For the best experience, open
https://m.punjabitribuneonline.com
on your mobile browser.
Advertisement

ਮਿੰਨੀ ਕਹਾਣੀਆਂ

04:15 AM Mar 06, 2025 IST
ਮਿੰਨੀ ਕਹਾਣੀਆਂ
Advertisement

ਬੁਲੰਦ ਹੌਸਲੇ ਦੀ ਉਡਾਣ

ਡਾ. ਸੰਦੀਪ ਘੰਡ

Advertisement

ਪੰਜਾਬ ਦੇ ਇੱਕ ਅਤਿ ਪੱਛੜੇ ਜ਼ਿਲ੍ਹੇ ਤੋਂ ਕੈਨੇਡਾ ਪੜ੍ਹਨ ਅਤੇ ਰੁਜ਼ਗਾਰ ਲਈ ਗਈ 17 ਸਾਲਾ ਕੁੜੀ ਸ਼ਾਲੂ ਦੇ ਬੁਲੰਦ ਹੌਸਲੇ ਦੀ ਉਡਾਣ ਅਤੇ ਬਹਾਦਰੀ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸ਼ਾਲੂ ਵੱਖ ਵੱਖ ਸ਼ਹਿਰਾਂ ਤੋਂ ਗਈਆਂ ਪੰਜ-ਛੇ ਕੁੜੀਆਂ ਨਾਲ ਇੱਕ ਸਾਂਝਾ ਫਲੈਟ ਕਿਰਾਏ ’ਤੇ ਲੈ ਕੇ ਰਹਿ ਰਹੀ ਸੀ। ਸ਼ਾਲੂ ਉਮਰ ਵਿੱਚ ਉਨ੍ਹਾਂ ਸਾਰੀਆਂ ਕੁੜੀਆਂ ਤੋਂ ਛੋਟੀ ਸੀ ਅਤੇ ਸਰੀਰਕ ਪੱਖੋਂ ਵੀ ਸਾਰਿਆਂ ਨਾਲੋਂ ਕਮਜ਼ੋਰ ਦਿਸਦੀ ਸੀ। ਇਸ ਕਰਕੇ ਉਸ ਨਾਲ ਰਹਿੰਦੀਆਂ ਕੁੜੀਆਂ ਉਸ ਨੂੰ ਪਿੱਦੀ, ਗਿਟਕ ਕਹਿ ਕੇ ਮਖੌਲ ਕਰਦੀਆਂ ਸਨ।
ਉਹ ਹਮੇਸ਼ਾ ਆਪਣੇ ਕੰਮ ਅਤੇ ਪੜ੍ਹਾਈ ਤੱਕ ਸੀਮਤ ਰਹਿੰਦੀ ਤੇ ਦੋ ਦੋ ਸ਼ਿਫਟਾਂ ਵਿੱਚ ਕੰਮ ਕਰਦੀ। ਅੱਜ ਅਚਾਨਕ ਸਾਰੀਆਂ ਕੁੜੀਆਂ ਵਿੱਚੋਂ ਸੀਨੀਅਰ ਜਸਬੀਰ ਨੂੰ ਸ਼ਾਲੂ ਦੀ ਮਾਂ ਦਾ ਫੋਨ ਆਇਆ। ਜਿਵੇਂ ਕਿਵੇਂ ਰੋਂਦਿਆਂ ਉਸ ਨੇ ਦੱਸਿਆ ਕਿ ਸ਼ਾਲੂ ਦਾ ਇੱਕੋ ਇੱਕ ਭਰਾ ਹਾਦਸੇ ਵਿੱਚ ਮਾਰਿਆ ਗਿਆ। ਮਾਂ ਨੂੰ ਜਾਪਦਾ ਸੀ ਕਿ ਇਸ ਖ਼ਬਰ ਨੂੰ ਸ਼ਾਲੂ ਕਿਵੇਂ ਸਹੇਗੀ। ਇਸੇ ਲਈ ਉਸ ਨੇ ਉਸ ਕੁੜੀ ਨੂੰ ਇਹ ਸਭ ਸ਼ਾਲੂ ਨੂੰ ਦੱਸਣ ਲਈ ਚੁਣਿਆ। ਜਦੋਂ ਫੋਨ ਆਇਆ ਤਾਂ ਦੋ ਹੋਰ ਕੁੜੀਆਂ ਵੀ ਜਸਬੀਰ ਕੋਲ ਸਨ। ਹੁਣ ਉਨ੍ਹਾਂ ਨੂੰ ਫ਼ਿਕਰ ਸੀ ਕਿ ਦੱਸਿਆ ਕਿਵੇਂ ਜਾਵੇ, ਕੀ ਸ਼ਾਲੂ ਇਹ ਸਹਿ ਸਕੇਗੀ ਤੇ ਅਸੀਂ ਉਸ ਨੂੰ ਕਿਵੇਂ ਸੰਭਾਲਾਂਗੇ। ਅਜੇ ਉਹ ਸੋਚ ਹੀ ਰਹੀਆਂ ਸਨ ਕਿ ਸਾਹਮਣੇ ਤੋਂ ਸ਼ਾਲੂ ਬੱਸ ਵਿੱਚੋਂ ਉਤਰ ਕੇ ਆ ਗਈ। ਉਸ ਦੇ ਘਰ ਆਉਂਦਿਆਂ ਹੀ ਸਾਰੀਆਂ ਕੁੜੀਆਂ ਨੇ ਉਸ ਨੂੰ ਕਲਾਵੇ ਵਿੱਚ ਲੈਂਦਿਆਂ ਸਾਰੀ ਗੱਲ ਦੱਸੀ। ਇੱਕ ਵਾਰ ਤਾਂ ਸ਼ਾਲੂ ਪੱਥਰ ਬਣ ਗਈ। ਉਸ ਨੂੰ ਬੇਗਾਨੇ ਮੁਲਕ ਆਇਆਂ ਹਾਲੇ ਦੋ ਮਹੀਨੇ ਵੀ ਨਹੀਂ ਸੀ ਹੋਏ। ਰਿਸ਼ਤੇਦਾਰਾਂ ਨੇ ਰੁਪਏ ਉਧਾਰ ਦੇਣ ਸਮੇਂ ਕਿਹਾ ਕਿ ਕਿਸੇ ਨੂੰ ਉਧਾਰ ਦੇਣਾ ਰਿਸ਼ਤਾ ਖ਼ਰਾਬ ਕਰਨ ਵਾਂਗ ਹੈ। ਸ਼ਾਲੂ ਅਤੇ ਉਸ ਦੀ ਮਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਪੈਸੇ ਮੋੜ ਦੇਵੇਗੀ। ਪਰ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਰਿਸ਼ਤੇਦਾਰਾਂ ਦੀ ਗੱਲ ਕਿਤੇ ਸੱਚੀ ਸਾਬਿਤ ਨਾ ਹੋ ਜਾਵੇ। ਉਸ ਨੂੰ ਰੋਂਦੀ ਰੋਂਦੀ ਨੂੰ ਸਾਰੀਆਂ ਕੁੜੀਆਂ ਕਮਰੇ ਵਿੱਚ ਛੱਡ ਗਈਆਂ। ਉਸ ਨੇ ਮਾਂ ਨੂੰ ਫੋਨ ਮਿਲਾਇਆ। ਮਾਵਾਂ ਧੀਆਂ ਬਹੁਤ ਰੋਈਆਂ ਤੇ ਆਪਣੀ ਮਾੜੀ ਕਿਸਮਤ ਨੂੰ ਕੋਸਣ ਲੱਗੀਆਂ। ਉਸ ਦੀ ਮਾਂ ਕਹਿ ਰਹੀ ਸੀ ਕਿ ਅਜੇ ਪਿਛਲੇ ਸਾਲ ਹੀ ਉਸ ਦਾ ਪਿਉ ਛੱਡ ਗਿਆ ਸੀ ਅਤੇ ਹੁਣ ਇੱਕ ਆਸ ਸੀ ਜੋ ਖ਼ਤਮ ਹੋ ਗਈ। ਮਾਂ ਨੂੰ ਫ਼ਿਕਰ ਸੀ ਕਿ ਹੁਣ ਕਿਵੇਂ ਆਵੇਂਗੀ। ਦੂਜੀਆਂ ਕੁੜੀਆਂ ਨੇ ਮਾਂ ਨੂੰ ਦਿਲਾਸੇ ਦਿੰਦਿਆਂ ਫੋਨ ਕੱਟਿਆ। ਉਸ ਰਾਤ ਨੂੰ ਸ਼ਾਲੂ ਬਿਨਾਂ ਕੁਝ ਖਾਧੇ ਪੀਤੇ ਹੀ ਸੌਂ ਗਈ। ਹੁਣ ਬਾਕੀ ਕੁੜੀਆਂ ਬੈਠੀਆਂ ਸੋਚ ਰਹੀਆਂ ਸਨ ਕਿ ਕਿਵੇਂ ਕੀਤਾ ਜਾਵੇ। ਪਤਾ ਲੱਗਣ ’ਤੇ ਫਲੈਟ ਵਿੱਚ ਉੱਪਰ ਰਹਿ ਰਿਹਾ ਲੜਕਾ ਅਤੇ ਉਸ ਦੀਆਂ ਭੈਣਾਂ ਵੀ ਉਨ੍ਹਾਂ ਕੋਲ ਆ ਗਈਆਂ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਸਾਰੇ ਆਪੋ ਆਪਣਾ ਯੋਗਦਾਨ ਪਾਉਣਗੇ ਅਤੇ ਸ਼ਾਲੂ ਨੂੰ ਆਉਣ ਜਾਣ ਦੀ ਟਿਕਟ ਦੇ ਕੇ ਪਿੰਡ ਭੇਜਣਗੇ। ਜਿਉਂ ਹੀ ਸਵੇਰ ਹੋਈ ਤਾਂ ਸਾਰੀਆਂ ਕੁੜੀਆਂ ਹੈਰਾਨ ਹੋ ਗਈਆਂ। ਦਰਅਸਲ, ਸ਼ਾਲੂ ਆਪਣੀ ਕਿੱਟ ਮੋਢੇ ’ਤੇ ਟੰਗ ਕੇ ਆਪਣੇ ਕੰਮ ’ਤੇ ਜਾਣ ਲਈ ਤਿਆਰ ਸੀ। ਬਰੈੱਡ ਨਾਲ ਚਾਹ ਪੀ ਕੇ ਉਸ ਨੇ ਫਰਿੱਜ ਵਿੱਚ ਪਏ ਚੌਲ ਡੱਬੇ ਵਿੱਚ ਪਾ ਲਏ। ਸਾਰੀਆਂ ਕੁੜੀਆਂ ਨੇ ਬੀਤੀ ਰਾਤ ਕੀਤੇ ਫ਼ੈਸਲੇ ਬਾਰੇ ਦੱਸਿਆ ਕਿ ਤੂੰ ਮਾਂ ਕੋਲ ਜਾਣਾ ਹੈ ਤਾਂ ਅਸੀਂ ਕਿਰਾਇਆ ਦੇ ਦਿਆਂਗੇ। ਸ਼ਾਲੂ ਨੇ ਕਿਹਾ, ‘‘ਹੁਣ ਉੱਥੇ ਮੇਰਾ ਕੀ ਹੈ? ਮੇਰੇ ਜਾਣ ਨਾਲ ਵੀਰ ਵਾਪਸ ਨਹੀਂ ਆ ਸਕਦਾ, ਪਰ ਇੱਥੇ ਰਹਿ ਕੇ ਮੈਂ ਆਪਣੀ ਮਾਂ ਅਤੇ ਭਰਾ ਦੇ ਸੁਫਨੇ ਪੂਰੇ ਕਰ ਸਕਦੀ ਹਾਂ। ਰਿਸ਼ਤੇਦਾਰਾਂ ਤੋਂ ਲਿਆ ਕਰਜ਼ਾ ਮੋੜ ਸਕਦੀ ਹਾਂ। ਨਹੀਂ ਤਾਂ ਉਨ੍ਹਾਂ ਦੀ ਗੱਲ ਸੱਚ ਸਾਬਿਤ ਹੋ ਜਾਵੇਗੀ ਕਿ ਉਧਾਰ ਨਾਲ ਰਿਸ਼ਤੇਦਾਰੀ ਵਿੱਚ ਫ਼ਰਕ ਪੈ ਜਾਂਦਾ ਹੈ।’’ ਉਧਰੋਂ ਉਸ ਦੀ ਬੱਸ ਦੇ ਆਉਣ ਦਾ ਸਮਾਂ ਹੋ ਗਿਆ ਸੀ। ਉਹ ਨਮ ਅੱਖਾਂ ਨਾਲ ਸਾਰੀਆਂ ਕੁੜੀਆਂ ਦਾ ਧੰਨਵਾਦ ਕਰਦਿਆਂ ਬਾਏ ਬਾਏ ਕਰਦੀ ਬੱਸ ਚੜ੍ਹ ਗਈ। ਉਨ੍ਹਾਂ ਕੁੜੀਆਂ ਨੂੰ ਸ਼ਾਲੂ ਦਾ ਕੱਦ ਤੇ ਹੌਸਲਾ ਪਹਾੜ ਜਿੱਡਾ ਜਾਪਣ ਲੱਗਾ ਸੀ। ਛੋਟੀ ਜਿਹੀ ਜਿਸ ਨੂੰ ਉਹ ਹਮੇਸ਼ਾਂ ਪਿੱਦੀ ਕਹਿ ਕੇ ਬੁਲਾਉਂਦੀਆਂ ਸਨ, ਅੱਜ ਉਨ੍ਹਾਂ ਦੀ ਮਾਰਗਦਰਸ਼ਕ ਬਣ ਚੁੱਕੀ ਸੀ।
ਸੰਪਰਕ: 98151-39576
* * *

