ਮਿੰਨੀ ਕਹਾਣੀਆਂ
ਸਮੁੰਦਰ
ਬਸੰਤ ਮਹਿਰਾਜਵੀ
‘‘ਆ ਗਿਆ ਮੇਰਾ ਸੋਨਾ ਪੁੱਤਰ!’’ ਕਰਮ ਸਿੰਘ ਨੇ ਸਕੂਲੋਂ ਘਰ ਆਏ ਆਪਣੇ ਗਿਆਰਾਂ ਕੁ ਸਾਲ ਦੇ ਪੋਤਰੇ ਸੋਨਵੀਰ ਸਿੰਘ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਦੇ ਹੋਏ ਕਿਹਾ। ‘‘ਹਾਂ ਦਾਦੂ ਜੀ।’’ ਸੋਨੂੰ ਨੇ ਓਸੇ ਹੀ ਅੰਦਾਜ਼ ਵਿੱਚ ਜੁਆਬ ਦਿੱਤਾ ਅਤੇ ਗੱਲ ਨੂੰ ਅੱਗੇ ਤੋਰਦੇ ਹੋਏ, ਹੈਰਾਨੀ ਪ੍ਰਗਟ ਕਰਦੇ ਹੋਏ ਪੁੱਛਣ ਲੱਗਿਆ, ‘‘ਦਾਦੂ ਜੀ! ਰਸਤੇ ਵਿੱਚ ਪੰਚਾਇਤ ਘਰ ਦੀ ਕੰਧ ’ਤੇ ਲਿਖਿਆ ਹੋਇਆ ਸੀ, ਓਨੇ ਲੋਕ ਸਮੁੰਦਰ ਨੇ ਨਹੀਂ ਡੋਬੇ, ਜਿੰਨੇ ਬੋਤਲ ਨੇ ਡੋਬੇ ਹਨ। ਦਾਦੂ ਜੀ! ਬੰਦਾ ਸਮੁੰਦਰ ਵਿੱਚ ਤਾਂ ਡੁੱਬ ਸਕਦਾ ਹੈ, ਭਲਾ ਬੋਤਲ ਵਿੱਚ ਕਿਵੇਂ ਡੁੱਬੇਗਾ? ਹੈ ਨਾ ਹਾਸੇ ਵਾਲੀ ਗੱਲ।’’ ‘‘ਡੁੱਬ ਸਕਦਾ ਹੈ ਪੁੱਤਰ! ਡੁੱਬ ਸਕਦਾ ਹੈ।’’ ਕਰਮ ਸਿੰਘ ਨੇ ਥੋੜ੍ਹਾ ਮੁਸਕੁਰਾਉਂਦੇ ਹੋਏ ਆਪਣੇ ਪੋਤਰੇ ਸੋਨੂੰ ਨੂੰ ਜੁਆਬ ਦਿੱਤਾ। ‘‘ਕਿਵੇਂ ਦਾਦਾ ਜੀ? ਮੈਨੂੰ ਤਾਂ ਸਮਝ ਨਹੀਂ ਆ ਰਹੀ। ਬੋਤਲ ਤਾਂ ਬਹੁਤ ਛੋਟੀ ਜਿਹੀ ਹੁੰਦੀ ਹੈ? ਬੰਦਾ ਇਸ ਵਿੱਚ ਕਿਵੇਂ ਡੁੱਬ ਸਕਦਾ ਹੈ?’’ ਸੋਨੂੰ ਨੇ ਭੋਲੇਪਣ ਵਿੱਚ ਆਪਣੀ ਸ਼ੰਕਾ ਦੂਰ ਕਰਨ ਦੀ ਕੋਸ਼ਿਸ਼ ਕੀਤੀ।
‘‘ਪੁੱਤਰ, ਹੁਣ ਤੂੰ ਥੱਕਿਆ ਆਇਆਂ ਹੈ, ਥੋੜ੍ਹਾ ਆਰਾਮ ਕਰ ਲੈ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੈਂ ਤੈਨੂੰ ਸਾਰੀ ਗੱਲ ਸਮਝਾਵਾਂਗਾ।’’ ਸੋਨੂੰ ਬੜਾ ਅਚੰਭੇ ਵਿੱਚ ਸੀ ਕਿ ਦਾਦੂ ਜੀ ਅੱਜ ਪਤਾ ਨਹੀਂ ਇਹੋ ਜਿਹੀ ਕਿਹੜੀ ਗੱਲ ਦੱਸਣਗੇ ਕਿ ਬੰਦਾ ਬੋਤਲ ਵਿੱਚ ਕਿਵੇਂ ਡੁੱਬ ਸਕਦਾ ਹੈ।
ਰਾਤ ਦਾ ਖਾਣਾ ਖਾਂਦੇ ਹੀ ਸੋਨੂੰ ਆਪਣੇ ਦਾਦਾ ਜੀ ਦੇ ਨਿੱਘੇ ਬਿਸਤਰੇ ਵਿੱਚ ਜਾ ਵੜਿਆ। ‘‘ਦਾਦੂ, ਹੁਣ ਦੱਸੋ ਬੋਤਲ ਵਾਲੀ ਗੱਲ।’’ ਉਹ ਗੱਲ ਸੁਣਨ ਲਈ ਬੜਾ ਉਤਾਵਲਾ ਨਜ਼ਰ ਆ ਰਿਹਾ ਸੀ।
‘‘ਪੁੱਤਰ, ਇਹ ਗੱਲ ਪਾਣੀ ਦੀ ਬੋਤਲ ਦੀ ਨਹੀਂ। ਸ਼ਰਾਬ ਦੀ ਬੋਤਲ ਦੀ ਹੈ।’’ ਕਰਮ ਸਿੰਘ ਨੇ ਗੱਲ ਸ਼ੁਰੂ ਕਰਦੇ ਹੋਏ ਕਿਹਾ, ‘‘ਵੇਖ ਪੁੱਤਰ! ਮਨੁੱਖ ਕੋਲ ਤਿੰਨ ਹੀ ਦੌਲਤਾਂ ਹੁੰਦੀਆਂ ਹਨ। ਧਨ, ਸਿਹਤ ਅਤੇ ਉਸ ਦੀ ਆਨ-ਸ਼ਾਨ। ਸ਼ਰਾਬ ਪੀਣ ਦੀ ਆਦਤ ਇੱਕ ਅਜਿਹੀ ਆਦਤ ਹੈ ਜੋ ਦਿਨ-ਬ-ਦਿਨ ਵਧਦੀ ਹੀ ਜਾਂਦੀ ਹੈ ਅਤੇ ਅੰਤ ’ਚ ਮਨੁੱਖ ਦੀਆਂ ਤਿੰਨੇ ਦੌਲਤਾਂ ਨੂੰ ਖ਼ਤਮ ਕਰ ਦਿੰਦੀ ਹੈ। ਸ਼ਰਾਬ ਮਨੁੱਖ ਦੀ ਸੋਚਣ, ਸਮਝਣ ਅਤੇ ਮਹਿਸੂਸ ਕਰਨ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਸ਼ਰਾਬ ਦਾ ਆਦੀ ਮਨੁੱਖ, ਪੈਸੇ ਦੀ ਬਰਬਾਦੀ ਕਾਰਨ ਆਪਣੇ ਘਰ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ। ਇਸ ਨਾਲ ਧਨ ਦੀ ਬਹੁਤ ਬਰਬਾਦੀ ਹੁੰਦੀ ਹੈ ਪੁੱਤਰ।’’
ਸੋਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਅਤੇ ਹੈਰਾਨ ਹੋ ਰਿਹਾ ਸੀ। ਕਰਮ ਸਿੰਘ ਨੇ ਗੱਲ ਜਾਰੀ ਰੱਖਦੇ ਹੋਏ ਕਿਹਾ, ‘‘ਪੁੱਤਰ, ਸ਼ਰਾਬ ਸਿਹਤ ਦਾ ਬਹੁਤ ਨੁਕਸਾਨ ਕਰਦੀ ਹੈ। ਇਹ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਮਿਹਦੇ ਅਤੇ ਅੰਤੜੀਆਂ ਵਿੱਚ ਨੁਕਸ ਪੈਣ ਕਰਕੇ ਕਈ ਵਾਰ ਤਾਂ ਆਦਮੀ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ।’’
‘‘ਅੱਛਾ ਦਾਦੂ ਜੀ?’’ ਸੋਨੂੰ ਨੇ ਸੁਆਲੀਆ ਹੁੰਗਾਰਾ ਭਰਿਆ।
‘‘ਪੁੱਤਰ, ਜਦ ਸ਼ਰਾਬੀ ਮਨੁੱਖ ਆਪਣੀ ਸ਼ਰਾਬ ਦੀ ਲਲ੍ਹਕ ਪੂਰੀ ਕਰਨ ਲਈ ਲੋਕਾਂ ਤੋਂ ਪੈਸੇ ਮੰਗਣ ਜਾਂ ਚੋਰੀ ਆਦਿ ਕਰਨ ਲਈ ਮਜਬੂਰ ਹੋ ਜਾਂਦਾ ਹੈ ਤਾਂ ਲੋਕ ਉਸ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਨ। ਉਸ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਉਸ ਦੀ ਸਾਰੀ ਆਨ-ਸ਼ਾਨ ਮਿੱਟੀ ਵਿੱਚ ਮਿਲ ਜਾਂਦੀ ਹੈ। ਪੁੱਤਰ! ਹੁਣ ਤਾਂ ਸਮਝ ਹੀ ਗਿਆ ਹੋਵੇਂਗਾ ਕਿ ਇੱਕ ਛੋਟੀ ਜਿਹੀ ਬੋਤਲ ਕਿਸ ਤਰ੍ਹਾਂ ਮਨੁੱਖ ਨੂੰ ਆਪਣੇ ਅੰਦਰ ਡੋਬ ਕੇ ਸਭ ਪਾਸੇ ਤੋਂ ਬੁਰੀ ਤਰ੍ਹਾਂ ਨਸ਼ਟ ਕਰ ਦਿੰਦੀ ਹੈ।’’
‘‘ਸਮਝ ਗਿਆ ਦਾਦੂ ਜੀ ਸਮਝ ਗਿਆ। ਤਾਂ ਹੀ ਕੰਧ ’ਤੇ ਲਿਖਿਆ ਹੋਇਆ ਸੀ ਕਿ ਓਨੇ ਲੋਕ ਸਮੁੰਦਰ ਨੇ ਨਹੀਂ ਡੋਬੇ, ਜਿੰਨੇ ਬੋਤਲ ਨੇ ਡੋਬੇ ਹਨ।’’
ਰੋਜ਼ ਵਾਂਗ ਸੋਨੂੰ ਕਾਫ਼ੀ ਦੇਰ ਦਾਦਾ ਜੀ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦਾ ਰਿਹਾ। ਫਿਰ ਉਸ ਨੇ ਝੁਕ ਕੇ ਆਪਣੇ ਦਾਦਾ ਜੀ ਤੋਂ ਆਸ਼ੀਰਵਾਦ ਲਿਆ ਅਤੇ ਸੌਣ ਲਈ ਆਪਣੇ ਬਿਸਤਰੇ ਵੱਲ ਚਲਾ ਗਿਆ।
ਸੰਪਰਕ: 62830-72611
* * *
ਵੀਅਤਨਾਮ ਯੁੱਧ
ਲਵਲੀਨ ਜੌਲੀ
ਰਿਚਰਡ ਵਿਲੀਅਮ ਦੇ ਘਰ ਹੁਣ ਤੀਜੀ ਵਾਰੀ ਫੋਨ ਖੜਕਿਆ। ਵਿਲੀਅਮ ਨੇ ਅੱਖਾਂ ਮਲਦਿਆਂ ਘੜੀ ਵੱਲ ਵੇਖਿਆ, ਸੱਤ ਵੱਜ ਕੇ ਪੈਂਤੀ ਮਿੰਟ ਹੋਏ ਸਨ ਤੇ ਉਸ ਨੇ ਫੋਨ ਚੁੱਕਿਆ।
‘‘ਡੈਡ ਮੈਂ ਘਰ ਆ ਰਿਹਾਂ।’’
ਪੁੱਤਰ ਦੀ ਆਵਾਜ਼ ਸੁਣ ਕੇ ਰਿਚਰਡ ਖ਼ੁਸ਼ੀ ਨਾਲ ਭਰ ਗਿਆ। ਉਧਰੋਂ ਫਿਰ ਪੁੱਤਰ ਦੀ ਆਵਾਜ਼ ਸੁਣਾਈ ਦਿੱਤੀ, ‘‘ਡੈਡ ਤੁਹਾਡਾ ਕੀ ਹਾਲ ਹੈ? ਮੌਮ ਦਾ ਕੀ ਹਾਲ ਏ?’’
‘‘ਅਸੀਂ ਠੀਕ ਹਾਂ,’’ ਵਿਲੀਅਮ ਨੇ ਕਿਹਾ।
‘‘ਮੇਰੇ ਨਾਲ ਮੇਰਾ ਇੱਕ ਦੋਸਤ ਵੀ ਹੈ। ਉਸ ਨੂੰ ਨਾਲ ਲੈ ਕੇ ਆਵਾਂ?’’ ਪੁੱਤਰ ਨੇ ਪੁੱਛਿਆ।
‘‘ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਏ? ਲੈ ਆ,’’ ਏਨੇ ਚਿਰ ਵਿੱਚ ਵਿਲੀਅਮ ਦੀ ਪਤਨੀ ਕ੍ਰਿਸਟੀਨਾ ਵੀ ਜਾਗ ਪਈ ਤੇ ਉਸ ਨੇ ਆ ਕੇ ਪਤੀ ਦੇ ਹੱਥੋਂ ਫੋਨ ਫੜ ਲਿਆ ਤੇ ਬੋਲੀ, ‘‘ਹੈਲੋ ਵਿਨੋਗਰ ਕਿੱਥੋਂ ਬੋਲ ਰਿਹੈਂ? ਤੇਰਾ ਕੀ ਹਾਲ ਏ?’’
