ਮਿੰਨੀ ਕਹਾਣੀਆਂ
ਜੰਗ
ਗੁਰਤੇਜ ਸਿੰਘ ਖੁਡਾਲ
ਸ਼ਾਮ ਹੁੰਦਿਆਂ ਹੀ ਖ਼ਤਰੇ ਦੇ ਹੂਟਰਾਂ ਦੀਆਂ ਦਿਲ ਚੀਰਵੀਆਂ ਆਵਾਜ਼ਾਂ, ਬੱਤੀਆਂ ਬੰਦ ਕਰਨ ਦੇ ਦਿੱਤੇ ਜਾ ਰਹੇ ਹੋਕੇ ਸੁਣ ਕੇ ਕਰਤਾਰ ਕੌਰ ਅੰਦਰੋ ਅੰਦਰੀ ਰੱਬ ਅੱਗੇ ਦੁਆਵਾਂ ਕਰ ਰਹੀ ਸੀ, ‘‘ਹੇ ਰੱਬਾ ਮਿਹਰ ਕਰੀਂ, ਸੁੱਖ ਸ਼ਾਂਤੀ ਰੱਖੀਂ, ਸਾਡੇ ਮੁਲਕ ਦੀ ਕਿਸੇ ਵੀ ਮੁਲਕ ਨਾਲ ਜੰਗ ਨਾ ਲੱਗੇ।’’ ਕਰਤਾਰ ਕੌਰ ਦੇ ਪੋਤਿਆਂ, ਪੜਪੋਤਿਆਂ ਨੇ ਕਿਹਾ, ‘‘ਦਾਦੀ ਮਾਂ, ਤੁਸੀਂ ਤਾਂ ਸੌ ਸਾਲ ਦੇ ਹੋ ਗਏ ਹੋ, ਸਾਰੀ ਉਮਰ ਭੋਗ ਲਈ ਹੈ, ਤੁਸੀਂ ਜੰਗ ਤੋਂ ਏਨਾ ਕਿਉਂ ਡਰਦੇ ਹੋ?’’
‘‘ਪੁੱਤਰੋ, ਮੈਨੂੰ ਜੰਗ ਦਾ ਡਰ ਨਹੀਂ। ਦਰਅਸਲ, ਇਨ੍ਹਾਂ ਜੰਗਾਂ ਵਿੱਚ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ! ਪੁੱਤ, ਮੈਂ ਸੰਨ ਸੰਤਾਲੀ ਦੀ ਭਰਾ ਮਾਰੂ ਜੰਗ ਦਾ ਸੇਕ ਆਪਣੇ ’ਤੇ ਹੰਢਾ ਚੁੱਕੀ ਹਾਂ। ਮੈਂ ਆਪਣਾ ਪਿਉ, ਭਰਾ ਅਤੇ ਪਰਿਵਾਰ ਦੇ ਕਈ ਮੈਂਬਰ ਉਸ ਅੰਨ੍ਹੀ ਹਿੰਸਾ ਵਿੱਚ ਗੁਆ ਚੁੱਕੀ ਹਾਂ। ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮੇਰੇ ਸਾਹਮਣੇ ਹੀ ਭੀੜ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਹ ਦਰਦਨਾਕ ਵਰਤਾਰਾ ਮੈਂ ਕਦੇ ਵੀ ਭੁੱਲ ਨਹੀਂ ਸਕਦੀ। ਉਹ ਦ੍ਰਿਸ਼ ਹਮੇਸ਼ਾ ਹੀ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।’’ ਇਹ ਕਹਿੰਦਿਆਂ ਹੀ ਕਰਤਾਰ ਕੌਰ ਦੀਆਂ ਅੱਖਾਂ ਵਿੱਚੋਂ ਆਪਮੁਹਾਰੇ ਹੀ ਅੱਥਰੂ ਵਹਿ ਤੁਰੇ।
