ ਹੈ। ਵਾਕਈ ਤਾਰੋ ਸਹੀ ਕਹਿ ਰਹੀ ਸੀ। ਭਲਾ ਹੁਣ ਇਸ ਦੇ ਕੰਮਕਾਜ ਅਤੇ ਰੁਝੇਵੇਂ ਕਿੱਧਰ ਗਏ। ਹੁਣ ਤਾਂ ਪਹਿਲਾਂ ਵਾਂਗ ਇਹ ਜਵਾਂ ਹੀ ਵਿਹਲਾ ਲੱਗਦਾ ਹੈ। ਸੱਚਮੁੱਚ ਇਸ ਨੇ ਮੇਰੇ ਸੱਚੇ-ਸੁੱਚੇ ਜਜ਼ਬਾਤ ਨਾਲ ਖਿਲਵਾੜ ਕੀਤਾ ਹੈ। ਮੈਂ ਇਸ ਨੂੰ ਕਦੇ ਮੁਆਫ਼ ਨਹੀਂ ਕਰਾਂਗੀ। ਆਪਣੀਆਂ ਸੋਚਾਂ ਵਿੱਚ ਗਵਾਚੀ ਹੋਈ ਉਹ ਸੋਚ ਰਹੀ ਸੀ ਕਿ ਔਰਤ ਬੇਸ਼ੱਕ ਪ੍ਰੇਮ ਦੀ ਮੂਰਤ ਹੈ, ਪਰ ਉਸ ਦਾ ਸੁਚੇਤ ਅਤੇ ਗਿਆਨਵਾਨ ਹੋਣਾ ਬਹੁਤ ਜ਼ਰੂਰੀ ਹੈ।
ਜੇਕਰ ਉਹ ਆਪਣੀ ਸਹੇਲੀ ਤਾਰੋ ਨੂੰ ਆਪਣੇ ਦਿਲ ਦੀ ਗੱਲ ਨਾ ਦੱਸਦੀ ਤਾਂ ਸ਼ਾਇਦ ਸ਼ੇਰਬਾਜ ਦੇ ਬੁਣੇ ਜਾਲ ਵਿੱਚੋਂ ਕਦੇ ਬਾਹਰ ਹੀ ਨਾ ਆ ਸਕਦੀ। ਉਹ ਤਹਿ ਦਿਲੋਂ ਤਾਰੋ ਦਾ ਧੰਨਵਾਦ ਕਰ ਰਹੀ ਸੀ। ਉਸ ਦੇ ਦਿਮਾਗ਼ ਵਿੱਚ ਵਿਚਾਰਾਂ ਦੀ ਝੜੀ ਲੱਗੀ ਹੋਈ ਸੀ ਤੇ ਉਸ ਕੋਲ ਪਏ ਫੋਨ ਉੱਪਰ ਸੌਦਾਗਰ ਦੇ ਮੈਸੇਜਾਂ ਦਾ ਮੀਂਹ ਵਰ੍ਹ ਰਿਹਾ ਸੀ। ਆਪਣੇ ਆਪ ਵਿੱਚ ਗੁਆਚੀ ਨਸੀਬੋ ਦੀ ਇੱਕ ਨਜ਼ਰ ਆਪਣੇ ਫੋਨ ਵੱਲ ਜਾਂਦੀ ਅਤੇ ਦੂਸਰੀ ਸਾਹਮਣੇ ਪਏ ਭਤੀਜੇ ਦੇ ਖਿਡੌਣਿਆਂ ਵੱਲ।
ਸੰਪਰਕ: 89685-94379
* * *