‘‘ਮੌਮ, ਮੈਂ ਸਾਂ ਫਰਾਂਸਿਸਕੋ ਵਿੱਚ ਹਾਂ,’’ ਪੁੱਤਰ ਨੇ ਜੁਆਬ ਦਿੱਤਾ।
ਜੋ ਕੁਝ ਉਸ ਡੈਡ ਨੂੰ ਦੱਸਿਆ ਸੀ, ਉਹੀ ਗੱਲ ਮੌਮ ਨੂੰ ਵੀ ਦੱਸੀ। ਮਾਂ ਖ਼ੁਸ਼ ਹੋ ਕੇ ਬੋਲੀ, ‘‘ਪਲੀਜ਼ ਲੈ ਕੇ ਆ, ਸਾਨੂੰ ਉਸ ਨੂੰ ਮਿਲ ਕੇ ਖ਼ੁਸ਼ੀ ਹੋਵੇਗੀ।’’
‘‘ਮੈਂ ਤੁਹਾਨੂੰ ਫਿਰ ਫੋਨ ਕਰਾਂਗਾ,’’ ਕਹਿ ਕੇ ਪੁੱਤਰ ਨੇ ਫੋਨ ਰੱਖ ਦਿੱਤਾ। ਵਿਲੀਅਮ ਤੇ ਕ੍ਰਿਸਟੀਨਾ ਦਾ ਪੁੱਤਰ ਵਿਨੋਗਰ ਅਮਰੀਕੀ ਸੈਨਾ ਵਿੱਚ ਸੀ। ਉਹ ਜਿਸ ਸੈਨਾ ਦੀ ਟੁਕੜੀ ਵਿੱਚ ਸੀ, ਉਸ ਨੂੰ ਵੀਅਤਨਾਮ ਭੇਜਿਆ ਗਿਆ ਸੀ। ਕੁਝ ਸਮੇਂ ਪਿੱਛੋਂ ਉਸ ਨੇ ਘਰ ਫੋਨ ਕੀਤਾ, ‘‘ਵੀਅਤਨਾਮ ਯੁੱਧ ਖ਼ਤਮ ਹੋ ਗਿਆ ਹੈ। ਅਮਰੀਕੀ ਸੈਨਾ ਵੀਅਤਨਾਮ ਦੇ ਗੁਰੀਲਿਆਂ ਤੋਂ ਯੁੱਧ ਹਾਰ ਗਈ। ਬੜਾ ਦੁੱਖ ਤੇ ਅਪਮਾਨ ਹੋਇਆ।’’
ਪੁੱਤਰ ਨੇ ਕੁਝ ਚਿਰ ਮਗਰੋਂ ਫਿਰ ਫੋਨ ਕੀਤਾ, ‘‘ਹੈਲੋ ਮੌਮ, ਮੈਂ ਹੁਣੇ ਤੁਹਾਡੇ ਨਾਲ ਆਪਣੇ ਦੋਸਤ ਬਾਰੇ ਗੱਲ ਕੀਤੀ ਸੀ ਨਾ! ਉਹ ਹੁਣ ਸਾਡੇ ਨਾਲ ਹੀ ਰਹੇਗਾ। ਤੁਹਾਨੂੰ ਇਸ ਨਾਲ ਕੋਈ ਤਕਲੀਫ਼ ਤਾਂ ਨਹੀਂ ਹੋਵੇਗੀ?’’
‘‘ਬੇਟਾ, ਤੂੰ ਕੀ ਗੱਲਾਂ ਕਰ ਰਿਹਾ ਹੈਂ? ਤੇਰਾ ਮਿੱਤਰ ਸਾਡੇ ਲਈ ਕੋਈ ਬੋਝ ਨਹੀਂ ਹੋਵੇਗਾ। ਨਾ ਹੀ ਸਾਨੂੰ ਕੋਈ ਇਤਰਾਜ਼ ਹੈ। ਤੁਸੀਂ ਦੋਵੇਂ ਕਦੋਂ ਆ ਰਹੇ ਹੋ?’’ ਮਾਂ ਨੇ ਪੁੱਛਿਆ।
‘‘ਪਰਸੋਂ, ਮੇਰਾ ਮਿੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਐ। ਉਹ ਜਦੋਂ ਦੁਸ਼ਮਣ ਕੋਲੋਂ ਬਚ ਕੇ ਭੱਜਿਆ ਤਾਂ ਜ਼ਮੀਨ ਹੇਠਾਂ ਦੱਬੇ ਬਾਰੂਦੀ ਗੋਲੇ ਦੇ ਉੱਪਰ ਦੀ ਲੰਘ ਗਿਆ। ਉਸ ਦੀ ਇੱਕ ਬਾਂਹ ਤੇ ਇੱਕ ਲੱਤ ਨਹੀਂ ਹੈਗੀ। ਉਹ ਅਪਾਹਜ ਹੈ।’’ ਇੰਨਾ ਕਹਿ ਕੇ ਉਹ ਚੁੱਪ ਕਰ ਗਿਆ।
‘‘ਓ ਗੌਡ! ਆਈ ਐਮ ਸੌਰੀ ਸਨ। ਉਸ ਦਾ ਅਸੀਂ ਕਿਤੇ ਹੋਰ ਇੰਤਜ਼ਾਮ ਕਰ ਦਿਆਂਗੇ। ਆਪਣੇ ਘਰ ਉਸ ਨੂੰ ਰੱਖਣਾ ਸਾਡੇ ਲਈ ਮੁਸ਼ਕਲ ਹੋਵੇਗਾ।’’
‘‘ਨੋ ਮੌਮ, ਉਹ ਸਾਡੇ ਨਾਲ ਹੀ ਰਹੇਗਾ। ਮੈਂ ਉਸ ਨਾ ਵਾਅਦਾ ਕਰ ਚੁੱਕਾ ਹਾਂ।’’
‘‘ਨਹੀਂ ਬੇਟਾ! ਤੇਰਾ ਅਪਾਹਜ ਮਿੱਤਰ ਸਾਡੇ ਲਈ ਬੋਝ ਹੋਵੇਗਾ। ਸਾਡੇ ਘਰ ਰਿਹਾ ਤਾਂ ਸਭ ਲਈ ਮੁਸ਼ਕਲ ਹੋ ਜਾਵੇਗੀ। ਅਸੀਂ ਆਪਣੇ ਬਾਰੇ ਵੀ ਤਾਂ ਸੋਚਣੈ। ਅਸੀਂ ਆਪਣੀ ਜ਼ਿੰਦਗੀ ਵੀ ਜਿਊਣੀ ਹੈ। ਉਸ ਦਾ ਖ਼ਿਆਲ ਛੱਡ ਕੇ ਤੂੰ ਛੇਤੀ ਨਾਲ ਆ ਜਾ। ਉਹ ਆਪੇ ਆਪਣਾ ਕੋਈ ਇੰਤਜ਼ਾਮ ਕਰ ਲਵੇਗਾ।’’ ਪਿਤਾ ਨੇ ਕਿਹਾ। ਵਿਨਗੋਰ ਨੇ ਅੱਗੋਂ ਕੁਝ ਨਾ ਕਿਹਾ। ਫੋਨ ਬੰਦ ਕਰ ਦਿੱਤਾ।
ਅਗਲੇ ਦਿਨ ਵਿਲੀਅਮ ਅਤੇ ਕ੍ਰਿਸਟੀਨਾ ਦੇ ਘਰ ਸਾਂ ਫਰਾਂਸਿਸਕੋ ਦੀ ਪੁਲੀਸ ਵੱਲੋਂ ਫੋਨ ਆਇਆ, ‘‘ਤੁਹਾਡੇ ਪੁੱਤਰ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਤੁਸੀਂ ਛੇਤੀ ਪਹੁੰਚੋ।’’