‘‘ਪੁੱਤਰੋ, ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਲੋਕ ਭਰਾ ਮਾਰੂ ਜੰਗਾਂ ਦਾ ਦਰਦ ਆਪਣੇ ਸੀਨੇ ਵਿੱਚ ਸਮੋਈ ਬੈਠੇ ਹਨ।’’ ਦਾਦੀ ਮਾਂ ਕਰਤਾਰ ਕੌਰ ਦੇ ਇਹ ਬੋਲ ਸੁਣ ਕੇ ਸਾਰੇ ਚੁੱਪ ਹੋ ਗਏ। ਮਾਹੌਲ ਇਕਦਮ ਬਦਲ ਕੇ ਗ਼ਮਗੀਨ ਜਿਹਾ ਹੋ ਗਿਆ। ਸਾਰੇ ਹੀ ਆਪਣੀ ਦਾਦੀ ਮਾਂ ਨਾਲ ਰੱਬ ਅੱਗੇ ਦੁਆਵਾਂ ਕਰਨ ਲੱਗੇ, ‘‘ਰੱਬਾ, ਕਦੇ ਵੀ ਕਿਸੇ ਦੇਸ਼ ਦੀ ਦੂਜੇ ਦੇਸ਼ ਨਾਲ ਜੰਗ ਨਾ ਲੱਗੇ।’’
ਸੰਪਰਕ: 94641-29118
* * *
ਜੰਗ
ਰਾਵਿੰਦਰ ਫਫੜੇ
ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਜੰਗ ਸ਼ੁਰੂ ਹੋ ਗਈ। ਸ਼ੋਸਲ ਮੀਡੀਆ ਅਤੇ ਟੈਲੀਵਿਜ਼ਨ ’ਤੇ ਡਰਾਉਣੀਆਂ ਖ਼ਬਰਾਂ ਦੀ ਭਰਮਾਰ ਸੀ। ਡਰ ਦੇ ਮਾਹੌਲ ਤੋਂ ਧਿਆਨ ਹਟਾਉਣ ਲਈ ਮੈਂ ਕ੍ਰਿਕਟ ਦਾ ਮੈਚ ਲਗਾ ਲਿਆ। ਕੁਝ ਦੇਰ ਬਾਅਦ ਅਚਾਨਕ ਚਲਦਾ ਮੈਚ ਰੋਕ ਦਿੱਤਾ ਗਿਆ। ਪਹਿਲਾਂ ਤਾਂ ਲੱਗਿਆ ਕਿ ਮੀਂਹ ਆ ਗਿਆ ਹੋਵੇਗਾ, ਪਰ ਫਿਰ ਟੀ ਵੀ ਸਕ੍ਰੀਨ ’ਤੇ ਲਿਖ ਕੇ ਦੱਸਿਆ ਗਿਆ ਕਿ ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ।ਮਨ ਹੋਰ ਬੇਚੈਨ ਹੋ ਗਿਆ।
ਏਨੇ ਵਿੱਚ ਬਿਜਲੀ ਚਲੀ ਗਈ। ਟੀਵੀ ਦੀ ਆਵਾਜ਼ ਬੰਦ ਹੋਣ ਕਾਰਨ ਗੁਰਦੁਆਰਾ ਸਾਹਿਬ ਤੋਂ ਦਿੱਤੀ ਜਾ ਰਹੀ ਸੂਚਨਾ ਕੰਨੀ ਪਈ, ‘‘...ਪ੍ਰਸ਼ਾਸਨ ਨੇ ਬਲੈਕ ਆਊਟ ਦਾ ਐਲਾਨ ਕਰ ਦਿੱਤਾ ਹੈ ਭਾਈ, ਸਾਰੀਆਂ ਲਾਈਟਾਂ ਬੰਦ ਰੱਖੋ ਅਤੇ ਆਪਣੇ ਮੋਬਾਈਲ ਦੀ ਵਰਤੋਂ ਤੋਂ ਵੀ ਗੁਰੇਜ਼ ਕਰੋ... ਭਾਈ ਇਹ ਸੂਚਨਾ ਪ੍ਰਸ਼ਾਸਨ ਵੱਲੋਂ ਆਪਣੇ ਭਲੇ ਲਈ ਭੇਜੀ ਗਈ ਹੈ...।’’ ਪਲਾਂ ’ਚ ਚਾਰੇ ਪਾਸੇ ਸੁੰਨ ਪਸਰ ਗਈ।