Advertisement
Advertisement

ਸਫ਼ਾਈ ਦੀ ਦੂਤ

ਅਮਰ ਸਿੰਘ
ਕਮਲੀ, ਸਿੱਧਰੀ, ਪਾਗ਼ਲ, ਮੰਦਬੁੱਧੀ ਤੇ ਹੋਰ ਜੋ ਕੁਝ ਊਲ-ਜਲੂਲ ਬੋਲ ਮਨ ਵਿੱਚ ਆਵੇ, ਉਸ ਲਈ ਵਰਤੇ ਜਾਂਦੇ ਹਨ। ਉਹ ਨਾ ਗਰਮੀ ਦੇਖਦੀ ਹੈ ਨਾ ਸਰਦੀ ਦੇਖਦੀ ਹੈ, ਬਸ ਲੱਗੀ ਰਹਿੰਦੀ ਹੈ ਸਿਰ ਸੁੱਟ ਕੇ ਕਮਲ ਮਾਰਨ। ਉਸ ਨੂੰ ਜਿੱਥੇ ਵੀ ਕੂੜਾ ਜਾਂ ਗੰਦਗੀ ਦਿਸ ਜਾਵੇ, ਬਸ ਫਿਰ ਉਹ ਉਸ ਨੂੰ ਸਾਫ਼ ਕਰਕੇ ਹੀ ਦਮ ਲੈਂਦੀ ਹੈ। ਇਹ ਸਫ਼ਾਈ ਦੀ ਦੂਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਘੁੰਮਦੀ ਰਹਿੰਦੀ ਹੈ, ਜਿੱਥੇ ਗੰਦਗੀ ਅਤੇ ਕੂੜਾ ਇਸ ਦੀ ਰਡਾਰ ’ਤੇ ਚੜ੍ਹ ਗਿਆ ਉਸ ਨੂੰ ਹੂੰਝੇ ਬਿਨਾਂ ਦਮ ਨਹੀਂ ਲੈਂਦੀ। ਇਹ ਨਾ ਕਿਸੇ ਤੋਂ ਕੁਝ ਪੈਸਾ ਲੈਂਦੀ ਹੈ ਨਾ ਕਿਸੇ ਤੋਂ ਕੁਝ ਖਾਣ ਨੂੰ ਮੰਗਦੀ ਹੈ। ਦਰਅਸਲ, ਗੱਲ ਨੂੰ ਨਿਤਾਰਨ ਲਈ ਮੁੱਢ ਤੋਂ ਚਲਦੇ ਹਾਂ। ਸਾਡੀ ਗਲੀ ਦੀ ਨੁੱਕੜ ’ਤੇ ਖ਼ਾਲੀ ਪਲਾਟ ਹੋਣ ਕਾਰਨ ਲੋਕਾਂ ਨੇ ਉੱਥੇ ਕੂੜਾ ਸੁੱਟਣਾ ਸ਼ੁਰੂ ਕੀਤਾ। ਕਾਫ਼ੀ ਵਾਰ ਰੋਕਣ ’ਤੇ ਵੀ ਕੋਈ ਨਹੀਂ ਰੁਕਿਆ। ਅਸੀਂ ਇਸ ਦੀ ਕਈ ਵਾਰ ਕਮੇਟੀ ਨੂੰ ਵੀ ਸ਼ਿਕਾਇਤ ਕੀਤੀ। ਕੂੜਾ ਲਿਜਾਣ ਲਈ ਇੱਕ ਸਫ਼ਾਈ ਸੇਵਕ ਵੀ ਲਗਾਇਆ ਗਿਆ ਜੋ ਕਿ ਕੁਝ ਪੈਸੇ ਲੈ ਕੇ ਘਰਾਂ ਵਿੱਚੋਂ ਕੂੜਾ ਲੈ ਜਾਂਦਾ ਸੀ ਪਰ ਕੁਝ ਸਮੇਂ ਬਾਅਦ ਉਹ ਵੀ ਆਉਣਾ ਬੰਦ ਹੋ ਗਿਆ ਤੇ ਇਸ ਤਰ੍ਹਾਂ ਇੱਥੇ ਆਸੇ-ਪਾਸੇ ਦੇ ਲੋਕ ਵੀ ਕੂੜਾ ਸੁੱਟਣ ਲੱਗੇ। ਅਸੀਂ ਕਈ ਵਾਰ ਮਿਲ ਕੇ ਸਾਫ਼-ਸਫ਼ਾਈ ਕਰਵਾਉਂਦੇ, ਵਾੜ ਵੀ ਕੀਤੀ ਪਰ ਬਹੁਤੀ ਸਫ਼ਲਤਾ ਨਹੀਂ ਮਿਲੀ। ਕੂੜਾ ਸੁੱਟਣ ਦਾ ਚਲਣ ਚਲਦਾ ਰਿਹਾ। ਇਹ ਕੂੜਾ ਹਵਾ ਨਾਲ ਉੱਡ ਕੇ ਸਾਡੀ ਗਲੀ ਅੰਦਰ ਵੀ ਆ ਜਾਂਦਾ ਹੈ। ਕਮੇਟੀ ਵਿੱਚ ਸ਼ਿਕਾਇਤ ਕਰਨ ’ਤੇ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਕੁਝ ਸਮੇਂ ਲਈ ਕੂੜਾਦਾਨ ਵੀ ਰੱਖਿਆ ਗਿਆ, ਪਰ ਬਾਅਦ ਵਿੱਚ ਉਹ ਵੀ ਇੱਥੋਂ ਲਿਜਾ ਕੇ ਕਿਸੇ ਹੋਰ ਜਗ੍ਹਾ ਰੱਖ ਦਿੱਤਾ ਗਿਆ। ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਹੁਣ ਆਖ਼ਰ ਸਭ ਇਸ ਵਰਤਾਰੇ ਦੇ ਆਦੀ ਹੋ ਗਏ ਹਨ ਤੇ ਕੂੜਾ ਉੱਥੇ ਹੀ ਸੁੱਟਿਆ ਜਾ ਰਿਹਾ ਹੈ। ਗਲੀ ਦੇ ਮੋੜ ’ਤੇ ਖੜ੍ਹ ਕੇ ਗੰਦਗੀ ਆਮ ਦੇਖੀ ਜਾ ਸਕਦੀ ਹੈ, ਜਿਸ ਵਿੱਚੋਂ ਕੁਝ ਆਵਾਰਾ ਪਸ਼ੂਆਂ ਦੁਆਰਾ ਫੈਲਾਈ ਜਾਂਦੀ ਹੈ ਤੇ ਬਾਕੀ ਲੋਕਾਂ ਦੁਆਰਾ ਸੁੱਟਿਆ ਗਿਆ ਕੂੜਾ। ਪਰ... ਪਰ ਉਹ ਕਮਲੀ, ਸਿੱਧਰੀ ਤੇ ਮੂਰਖ ਆਉਂਦੀ ਹੈ, ਸਾਰਾ ਕੂੜਾ ਹੂੰਝ ਕੇ ਉਸ ਨੂੰ ਟਿਕਾਣੇ ਲਾ ਦਿੰਦੀ ਹੈ। ਕਈ ਵਾਰੀ ਗਲੀ ਵਿੱਚ ਦਾਖ਼ਲ ਹੁੰਦੇ ਲੱਗਦਾ ਹੀ ਨਹੀਂ ਕਿ ਇਹ ਸਾਡੀ ਗਲੀ ਹੈ, ਇੰਨਾ ਸਾਫ਼ ਲੱਗਦਾ ਹੈ ਤੇ ਜਦੋਂ ਆ ਕੇ ਪੁੱਛਦੇ ਕਿ ਸਫ਼ਾਈ ਕਿਸ ਨੇ ਕੀਤੀ ਤਾਂ ਪਤਾ ਲੱਗਦਾ ਕਿ ਉਹ ਕਮਲੀ, ਸਿੱਧਰੀ ਜੀ ਜਿਸ ਦਾ ਇੱਥੇ ਕੋਈ ਘਰ ਨਹੀਂ, ਬਾਰ ਨੀ, ਉਸ ਭਲੀ ਮਾਨਸ ਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ, ਪਰ ਕੂੜਾ ਕਿਸੇ ਨੇ ਵੀ ਸੁੱਟਿਆ ਹੋਵੇ, ਉਸ ਨੂੰ ਸਾਫ਼ ਕਰਨਾ ਆਪਣਾ ਫਰਜ਼ ਸਮਝਦੀ ਹੈ ਤੇ ਇਸ ਦੇ ਇਵਜ਼ ਵਜੋਂ ਕੋਈ ਆਸ ਨਹੀਂ ਰੱਖਦੀ ਪਰ ਫਿਰ ਵੀ ਅਸੀਂ ਲੋਕ ਉਸ ਨੂੰ ਮੰਦਬੁੱਧੀ, ਮੂਰਖ, ਸਿੱਧਰੀ ਤੇ ਪਾਗ਼ਲ ਕਹਿ ਕੇ ਉਸ ਦਾ ‘ਮਾਣ-ਸਤਿਕਾਰ’ ਕਰਦੇ ਹਾਂ। ਉਸ ਦੇ ਸਫ਼ਾਈ ਕਰਕੇ ਚਲੀ ਜਾਣ ਤੋਂ ਬਾਅਦ ਕਿੰਨਾ ਹੀ ਸਮਾਂ ਦਿਮਾਗ਼ ਵਿੱਚ ਸਵਾਲ ਘੁੰਮਦਾ ਰਹਿੰਦਾ ਕਿ ਅਸਲ ਵਿੱਚ ਮੰਦਬੁੱਧੀ, ਪਾਗ਼ਲ ਤੇ ਸਿੱਧਰਾ ਕੌਣ ਹੈ?
ਸੰਪਰਕ: 98148-46483

Advertisement
Author Image

Ravneet Kaur

View all posts

Advertisement