ਵਿਲੀਅਮ ਤੇ ਕ੍ਰਿਸਟੀਨਾ ਸਾਂ ਫਰਾਂਸਿਸਕੋ ਪੁੱਜੇ। ਉਸ ਹਸਪਤਾਲ ਵਿੱਚ ਗਏ, ਜਿੱਥੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਰੱਖੀ ਸੀ। ਮੁਰਦਾਘਰ ਵਿੱਚ ਪੈਰ ਰੱਖਦਿਆਂ ਹੀ ਕ੍ਰਿਸਟੀਨਾ ਦਾ ਦੁੱਖ ਉਮੜ ਆਇਆ। ਪਤੀ ਦੇ ਮੋਢੇ ਦਾ ਆਸਰਾ ਲੈ ਕੇ ਉਹ ਅੰਦਰ ਗਈ। ਪੁੱਤਰ ਦੀ ਲਾਸ਼ ਪਛਾਣ ਲਈ, ਉਸ ਦੀ ਇੱਕ ਬਾਂਹ ਤੇ ਇੱਕ ਲੱਤ ਨਹੀਂ ਸੀ। ਵੇਖਦਿਆਂ ਹੀ ਉਹ ਦੋਵੇਂ ਉੱਥੇ ਢੇਰੀ ਹੋ ਗਏ।
ਸੰਪਰਕ: 65+96723403
* * *
ਗੁਆਚੇ ਪਾਰਸ
ਸਤੀਸ਼ ਕੁਮਾਰ
ਗੱਲ ਪੰਦਰਾਂ ਵਰ੍ਹੇ ਪਹਿਲਾਂ ਦੀ ਹੈ। ਮੈਂ ਪੰਜਵੀਂ ਜਮਾਤ ਨੂੰ ਪੜ੍ਹਾਉਂਦਾ ਸੀ। ਪਾਰਸ ਨਾਂ ਦਾ ਇੱਕ ਮੁੰਡਾ ਮੇਰੇ ਕੋਲ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਪੜ੍ਹਦਾ ਆ ਰਿਹਾ ਸੀ। ਬੜਾ ਹੀ ਸਿਆਣਾ ਲਾਇਕ ਬੱਚਾ ਸੀ। ਆਗਿਆਕਾਰੀ ਹੋਣ ਦੇ ਨਾਲ-ਨਾਲ ਪੜ੍ਹਾਈ ’ਚ ਬਹੁਤ ਹੁਸ਼ਿਆਰ, ਹਮੇਸ਼ਾ ਅੱਵਲ ਆਉਣ ਵਾਲਾ। ਖੇਡਾਂ ਵਿੱਚ ਵੀ ਮੋਹਰੀ ਰਹਿੰਦਾ। ਸਕੂਲ ਦੇ ਸਾਰੇ ਅਧਿਆਪਕ ਮਨੋ-ਮਨੀ ਖ਼ੁਸ਼ ਹੁੰਦੇ ਕਿ ਅਜਿਹਾ ਹੋਣਹਾਰ ਬੱਚਾ ਸਾਡੇ ਸਕੂਲ ਦਾ ਵਿਦਿਆਰਥੀ ਹੈ। ਉਹ ਘਰੋਂ ਬਹੁਤ ਗ਼ਰੀਬ ਸੀ, ਪਰ ਮੈਂ ਸੌ ਫ਼ੀਸਦੀ ਆਸਵੰਦ ਸੀ ਕਿ ਉਹ ਇੱਕ ਦਿਨ ਜ਼ਰੂਰ ਕਾਬਿਲ ਤੇ ਕਾਮਯਾਬ ਇਨਸਾਨ ਬਣੇਗਾ ਅਤੇ ਆਪਣੇ ਘਰ ਦੀ ਗ਼ਰੀਬੀ ਦੂਰ ਕਰੇਗਾ। ਉਸ ਦੇ ਨਾਮ ਤੋਂ ਪਾਰਸ ਨਾਂ ਦੇ ਉਸ ਪਦਾਰਥ ਦੀ ਯਾਦ ਆਉਂਦੀ ਜਿਸ ਬਾਰੇ ਸਿਰਫ਼ ਸੁਣਿਆ ਹੋਇਆ ਹੈ ਕਿ ਉਸ ਨਾਲ ਕੋਈ ਵੀ ਧਾਤੂ ਛੂਹ ਜਾਂਦੀ ਹੈ ਤਾਂ ਉਹ ਸੋਨੇ ਦੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਵੀ ਪਾਰਸ ਨਾਂ ਨਾਲ ਮਸ਼ਹੂਰ ਸਨ, ਜਿਨ੍ਹਾਂ ਨੂੰ ਮਿਲ ਕੇ ਗ਼ਰੀਬ ਆਪਣੀ ਗ਼ਰੀਬੀ ਦੂਰ ਕਰਦੇ ਸਨ।