ਫਿਰ ਕਿਤੇ ਨੇੜਿਓਂ ਹੀ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਬੰਬ ਫਟਿਆ ਹੋਵੇ। ਡਰ ਦੇ ਮਾਰੇ ਸਾਰੇ ਮੁਹੱਲੇ ਵਾਲੇ ਗਲੀ ਵਿੱਚ ਇਕੱਠੇ ਹੋ ਗਏ। ਬੰਦੇ-ਔਰਤਾਂ ਬਹੁਤ ਧੀਮੀ ਆਵਾਜ਼ ਵਿੱਚ ਆਪਸ ਗੱਲਾਂ ਕਰ ਰਹੇ ਸਨ। ਬੱਚੇ ਸ਼ਰਾਰਤਾਂ ਤੋਂ ਹਟ ਕੇ ਚੁੱਪ-ਚਾਪ ਆਪਣੇ ਮਾਪਿਆਂ ਕੋਲ ਖੜ੍ਹੇ ਸਨ। ਮੈਂ ਤੇ ਮੇਰਾ ਗੁਆਂਢੀ ਇੱਕ ਪਾਸੇ ਖੜ੍ਹ ਆਪਸ ਵਿੱਚ ਗੱਲਾਂ ਕਰ ਰਹੇ ਸਾਂ। ਮੇਰਾ ਗੁਆਂਢੀ ਕੁਝ ਚਿੰਤਾ ਜ਼ਾਹਿਰ ਕਰਦਿਆਂ ਬੋਲਿਆ, ‘‘ਯਾਰ, ਸਾਡਾ ਤਾਂ ਗੈਸ ਸਿਲੰਡਰ ਵੀ ਖ਼ਤਮ ਹੋਣ ਵਾਲਾ ਹੈ। ਜੇ ਮਾਹੌਲ ਇਸੇ ਤਰ੍ਹਾਂ ਦਾ ਰਿਹਾ ਤਾਂ ਪਤਾ ਨਹੀਂ ਗੈਸ ਏਜੰਸੀ ਵਾਲੇ ਸਿਲੰਡਰ ਦੇਣ ਹੀ ਨਾ ਆਉਣ!’’ ਮੈਂ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ, ‘‘ਕੋਈ ਗੱਲ ਨ੍ਹੀਂ, ਸਾਡੇ ਘਰ ਦੋ ਸਿਲੰਡਰ ਭਰੇ ਹੋਏ ਹਨ। ਜੇਕਰ ਲੋੜ ਪਈ ਤਾਂ ਸਾਡੇ ਤੋਂ ਲੈ ਲੈਣਾ... ਆਂਢ-ਗੁਆਂਢ ਦਾ ਕੀ ਫ਼ਾਇਦਾ ਹੋਇਆ...!’’ ਕੋਲ ਸਹਿਮਿਆ ਖੜ੍ਹਾ ਮੇਰਾ ਦਸ ਸਾਲ ਦਾ ਪੁੱਤਰ ਜੋ ਚੁੱਪਚਾਪ ਸਾਡੀਆਂ ਗੱਲਾਂ ਸੁਣ ਰਿਹਾ ਸੀ, ਬੋਲਿਆ, ‘‘ਪਾਪਾ! ਪਾਕਿਸਤਾਨ ਅਤੇ ਭਾਰਤ ਵੀ ਗੁਆਂਢੀ ਹੀ ਹਨ। ਫਿਰ ਇਹ ਆਪਸ ਵਿੱਚ ਕਿਉਂ ਲੜਦੇ ਹਨ?’’ ਮਾਸੂਮ ਬੱਚੇ ਦੇ ਗੰਭੀਰ ਸਵਾਲ ਦਾ ਸਾਡੇ ਦੋਵਾਂ ਕੋਲ ਕੋਈ ਜਵਾਬ ਨਹੀਂ ਸੀ।
ਸੰਪਰਕ: 98156-80980
* * *
ਡਿਜੀਟਲ ਲੜਾਈ
ਜਗਤਾਰ ਗਰੇਵਾਲ ‘ਸਕਰੌਦੀ’
