For the best experience, open
https://m.punjabitribuneonline.com
on your mobile browser.
Advertisement

ਮਿੰਨੀ ਕਹਾਣੀਆਂ

04:03 AM May 22, 2025 IST
ਮਿੰਨੀ ਕਹਾਣੀਆਂ
Advertisement

ਉਦਰੇਵੇਂ ਭਰਿਆ ਖ਼ਤ

ਹਰਮੇਲ ਸਿੰਘ ਭਾਗੋਵਾਲੀਆ

Advertisement

ਹਰੇਕ ਸਾਲ ਲੋਕ ਮਾਂ ਦਿਵਸ ਮਨਾਉਂਦੇ ਹਨ, ਪਰ ਮੈਂ ਉਹ ਬਦਨਸੀਬ ਤੇ ਮਨਹੂਸ ਤੇਰਾ ਪੁੱਤਰ ਜਿਸ ਨੇ ਤੇਰੀ ਕੁੱਖ ’ਚ ਹੀ ਤੈਨੂੰ ਦੁੱਖਾਂ ਅਤੇ ਗ਼ਮਾਂ ਦੇ ਹਨੇਰੇ ਵਿੱਚ ਡੁੱਬੀ ਦੇਖਿਆ। ਤੇਰੇ ਲਈ ਉਹ ਦਿਨ ਕਿਆਮਤ ਤੋਂ ਘੱਟ ਨਹੀਂ ਹੋਵੇਗਾ, ਜਦੋਂ ਮੇਰੇ ਜਨਮ ਤੋਂ ਪਹਿਲਾਂ ਹੀ ਮੇਰੇ ਪਿਤਾ ਦੀ ਲਾਸ਼ ਤਿਰੰਗੇ ਵਿੱਚ ਲਿਪਟੀ ਤੇਰੇ ਕੋਲ ਪਹੁੰਚੀ ਹੋਵੇਗੀ। ਇੱਕ ਪਾਸੇ ਪਤੀ ਦਾ ਬੇਜਾਨ ਸਰੀਰ ਅਤੇ ਦੂਜੇ ਪਾਸੇ ਪੇਟ ’ਚ ਪਲ ਰਹੇ ਉਸ ਦੇ ਬੱਚੇ ਦਾ ਫ਼ਿਕਰ, ਇਹੋ ਜਿਹੇ ਸਮੇਂ ਦੁੱਖਾਂ ਦੇ ਪਹਾੜ ਨੂੰ ਬਹਾਦਰ ਫ਼ੌਜੀ ਦੀ ਪਤਨੀ ਹੀ ਬਰਦਾਸ਼ਤ ਕਰ ਸਕਦੀ ਹੋਵੇਗੀ। ਜ਼ਿੰਦਗੀ ਦੇ ਤੀਹ ਵਰ੍ਹੇ ਮਹਿਜ਼ ਭਰ ਜਵਾਨੀ ਦੇ ਹੁੰਦੇ ਹਨ। ਤੂੰ ਇਹ ਜਵਾਨੀ ਬੱਚਿਆਂ ਲਈ ਕੁਰਬਾਨ ਕਰ ਦਿੱਤੀ। ਪਿਤਾ ਜੀ ਦੀ ਫੋਟੋ ਸਾਹਮਣੇ ਖਲੋ ਕੇ ਆਖਦੀ ਹੋਵੇਂਗੀ ਕਿ ਦੇਖ ਤੇਰੇ ਬੱਚਿਆਂ ਨੂੰ ਤੇਰੀ ਯਾਦ ਨਹੀਂ ਆਉਣ ਦਿੰਦੀ। ਸੂਬੇਦਾਰਨੀ ਅਖਵਾਉਣ ਵਾਲੀ ਮੇਰੀ ਮਾਂ ਜਦੋਂ ਮਜ਼ਦੂਰੀ ਕਰਕੇ ਸਾਨੂੰ ਪਾਲਦੀ ਹੋਵੇਗੀ, ਪਤੀ ਦੇ ਸਾਏ ਤੋਂ ਬਿਨਾਂ ਇਹ ਦਰਦ ਕਿੰਨਾ ਭਿਆਨਕ ਤੇ ਡਰਾਉਣਾ ਹੋਵੇਗਾ। ਜਦੋਂ ਮੈਂ ਪਿੱਛੇ ਝਾਤ ਮਾਰਦਾ ਹਾਂ ਤਾਂ ਮਾਂ, ਸੱਚਮੁੱਚ ਤੂੰ ਦੇਵੀ ਦਾ ਰੂਪ ਲਗਦੀ ਏਂ ਅਤੇ ਤੇਰੇ ਪੈਰਾਂ ਦੀ ਧੂੜ ਮੱਥੇ ਲਾਉਣ ਨੂੰ ਦਿਲ ਕਰਦਾ ਹੈ। ਮੈਨੂੰ ਯਾਦ ਹੈ, ਤੂੰ ਜਦੋਂ ਰਾੜ੍ਹ ਵਾਲੇ ਛੋਲੇ ਬਣਾਉਂਦੀ ਸੀ, ਬਹੁਤ ਸੁਵਾਦ ਲਗਦੇ ਸੀ। ਮੇਰੇ ਬੱਚੇ ਬੇਸ਼ੱਕ ਮੈਨੂੰ ਬਜ਼ੁਰਗ ਸਮਝਦੇ ਹਨ ਪਰ ਮੈਂ ਤੇਰੇ ਲਈ ਬੱਚਾ ਹੀ ਹਾਂ। ਮੈਨੂੰ ਯਾਦ ਹੈ ਜਦੋਂ ਤੂੰ ਸਖ਼ਤ ਬਿਮਾਰ ਸੀ, ਹਸਪਤਾਲ ਜਾਂਦਿਆਂ ਕਿਹਾ ਸੀ ਕਿ ‘ਐਵੇਂ ਮਿੱਟੀ ਚੁੱਕੀ ਫਿਰਦਾ ਏਂ’ ਪਰ ਮੈਂ ਤੈਨੂੰ ਕਿਸੇ ਵੀ ਕੀਮਤ ’ਤੇ ਗੁਆਉਣਾ ਨਹੀਂ ਚਾਹੁੰਦਾ ਸੀ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਸਿਦਕ ਅਤੇ ਦਿੜ੍ਹਤਾ ਨਾਲ ਤੂੰ ਹਮੇਸ਼ਾ ਮਾਂ ਅਤੇ ਪਿਤਾ ਦਾ ਰੋਲ ਅਦਾ ਕਰਕੇ ਸਾਨੂੰ ਪਿਤਾ ਦੀ ਯਾਦ ਨਾ ਆਉਣ ਦਿੱਤੀ। ਅੱਜ ਜੇ ਤੂੰ ਮੇਰੇ ਕੋਲ ਹੋਵੇਂ ਤਾਂ ਤੈਨੂੰ ਮਿਲੇ ਇੱਕ-ਇੱਕ ਦੁੱਖ ਦਾ ਹਿਸਾਬ ਤੈਨੂੰ ਉਸ ਤੋਂ ਵੀ ਵੱਧ ਸੁਖ ਦੇ ਕੇ ਪੂਰਾ ਕਰਦਾ। ਤੇਰੇ ਜਾਣ ਪਿੱਛੋਂ ਮੈਂ ਹੋਰ ਵੀ ਸ਼ਿੱਦਤ ਨਾਲ ਜਾਣਿਆ ਹੈ ਕਿ ਮਾਂ ਵਰਗੀ ਠੰਢੀ ਛਾਂ ਕਦੇ ਹੋਰ ਨਹੀਂ ਮਿਲਦੀ।
ਸੰਪਰਕ: 98152-31028
* * *