ਖ਼ੈਰ, ਸਾਲਾਨਾ ਇਮਤਿਹਾਨਾਂ ਦੇ ਦਿਨ ਨਜ਼ਦੀਕ ਆ ਰਹੇ ਸਨ ਪਰ ਪਿਛਲੇ ਕਈ ਦਿਨਾਂ ਤੋਂ ਪਾਰਸ ਸਕੂਲ ਨਹੀਂ ਆ ਰਿਹਾ ਸੀ। ਮੈਂ ਹਰ ਰੋਜ਼ ਸੁਨੇਹੇ ਘੱਲਦਾ ਪਰ ਉਹ ਨਾ ਆਇਆ। ਫਿਰ ਇੱਕ ਦਿਨ ਮੈਂ ਉਸ ਦੇ ਘਰ ਗਿਆ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਉਹ ਤਾਂ ਕੰਮ ’ਤੇ ਗਿਆ ਹੈ। ਉਨ੍ਹਾਂ ਕਿਹਾ, ‘‘ਕੁੜੀ ਦੇ ਵਿਆਹ ਵਾਸਤੇ ਕਿਸੇ ਜਿਮੀਂਦਾਰ ਤੋਂ ਪੈਸੇ ਲਏ ਹਨ। ਮੈਂ ਬਿਮਾਰ ਰਹਿੰਦਾ ਹਾਂ, ਇਸ ਲਈ ਪਾਰਸ ਕੰਮ ’ਤੇ ਜਾਂਦਾ ਹੈ।’’ ਮੈਂ ਲੱਖ ਸਮਝਾਇਆ ਕਿ ਵਿਆਹ ਵਾਸਤੇ ਅਸੀਂ ਪੈਸੇ ਇਕੱਠੇ ਕਰ ਕੇ ਦੇਵਾਂਗੇ, ਬਸ ਤੁਸੀਂ ਪਾਰਸ ਨੂੰ ਸਕੂਲ ਭੇਜਿਆ ਕਰੋ। ਪਰ ਅਫ਼ਸੋਸ ਉਹ ਨਾ ਮੰਨੇ, ਕਹਿੰਦੇ ਹੁਣ ਜ਼ੁਬਾਨ ਦੇ ਦਿੱਤੀ।
ਕਈ ਸਾਲ ਬੀਤ ਗਏ। ਮੈਂ ਅਜੇ ਵੀ ਉਸੇ ਸਕੂਲ ਵਿੱਚ ਪੜ੍ਹਾ ਰਿਹਾ ਸੀ ਕਿ ਪਾਰਸ ਆਪਣਾ ਬੱਚਾ ਸਕੂਲ ਦਾਖ਼ਲ ਕਰਵਾਉਣ ਆਇਆ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਮਜ਼ਦੂਰੀ ਕਰਦਾ ਹੈ ਅਤੇ ਘਰ ਦੇ ਹਾਲਾਤ ਵੀ ਪਹਿਲਾਂ ਵਰਗੇ ਹੀ ਹਨ। ਬਹੁਤ ਦੁੱਖ ਹੋਇਆ ਕਿ ਜਿਸ ਪਾਰਸ ਨੇ ਸਾਰੇ ਪਰਿਵਾਰ ਦੀ ਗ਼ਰੀਬੀ ਦੂਰ ਕਰਨੀ ਸੀ, ਉਸ ਗ਼ਰੀਬੀ ਨੇ ਹੀ ਉਹ ਪਾਰਸ ਰੋਲ ਦਿੱਤਾ। ਜੇਕਰ ਅਸੀਂ ਸਾਰੇ ਆਪਣੇ ਆਲੇ-ਦੁਆਲੇ ਨਜ਼ਰ ਘੁੰਮਾਈਏ ਤਾਂ ਅਨੇਕਾਂ ਅਜਿਹੇ ਗੁਆਚੇ ਪਾਰਸ ਮਿਲ ਜਾਣਗੇ, ਜਿਨ੍ਹਾਂ ਨੂੰ ਸਾਂਭਣ ਦੀ ਲੋੜ ਹੈ।
ਸੰਪਰਕ: 98782-66411
* * *
ਦਾਨੀ ਸੱਜਣ
ਬਿਕਰਮਜੀਤ ਸਿੰਘ
ਇਲਾਕੇ ਦੇ 20-25 ਪਿੰਡਾਂ ਵਿੱਚੋਂ ਮਸ਼ਹੂਰ ਮੇਲੇ ਤੋਂ ਅਗਲੇ ਦਿਨ ਹਰ ਸਾਲ ਦੀ ਤਰ੍ਹਾਂ ਕੁਸ਼ਤੀਆਂ ਦਾ ਆਯੋਜਨ ਹੋ ਰਿਹਾ ਸੀ। ਕੁਸ਼ਤੀਆਂ ਦੇਖਣ ਲਈ ਦੂਰੋਂ-ਨੇੜਿਓਂ ਲੋਕਾਂ ਦੀ ਵਾਹਵਾ ਭੀੜ ਹੋ ਚੁੱਕੀ ਸੀ। ਸਟੇਜ ਸਕੱਤਰ ਵਾਰ-ਵਾਰ ਅਨਾਊਂਸਮੈਂਟ ਕਰ ਰਿਹਾ ਸੀ ਕਿ ਇਸ ਇਲਾਕੇ ਦੇ ਜੰਮਪਲ ਪੁਲੀਸ ਵਿਭਾਗ ਵਿੱਚੋਂ ਐੱਸ.