ਮੈਂ ਰੋਟੀ ਖਾ ਕੇ ਭਾਂਡੇ ਹੀ ਰੱਖੇ ਸਨ ਕਿ ਦੇਖਿਆ ਦੋ ਜਣਿਆਂ ਵਿੱਚ ਥੋੜ੍ਹੀ ਬਹਿਸ ਸ਼ੁਰੂ ਹੋ ਗਈ। ਪਹਿਲਾਂ ਸੁਭਾਵਿਕ ਗੱਲਬਾਤ ਚੱਲ ਰਹੀ ਸੀ ਪਰ ਕਿਸੇ ਮਸਲੇ ਨੂੰ ਲੈ ਕੇ ਸ਼ਾਇਦ ਦੋਵੇਂ ਜਣੇ ਆਪਸ ਵਿੱਚ ਉਲਝ ਗਏ। ਉਨ੍ਹਾਂ ਵਿੱਚੋਂ ਇੱਕ ਨੂੰ ਮੈਂ ਨਿੱਜੀ ਤੌਰ ’ਤੇ ਜਾਣਦਾ ਸੀ, ਮੇਰਾ ਸਕੂਲ ਸਮੇਂ ਦਾ ਮਿੱਤਰ ਪੰਮਾ ਸੀ। ਮੈਂ ਉਸ ਨੂੰ ਬਹਿਸ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਮਾਮਲਾ ਕਾਫ਼ੀ ਵਧ ਗਿਆ ਸੀ। ਹੁਣ ਇੱਕ ਇੱਕ ਕਰਕੇ ਹੋਰ ਵੀ ਆ ਰਲੇ। ਕਈਆਂ ਨੇ ਸ਼ਰਾਬ ਪੀ ਰੱਖੀ ਸੀ ਤੇ ਗੱਲ ਗਾਲੀ ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਆ ਪਹੁੰਚੀ। ਮੈਨੂੰ ਚਿੰਤਾ ਸੀ ਕਿ ਇਹ ਬਹਿਸ ਕਿਤੇ ਖ਼ੂਨ ਖਰਾਬੇ ਵਿੱਚ ਨਾ ਬਦਲ ਜਾਵੇ ਤੇ ਕਿਸੇ ਦਾ ਜਾਨੀ ਨੁਕਸਾਨ ਨਾ ਕਰਾ ਬੈਠਣ, ਪਰ ਕੀਤਾ ਵੀ ਕੀ ਜਾ ਸਕਦਾ ਸੀ।
ਫੇਰ ਇਕਦਮ ਇੰਟਰਨੈੱਟ ਬੰਦ ਹੋ ਗਿਆ। ਮੈਂ ਬੇਚੈਨੀ ਮਹਿਸੂਸ ਕਰਨ ਲੱਗਾ ਕਿ ਪਤਾ ਨਹੀਂ ਕੀ ਬਣੇਗਾ? ਆਪਣੇ ਇੱਕ ਦੋ ਦੋਸਤਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਤਕਨੀਕੀ ਨੁਕਸ ਹੋਣ ਕਰਕੇ ਸ਼ਾਇਦ ਇੰਟਰਨੈੱਟ ’ਚ ਰੁਕਾਵਟ ਆ ਗਈ। ਤਕਰੀਬਨ ਸਵਾ ਕੁ ਘੰਟੇ ਬਾਅਦ ਇੰਟਰਨੈੱਟ ਚਾਲੂ ਹੋਇਆ ਤਾਂ ਮੈਂ ਦੇਖਿਆ ਕਿ ਜਿਹੜੇ ਸ਼ੋਸਲ ਮੀਡੀਆ ਗਰੁੱਪ ’ਚ ਥੋੜ੍ਹਾ ਸਮਾਂ ਪਹਿਲਾਂ ਘਸਮਾਣ ਪੈ ਰਿਹਾ ਸੀ ਹੁਣ ਬਿਲਕੁਲ ਚੁੱਪ ਪਸਰੀ ਪਈ ਸੀ। ਮੈਂ ਸੁਖ ਦਾ ਸਾਹ ਲਿਆ। ਸਵੇਰੇ ਵੇਲੇ ਰਾਤ ਦੀਆਂ ਗੱਲਾਂ ਸ਼ਾਇਦ ਕਿਸੇ ਨੂੰ ਚੇਤੇ ਨਹੀਂ ਸਨ।
ਸੰਪਰਕ: 94630-36033
* * *