Advertisement
Advertisement

ਮਜਬੂਰੀਆਂ

ਓਮਕਾਰ ਸੂਦ ਬਹੋਨਾ
“ਟਣ... ਟਣਾ... ਟਣ...ਣਣਣਣ!”
ਮੋਬਾਈਲ ਦੀ ਘੰਟੀ ਖੜਕੀ। ਮੈਂ ਕੁਰਸੀ ਤੋਂ ਉੱਠ ਕੇ ਕਾਹਲੀ ਨਾਲ ਚਾਰਜਿੰਗ ’ਤੇ ਲੱਗੇ ਮੋਬਾਈਲ ਨੂੰ ਲਾਹ ਕੇ ਵੇਖਿਆ। ਟਰੂਕਾਲਰ ’ਤੋਂ ਪਤਾ ਚੱਲ ਗਿਆ ਕਿ ਇਹ ਫ਼ੋਨਕਾਲ ਕਿਸੇ ਕੰਪਨੀ ਦੀ ਹੈ। ਮਨ ’ਚ ਆਇਆ ਕੱਟ ਦੇਵਾਂ, ਐਵੇਂ ਕਿਸੇ ਕੰਪਨੀ ਦਾ ਕੋਈ ਬੰਦਾ ਵਕਤ ਖਰਾਬ ਕਰੇਗਾ। ਫਿਰ ਸੋਚਿਆ ਚਲੋ ਗੱਲ ਕਰਕੇ ਵੇਖ ਲੈਂਦਾ ਹਾਂ ਕੀ ਕਹਿੰਦੇ ਹਨ। ਮੈਂ ਫੋਨ ਕੰਨ ਨਾਲ ਲਗਾ ਕੇ ਹੌਲੀ ਜਿਹੀ ਆਖਿਆ, “ਹੈਲੋ!” ਤਾਂ ਅੱਗੋਂ ਕੋਈ ਮੈਡਮ ਬੋਲੀ, “ਜੀ... ਗੁੱਡ-ਮੌਰਨਿੰਗ ਸਰ, ... ਮੈਂ ਫਲਾਣੀ ਕੰਪਨੀ ਤੋਂ ਰੀਟਾ ਬੋਲ ਰਹੀ ਹਾਂ...।”
“ਹੈਂ ਅ ਅ?” ਮੈਂ ਉਸ ਦੀ ਗੱਲ ਅਣਸੁਣੀ ਜਿਹੀ ਕਰਦਿਆਂ ਪਾਟੇ ਢੋਲ ਵਾਂਗ ਭੜਰਾਈ ਜਿਹੀ ਤੇਜ਼ ਆਵਾਜ਼ ਵਿੱਚ ਬੋਲਿਆ। ਉਸ ਨੇ ਆਪਣੀ ਗੱਲ ਨਿਮਰਤਾ ਸਹਿਤ ਦੁਹਰਾਉਂਦਿਆਂ ਕਿਹਾ, “... ਸਰ ਮੈਂ ... ਕੰਪਨੀ ਤੋਂ ਰੀਟਾ ਬੋਲ ਰਹੀ ਹਾਂ। ਸ਼ੇਅਰ ਮਾਰਕੀਟ ਮੇਂ ਇਨਵਿਸਟਮੈਂਟ ਕੇ ਲੀਏ ਫੋਨ ਕੀਆ ਹੈ... ਵਰਕ ਕੈਸਾ ਚੱਲ ਰਹਾ ਹੈ ਆਪਕਾ?”
ਹੁਣ ਮੈਂ ਕੁਝ ਮਜ਼ਾਕ ਦੇ ਮੂਡ ਵਿੱਚ ਆ ਗਿਆ। ਮੈਂ ਉੱਚੀ ਪਰ ਦੁਖੀ ਜਿਹੀ ਆਵਾਜ਼ ਵਿੱਚ ਬੋਲਿਆ, “ਕੁਛ ਨਹੀਂ ਹੈ ਮੈਡਮ! ... ਪੱਲੇ ਕੁਛ ਨਹੀਂ ਹੈ, ਕਿਆ ਲਗਾਊਂਗਾ ਸ਼ੇਅਰ ਮਾਰਕੀਟ ਮੇਂ? ਰਿਕਸ਼ਾ ਚਲਾਤਾ ਹੂੰ... ਸੁਬਹ ਸੇ ਖੜ੍ਹਾ ਹੂੰ ਰਿਕਸ਼ਾ ਲੇ ਕੇ ਪੇੜ ਕੇ ਨੀਚੇ... ਦੋ ਬਾਰ ਚਾਏ ਪੀ ਚੁੱਕਾ ਹੂੰ... ਕੋਈ ਸਵਾਰੀ ਨਹੀਂ ਮਿਲੀ ਅਭੀ ਤੱਕ... ਚਾਏ ਪੀਨੀ ਹੈ ਤੋ ਤੂ ਭੀ ਆਜਾ ਯਹਾਂ ਪਟੇਲ ਚੌਕ ਮੇਂ ਸ਼ਮਸ਼ਾਨਘਾਟ ਕੇ ਪਾਸ!”
“ਅੱਛਾ... ਵਰਕ ਨਹੀਂ ਕਰਤੇ ਸਰ ਆਪ...?”
“ਨਹੀਂ ਕੋਈ ਵਰਕ ਨਹੀਂ ਕਰਤਾ! ਰਿਕਸ਼ਾ ਚਲਾਤਾ ਹੂੰ!” ਮੈਂ ਗੱਦੇਦਾਰ ਸੋਫ਼ੇ ਦੀ ਸੀਟ ’ਤੇ ਧੁੱਸ ਦੇਣੇ ਬਹਿੰਦਿਆਂ ਆਖਿਆ। ਉਸ ਨੇ ਹੌਲੀ ਕੁ ਦੇਣੇ “ਓ.ਕੇ.” ਕਹਿ ਕੇ ਫੋਨ ਬੰਦ ਕਰ ਦਿੱਤਾ। ਉਸ ਦੀ ਉਦਾਸ ਜਿਹੀ ‘ਓ.ਕੇ.’ ਨੇ ਮੇਰਾ ਮਜ਼ਾਹੀਆ ਮਨ ਵੀ ਉਦਾਸ ਕਰ ਦਿੱਤਾ। ਢਿੱਡ ਦੀ ਖ਼ਾਤਰ ਕਿਸੇ ਕੰਪਨੀ ਦੀ ਨੌਕਰੀ ਕਰਦੀ ਉਸ ਕੁੜੀ ਦੀਆਂ ਮਜਬੂਰੀਆਂ ਮੇਰੇ ਮਨ ਵਿੱਚ ਹਲ-ਚਲ ਮਚਾ ਰਹੀਆਂ ਸਨ।
ਸੰਪਰਕ: 96540-36080
* * *