ਪੀ. ਵਜੋਂ ਸੇਵਾ ਨਿਭਾਉਣ ਵਾਲੇ ਇਮਾਨਦਾਰ ਪੁਲੀਸ ਅਫ਼ਸਰ ਜਲਦ ਹੀ ਇਸ ਪ੍ਰੋਗਰਾਮ ਨੂੰ ਚਾਰ-ਚੰਨ ਲਗਾਉਣ ਲਈ ਪਹੁੰਚ ਰਹੇ ਹਨ। ਸਟੇਜ ਸਕੱਤਰ ਸਾਹਿਬ ਐੱਸ.ਪੀ. ਸਾਹਿਬ ਦੇ ਇਮਾਨਦਾਰ ਹੋਣ ਦੇ ਨਾਲ-ਨਾਲ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣ ਦੇ ਗੁਣੀ ਹੋਣ ਦੀ ਵੀ ਵਾਰ-ਵਾਰ ਘੋਸ਼ਣਾ ਕਰ ਰਿਹਾ ਸੀ। ਲਓ ਜੀ, ਕੁਝ ਹੀ ਪਲਾਂ ਵਿੱਚ ਐੱਸ.ਪੀ. ਸਾਹਿਬ ਆਪਣੇ ਲਾਮ-ਲਸ਼ਕਰ ਸਮੇਤ ਕੁਸ਼ਤੀ ਪ੍ਰੋਗਰਾਮ ਵਿੱਚ ਪਹੁੰਚ ਗਏ। ਕੁਝ ਸਮਾਂ ਪ੍ਰੋਗਰਾਮ ਦਾ ਆਨੰਦ ਮਾਨਣ ਤੋਂ ਬਾਅਦ ਉਨ੍ਹਾਂ ਨੇ ਇੱਕ ਥੈਲੇ ਵਿੱਚੋਂ ਮਾਇਆ ਪ੍ਰਬੰਧਕਾਂ ਨੂੰ ਭੇਟ ਕੀਤੀ। ਖ਼ੂਬ ਫੋਟੋ ਸੈਸ਼ਨ ਵੀ ਹੋਇਆ। ਸਟੇਜ ਸਕੱਤਰ ਨੇ ਪ੍ਰੋਗਰਾਮ ਦੇ ਕੈਸ਼ੀਅਰ ਨੂੰ ਇੱਕ ਪਾਸੇ ਕਰਕੇ ਹੌਲੀ ਜਹੀ ਪੁੱਛਿਆ, ‘‘ਐੱਸ.ਪੀ. ਸਾਹਿਬ ਨੇ ਕਿੰਨੀ ਕੁ ਮਾਇਆ ਭੇਟ ਕੀਤੀ ਹੈ। ਦੱਸੋ ਜੀ, ਤਾਂ ਜੋ ਮੈਂ ਸਟੇਜ ’ਤੇ ਦੱਸ ਸਕਾਂ।’’ ਕੈਸ਼ੀਅਰ ਜੋ ਕਿ ਐੱਸ.ਪੀ. ਸਾਹਿਬ ਦਾ ਪੁਰਾਣਾ ਜਾਣਕਾਰ ਸੀ, ਨੇ ਹੌਲੀ ਜਿਹੀ ਥੈਲੀ ਵਿਚਲੀ ਮਾਇਆ ਬਾਰੇ ਐੱਸ.ਪੀ. ਸਾਹਿਬ ਨੂੰ ਪੁੱਛਿਆ ਤਾਂ ਉਨ੍ਹਾਂਂ ਨੇ ਵੀ ਹੌਲੀ ਜਿਹੀ ਹੀ ਉੱਤਰ ਦਿੱਤਾ, ‘‘ਪੱਕਾ ਪਤਾ ਤਾਂ ਯਾਰ ਮੈਨੂੰ ਵੀ ਨਹੀਂ, ਮੈਂ ਤਾਂ ਆਉਂਦਾ-ਆਉਂਦਾ ਕਾਹਲੀ ਜਿਹੀ ਵਿੱਚ ਆਪਣੇ ਇਲਾਕੇ ਦੇ ਸ਼ਰਾਬ ਦੇੇ ਠੇਕੇਦਾਰ ਤੋਂ ਫੜ ਕੇ ਲਿਆਇਆ ਹਾਂ।’’ ਕੈਸ਼ੀਅਰ ਦੇ ਬਿਲਕੁਲ ਨੇੜੇ ਖੜ੍ਹਾ ਹੋਣ ਕਰਕੇ ਇਹ ਗੱਲ ਮੈਨੂੰ ਵੀ ਸੁਣ ਗਈ। ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਫਿਰ ਅਸਲ ‘ਦਾਨੀ ਸੱਜਣ’ ਕੌਣ ਹੈ, ਐੱਸ.ਪੀ. ਜਾਂ ਠੇਕੇਦਾਰ ਜਾਂ ਸ਼ਰਾਬ ਪੀਣ ਵਾਲੇ?
ਸੰਪਰਕ: 94176-96570