ਪਲੰਬਰ

ਬਿੱਕਰ ਸਿੰਘ ਮਾਨ
ਮੇਰਾ ਘਰ ਕਾਫ਼ੀ ਸਮਾਂ ਪਹਿਲਾਂ ਬਣਿਆ ਸੀ। ਅਸੀਂ ਹੁਣ ਉਸ ਦੀ ਪੂਰੀ ਮੁਰੰਮਤ ਕਰਵਾਈ। ਇੱਕ ਬਾਥਰੂਮ ਵਿੱਚ ਫਲੱਸ਼ ਦੀ ਸੀਟ ਠੀਕ ਢੰਗ ਨਾਲ ਫਿੱਟ ਨਾ ਹੋਣ ਕਰਕੇ ਕਾਫ਼ੀ ਸਮੱਸਿਆ ਦੇ ਰਹੀ ਸੀ। ਠੇਕੇਦਾਰ ਨੇ ਦੋ/ਤਿੰਨ ਪਲੰਬਰ ਬੁਲਾਏ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਰਹੀ। ਫਿਰ ਮੈਂ ਉਸ ਕੰਪਨੀ ਜਿਸ ਤੋਂ ਸੀਟ ਖਰੀਦੀ ਸੀ, ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਕੰਪਨੀ ਦਾ ਤਕਨੀਕੀ ਜਾਣਕਾਰੀ ਵਾਲਾ ਵਰਕਰ ਆਇਆ। ਇਹ ਦੇਖ ਕੇ ਉਸ ਨੇ ਕਿਹਾ ਕਿ ਪਲੰਬਰ ਤਾਂ ਬੁਲਾ ਲਵੇਗਾ ਪਰ ਖ਼ਰਚਾ ਮੈਨੂੰ ਦੇਣਾ ਪਵੇਗਾ ਕਿਉਂਕਿ ਇਹ ਸਮੱਸਿਆ ਸੀਟ ਦੀ ਫਿਟਿੰਗ ਦੀ ਹੈ, ਸੀਟ ਵਿੱਚ ਤਕਨੀਕੀ ਖ਼ਰਾਬੀ ਦੀ ਨਹੀਂ। ਮੈਂ ਉਸ ਦੀ ਗੱਲ ਸਮਝ ਕੇ ਸਹਿਮਤੀ ਦੇ ਦਿੱਤੀ। ਉਸ ਨੇ ਕਿਹਾ ਕਿ ਉਸ ਦੀ ਫੀਸ 3000 ਰੁਪਏ ਹੋਵੇਗੀ। ਮੈਨੂੰ ਬਹੁਤ ਹੈਰਾਨੀ ਹੋਈ, ਪਰ ਕੋਈ ਹੋਰ ਹੱਲ ਨਾ ਨਿਕਲਦਾ ਦੇਖ ਕੇ ਮੈਂ ਫੀਸ ਦੇਣ ਲਈ ਤਿਆਰ ਹੋ ਗਿਆ।
ਪਲੰਬਰ ਨੇ ਆਉਣ ਦਾ ਸਮਾਂ ਦੇ ਦਿੱਤਾ। ਉਸ ਦੇ ਆਉਣ ਦੇ ਸਮੇਂ ਤੋਂ ਪਹਿਲਾਂ, ਦੋ ਲੜਕੇ ਮੋਟਰਸਾਈਕਲ ਉੱਤੇ ਆਏ ਅਤੇ ਸੀਟ ਖੋਲ੍ਹ ਦਿੱਤੀ। ਮੈਂ ਦੇਖ ਰਿਹਾ ਸੀ। ਫਿਰ ਉਨ੍ਹਾਂ ਨੇ ਇੱਕ ਫੋਨ ਕੀਤਾ ਅਤੇ ਦਸ ਮਿੰਟ ਬਾਅਦ ਇੱਕ ਹੋਰ ਲੜਕਾ ਆਇਆ ਜੋ ਕਾਰ ’ਤੇ ਆਇਆ ਸੀ। ਉਸ ਨੇ ਦੇਖ ਕੇ ਉਨ੍ਹਾਂ ਨੂੰ ਕੁਝ ਸਮਝਾਇਆ ਅਤੇ ਨਾਲ ਕੰਮ ਕਰਨ ਲੱਗ ਗਿਆ। ਦੇਖਦੇ ਦੇਖਦੇ ਦਸ ਮਿੰਟ ਵਿੱਚ ਕੰਮ ਕਰ ਦਿੱਤਾ। ਸਾਰਾ ਮਸਲਾ ਹੱਲ ਹੋ ਗਿਆ।
ਉਹ ਲੜਕਾ ਮੈਨੂੰ ਕਿਸੇ ਪਿੰਡ ਦਾ ਰਹਿਣ ਵਾਲਾ ਲੱਗਦਾ ਸੀ। ਉਸ ਬਾਰੇ ਜਾਣਨ ਦੀ ਮੇਰੀ ਉਤਸੁਕਤਾ ਜਾਗੀ। ਮੈਂ ਉਸ ਨੂੰ ਚਾਹ ਪਿਆਉਣ ਦੇ ਬਹਾਨੇ ਨਾਲ ਬਿਠਾ ਲਿਆ। ਉਸ ਨੇ ਦੱਸਿਆ ਕਿ “ਉਹ ਇੱਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਬਾਰ੍ਹਵੀਂ ਤੱਕ ਪੜਿਆ ਹੈ। ਘਰ ਵਿੱਚ ਬਹੁਤੇ ਵਿੱਤੀ ਸਾਧਨ ਨਾ ਹੋਣ ਕਰਕੇ ਸੋਚਿਆ ਕਿ ਕੋਈ ਕੰਮ ਕਾਰ ਕਰੇ ਜਾਂ ਕੋਈ ਕੰਮ ਸਿੱਖ ਲਵੇ। ਜ਼ਮੀਨ ਘੱਟ ਸੀ ਅਤੇ ਉਸ ਦੇ ਨਾਲ ਦੇ ਕਾਫ਼ੀ ਸਾਥੀ ਵਿਦੇਸ਼ ਜਾਣ ਬਾਰੇ ਸੋਚ ਰਹੇ ਸਨ। ਉਸ ਨੇ ਕੋਈ ਕੰਮ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਇਮਾਰਤਾਂ ਬਣਾਉਣ ਵਾਲੇ ਇੱਕ ਠੇਕੇਦਾਰ ਕੋਲ ਮਜ਼ਦੂਰੀ ਕਰਨ ਲੱਗ ਗਿਆ ਪਰ ਉਸ ਦੀ ਧਿਆਨ ਕੰਮ ਸਿੱਖਣ ਵੱਲ ਸੀ। ਉਹ ਸੈਨੇਟਰੀ ਠੇਕੇਦਾਰ ਨਾਲ ਕੰਮ ਕਰਦਾ ਸੀ। ਉੱਥੇ ਉਸ ਨੇ ਲਗਭਗ ਪੰਜ ਸਾਲ ਦਿਲ ਲਾ ਕੇ ਕੰਮ ਕੀਤਾ ਅਤੇ ਸਿੱਖਿਆ। ਪੰਜ ਸਾਲਾਂ ਵਿੱਚ ਉਸ ਠੇਕੇਦਾਰ ਨੇ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਇਮਾਰਤਾਂ ਬਣਾਈਆਂ। ਹੁਣ ਉਸ ਨੂੰ ਆਪਣੇ ਆਪ ’ਤੇ ਭਰੋਸਾ ਸੀ ਕਿ ਆਪਣੇ ਆਪ ਪੂਰੀ ਇਮਾਰਤ ਦਾ ਕੰਮ ਕਰ ਸਕਦਾ ਹੈ। ਫਿਰ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ। ਕਈ ਕੰਪਨੀਆਂ ਨਾਲ ਤਾਲਮੇਲ ਕੀਤਾ ਅਤੇ ਕੰਪਨੀਆਂ ਦੀ ਮਾਨਤਾ ਪ੍ਰਾਪਤ ਕੀਤੀ।
ਉਸ ਨੇ ਕਿਹਾ, ‘‘ਮੈਂ ਆਪਣਾ ਕੰਮ ਦਿਲ ਲਾ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਕਰਦਾ ਹਾਂ। ਅੱਜ ਮੇਰਾ ਇਲਾਕੇ ਅਤੇ ਕੰਪਨੀਆਂ ਵਿੱਚ ਨਾਮ ਹੈ। ਮੇਰੇ ਕੋਲ ਪੰਦਰਾਂ-ਵੀਹ ਕੋਠੀਆਂ ਦਾ ਕੰਮ ਹਮੇਸ਼ਾ ਰਹਿੰਦਾ ਹੈ ਅਤੇ ਅੱਠ-ਦਸ ਆਦਮੀ ਮੇਰੇ ਨਾਲ ਕੰਮ ਕਰਦੇ ਹਨ। ਮੈਂ ਬਹੁਤ ਖ਼ੁਸ਼ ਹਾਂ।’’
ਉਸ ਦੀਆਂ ਗੱਲਾਂ, ਮਿਹਨਤ, ਲਗਨ ਅਤੇ ਅਪਣਾਏ ਰਸਤੇ ਬਾਰੇ ਜਾਣ ਕੇ ਮੇਰਾ ਦਿਲ ਖ਼ੁਸ਼ ਹੋ ਗਿਆ। ਮੈਂ ਸੋਚਿਆ ਕਿ ਸਾਡੇ ਹੋਰ ਨੌਜਵਾਨ ਵੀ ਆਪੋ ਆਪਣੀ ਯੋਗਤਾ ਤੇ ਦਿਲਚਸਪੀ ਮੁਤਾਬਿਕ ਰਸਤੇ ਅਪਣਾ ਲੈਣ ਤਾਂ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਸੰਪਰਕ: 99103-72972
* * *

ਸ਼ਰਾਧ

ਮਨਦੀਪ ਸੋਹਲ
ਉਸ ਦੇ ਘਰ ਅੱਜ ਸਵੇਰ ਤੋਂ ਹੀ ਪਕਵਾਨ ਪੱਕਣ ਦੀ ਖੁਸ਼ਬੂ ਆ ਰਹੀ ਸੀ। ਅੱਜ ਬਿਨਾਂ ਲਸਣ, ਪਿਆਜ਼ ਤੋਂ ਸਬਜ਼ੀਆਂ, ਪੂਰੀਆਂ, ਕੜਾਹ, ਖੀਰ ਕਿੰਨਾ ਕੁਝ ਹੀ ਬਣਿਆ ਸੀ। ਅੱਠ ਸਾਲਾਂ ਦੇ ਉਸ ਦੇ ਪੁੱਤਰ ਨੇ ਉਸ ਨੂੰ ਪੁੱਛਿਆ, ‘‘ਮੰਮੀ, ਇਹ ਸ਼ਰਾਧ ਕੀ ਹੁੰਦਾ ਹੈ?’’ ‘‘ਬੇਟਾ, ਇਨ੍ਹਾਂ ਦਿਨਾਂ ’ਚ ਪੰਡਿਤ ਜੀ ਨੂੰ ਖੁਆਇਆ ਭੋਜਨ ਪਿੱਤਰਾਂ ਨੂੰ ਲੱਗਦਾ ਹੈ ਤੇ ਉਹ ਖ਼ੁਸ਼ ਹੋ ਕੇ ਸਾਨੂੰ ਦੁਆਵਾਂ ਦਿੰਦੇ ਹਨ, ਜਿਵੇਂ ਅੱਜ ਤੇੇਰੇ ਦਾਦਾ ਜੀ ਦਾ ਸ਼ਰਾਧ ਹੈ। ਮੈਂ ਤੇ ਤੇਰੇ ਪਾਪਾ ਪੰਡਿਤ ਜੀ ਨੂੰ ਘਰੇ ਬੁਲਾ ਕੇ ਉਨ੍ਹਾਂ ਨੂੰ ਭੋਜਨ ਪਰੋਸਾਂਗੇ ਤੇ ਪਿੱਤਰ ਲੋਕ ਤੋਂ ਤੇਰੇ ਦਾਦਾ ਜੀ ਦੀਆਂ ਦੁਆਵਾਂ ਲਵਾਂਗੇ।’’
‘‘ਪਰ ਮੰਮੀ, ਦਾਦਾ ਜੀ ਤਾਂ ਬਿਰਧ-ਆਸ਼ਰਮ ਵਿੱਚ ਰਹਿੰਦੇ ਸਨ। ਫਿਰ ਵੀ ਉਨ੍ਹਾਂ ਦਾ ਸ਼ਰਾਧ ਵੀ ਬਿਰਧ ਆਸ਼ਰਮ ਵਾਲੇ ਹੀ ਕਰਨ ਤੇ ਉਹੀ ਦੁਆਵਾਂ ਲੈਣ... ਅਸੀਂ ਕਿਉਂ...?’’ ਬੱਚੇ ਦੇ ਮੂੰਹੋਂ ਸੱਚੇ ਬੋਲ ਸੁਣ ਕੇ ਦੋਵੇਂ ਪਤੀ-ਪਤਨੀ ਅਵਾਕ ਰਹਿ ਗਏ।
ਸੰਪਰਕ: 97800-84093
* * *

ਸਰਦਾਰ ਅੰਕਲ

ਜਸਵਿੰਦਰ ਸਿੰਘ
ਅਕਤੂਬਰ ਦੀ ਸ਼ੁਰੂਆਤ ਹੋ ਗਈ ਸੀ। ਹੁਣ ਮੌਸਮ ਹੌਲੀ-ਹੌਲੀ ਬਦਲਣ ਲੱਗਿਆ ਸੀ। ਸਰੀਰ ਥੋੜ੍ਹਾ ਆਲਸ ਮਹਿਸੂਸ ਕਰ ਰਿਹਾ ਸੀ। ਸੂਰਜ ਦੀਆਂ ਕਿਰਨਾਂ ਜਾਲੀ ਵਾਲੇ ਬੂਹੇ ’ਚੋਂ ਛਣ ਕੇ ਮੇਰੇ ਮੂੰਹ ’ਤੇ ਪੈ ਰਹੀਆਂ ਸਨ ਪਰ ਅੱਖਾਂ ਖੋਲ੍ਹਣ ਦਾ ਦਿਲ ਨਹੀਂ ਸੀ ਕਰ ਰਿਹਾ।
ਏਨੇ ਵਿੱਚ ਕੰਨਾਂ ’ਚ ਆਵਾਜ਼ ਪਈ... ‘‘ਸਰਦਾਰ ਅੰਕਲ ਕੁਝ ਖਾਣੇ ਕੋ ਦੋ...’’
ਇਸ ਆਵਾਜ਼ ਦੇ ਨਾਲ ਹੀ ਮੈਨੂੰ ਯਾਦ ਆ ਗਈ ਆਪਣੀ ਧਰਮ ਪਤਨੀ ਦੀ ਜੋ ਪਿਛਲੇ ਕਈ ਵਰ੍ਹਿਆਂ ਤੋਂ ਰਾਤ ਭਰ ਪਾਣੀ ਵਿੱਚ ਭਿੱਜੇ ਹੋਏ ਬਾਦਾਮ ਅਤੇ ਕੁਝ ਹੋਰ ਮੇਵੇ ਸਵੇਰ ਦੀ ਚਾਹ ਨਾਲ ਸਾਨੂੰ ਖਾਣ ਨੂੰ ਦਿੰਦੀ ਹੈ।
ਦੂਜੇ ਪਾਸੇ, ਛੇ-ਸੱਤ ਵਰ੍ਹਿਆਂ ਦੇ ਇਹ ਨਿੱਕੇ-ਨਿੱਕੇ ਬੱਚੇ ਸਵੇਰ ਹੁੰਦਿਆਂ ਹੀ ਸਾਡੇ ਘਰ ਦੇ ਨੇੜਿਓਂ ਆਵਾਜ਼ਾਂ ਮਾਰ ਕੇ ਗੁਜ਼ਰਦੇ ਸਨ।
ਮੈਂ ਰੋਜ਼ ਇਨ੍ਹਾਂ ਨੂੰ ਆਪਣੀ ਦੂਸਰੀ ਮੰਜ਼ਿਲ ਤੋਂ ਦੇਖਦਾ ਸੀ... ਕਦੇ ਮੇਰੇ ਨਾਲ ਅੱਖ ਮਿਲ ਗਈ ਤੇ ਕੁਝ ਮੰਗ ਲੈਂਦੇ ਸੀ, ਨਹੀਂ ਤਾਂ ਮਿੱਟੀ ਵਿੱਚ ਹੇਠਾਂ ਡਿੱਗੀਆਂ ਸਿਗਰਟਾਂ ਦੇ ਟੁਕੜਿਆਂ ਨੂੰ ਦੁਬਾਰਾ ਮਾਚਿਸ ਨਾਲ ਜਲਾ ਕੇ ਕਸ਼ ਲੈਂਦੇ ਸਨ। ਸ਼ਾਇਦ ਰਾਤ ਦੀ ਰੋਟੀ ਮਗਰੋਂ 12-13 ਘੰਟੇ ਦੀ ਭੁੱਖ ਨੂੰ ਸਿਗਰਟ ਦੇ ਧੂੰਏ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਣ।
ਪੁੱਛਣ ’ਤੇ ਪਤਾ ਲੱਗਾ ਕਿ ਇਨ੍ਹਾਂ ’ਚੋਂ ਕੁਝ ਦੇ ਮਾਂ-ਪਿਓ ਸਵੇਰ ਹੁੰਦਿਆਂ ਹੀ ਕੰਮ ’ਤੇ ਨਿਕਲ ਜਾਂਦੇ ਸਨ... ਕਿਸੇ ਦੇ ਮਾਂ-ਬਾਪ ਦੋਵੇਂ ਮੰਗਤੇ ਸਨ... ਕਿਸੇ ਦਾ ਪਿਤਾ ਮਰ ਚੁੱਕਾ, ਮਾਂ ਕੰਮ ਕਰਨ ਚਲੀ ਜਾਂਦੀ ਸੀ। ਪਿੱਛੇ ਰਹਿ ਗਏ ਵਿਚਾਰੇ ਇਹ ਨਿੱਕੇ-ਨਿੱਕੇ ਬੱਚੇ ਮਿੱਟੀ ਵਿੱਚ ਡਿੱਗੀਆਂ ਸਿਗਰਟਾਂ ਬਾਲ ਕੇ ਧੂੰਏ ਨਾਲ ਆਪਣਾ ਪੇਟ ਭਰਦੇ ਸਨ... ਨਾ ਪੈਰਾਂ ਵਿੱਚ ਜੁੱਤੀ ਨਾ ਤੇਲ ਕੰਘੀ ਨਾ ਦਾਤਣ ਆਦਿ...।
ਮਨ ਬੜਾ ਦੁਖੀ ਹੁੰਦਾ ਸੀ ਇਹ ਸਭ ਦੇਖ ਕੇ... ਕਿਧਰੇ ਸਾਡੇ ਬੱਚੇ ਇਸ ਸਮੇਂ ਸਕੂਲ ਵਰਦੀ ਵਿੱਚ ਆਪਣੇ ਮਾਂ-ਪਿਓ ਦੀ ਉਂਗਲ ਫੜ ਕੇ ਸਕੂਲ ਬੱਸ ਫੜਨ ਲਈ ਭੱਜਦੇ ਨਜ਼ਰ ਆਉਂਦੇ ਹਨ।
‘‘ਸਰਦਾਰ ਅੰਕੜ ਕੁਝ ਖਾਣੇ ਕੋ ਦੋ...’’ ਮੇਰੇ ਖ਼ਿਆਲਾਂ ਦੀ ਲੜੀ ਨੂੰ ਇੱਕ ਵਾਰ ਫਿਰ ਉਨ੍ਹਾਂ ਬੱਚਿਆਂ ਦੀ ਤੇਜ਼ ਆਵਾਜ਼ ਨੇ ਠੱਲ੍ਹ ਪਾਈ।
ਮੈਂ ਛੇਤੀ-ਛੇਤੀ ਬਿਸਤਰ ਛੱਡਿਆ ਤੇ ਉਨ੍ਹਾਂ ਲਈ ਖਾਣ-ਪੀਣ ਦਾ ਸਾਮਾਨ ਪਲਾਸਟਿਕ ਦੀ ਟੋਕਰੀ ਵਿੱਚ ਪਾ ਕੇ ਆਪਣੀ ਦੂਸਰੀ ਮੰਜ਼ਿਲ ਤੋਂ ਉਨ੍ਹਾਂ ਨੂੰ ਦਿੱਤਾ। ਬੜੀ ਮੱਧਮ ਜਿਹੀ ਆਵਾਜ਼ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਾਡੇ ਘਰ ਦਾ ਕੰਮ ਕਰਨ ਵਾਲੀ ਭੈਣ ਜੀ ਨੇ ਕਿਹਾ, ‘‘ਭੈਯਾ, ਇਨ ਬੱਚੋਂ ਕੀ ਆਦਤ ਬਣ ਜਾਏਗੀ... ਮਤ ਦੋ।’’
ਮੈਂ ਬੱਚਿਆਂ ਦੀ ਆਦਤ ਸੁਧਾਰਨ ਵਾਸਤੇ ਸੋਚਣ ਲੱਗਿਆ ਕਿ ਇਹ ਕਿਸ ਦੀ ਜ਼ਿੰਮੇਵਾਰੀ ਹੈ ਇਨ੍ਹਾਂ ਬੱਚਿਆਂ ਦੇ ਵੱਲ... ਇਨ੍ਹਾਂ ਦੇ ਮਾਂ-ਬਾਪ... ਸਰਕਾਰਾਂ ਦੀ ਤੇ ਜਾਂ ਫਿਰ ਸਾਡੀ ਸਭ ਦੀ...???
ਸੰਪਰਕ: 98102-93016

Advertisement
Author Image

Ravneet Kaur

View all posts

Advertisement