Advertisement

ਰੁੱਖ ਥੱਲੇ

ਹਰਭਿੰਦਰ ਸਿੰਘ ਸੰਧੂ
ਅੱਜ ਵੀਹ ਸਾਲ ਬਾਅਦ ਗੁਰਦਿੱਤ ਸਿੰਘ ਆਪਣੇ ਬਚਪਨ ਦੇ ਮਿੱਤਰ ਕੁਲਦੀਪ ਨੂੰ ਉਸ ਦੇ ਪਿੰਡ ਮਿਲਣ ਜਾ ਰਿਹਾ ਸੀ। ਕੁਲਦੀਪ ਦੀ ਗੁਰਦਿੱਤ ਸਿੰਘ ਨਾਲ ਭਾਵੇਂ ਚਿੱਠੀਆਂ ਜਾਂ ਫੋਨ ’ਤੇ ਤਾਂ ਗੱਲ ਹੁੰਦੀ ਰਹਿੰਦੀ ਪਰ ਗੁਰਦਿੱਤ ਨੂੰ ਸਰਕਾਰੀ ਨੌਕਰੀ ਮਿਲਣ ’ਤੇ ਉਹ ਪੱਕਾ ਹੀ ਚੰਡੀਗੜ੍ਹ ਰਹਿਣ ਲੱਗ ਪਿਆ ਸੀ। ਹੁਣ ਉਹ ਪੰਜ ਸਾਲ ਵਿਦੇਸ਼ ਵੀ ਰਹਿ ਆਇਆ ਸੀ। ਕੁਲਦੀਪ ਬਹੁਤ ਖ਼ੁਸ਼ ਸੀ ਕਿ ਉਸ ਦਾ ਮਿੱਤਰ ਏਨੇ ਸਾਲਾਂ ਬਾਅਦ ਉਸ ਨੂੰ ਮਿਲਣ ਆ ਰਿਹਾ ਹੈ। ਪੂਰੇ ਘਰ ਦੀ ਸਫ਼ਾਈ ਕਰਵਾਈ ਗਈ। ਡਰਾਇੰਗ ਰੂਮ ਵਿੱਚ ਮਹਿੰਗੇ ਗੁਲਦਸਤੇ ਰੱਖੇ, ਮਹਿੰਗਾ ਇਤਰ ਛਿੜਕਿਆ ਗਿਆ। ਅੱਜ ਗੁਰਦਿੱਤ ਸਿੰਘ ਦੇ ਆਉਣ ਕਰਕੇ ਕੁਲਦੀਪ ਦਾ ਸਾਰਾ ਪਰਿਵਾਰ ਖ਼ੁਸ਼ ਸੀ। ਜਦੋਂ ਬਾਹਰਲੇ ਗੇਟ ’ਤੇ ਹਾਰਨ ਵੱਜਾ ਤਾਂ ਕੁਲਦੀਪ ਕਾਹਲੇ ਪੈਰ ਗੇਟ ਵੱਲ ਗਿਆ। ਗੁਰਦਿੱਤ ਸਿੰਘ ਨੇ ਗੱਡੀ ਵਿੱਚੋਂ ਉੱਤਰਦਿਆਂ ਹੀ ਆਪਣੀ ਨਿਗ੍ਹਾ ਪੂਰੇ ਘਰ ਉੱਪਰ ਘੁਮਾਈ ਤੇ ਫਿਰ ਵਿਹੜੇ ਵਿੱਚ ਲੱਗੀ ਵੱਡੀ ਟਾਹਲੀ ਥੱਲੇ ਪਏ ਮੰਜੇ ਵੱਲ ਨੂੰ ਹੋ ਤੁਰਿਆ ਅਤੇ ਉੱਥੇ ਹੀ ਬੈਠ ਗਿਆ। ਕੁਲਦੀਪ ਅਤੇ ਉਸ ਦੇ ਪਰਿਵਾਰ ਨੇ ਬਹੁਤ ਕਿਹਾ ਕਿ ਅੰਦਰ ਏ.ਸੀ. ਚੱਲਦਾ ਪਿਆ ਏ, ਉੱਥੇ ਬੈਠੋ। ਗੁਰਦਿੱਤ ਨੇ ਗੱਲ ਨਾ ਮੰਨੀ ਸਗੋਂ ਇੱਕ ਸਿਰਹਾਣਾ ਲਿਆਉਣ ਲਈ ਕਿਹਾ। ਫਿਰ ਟਾਹਲੀ ਥੱਲੇ ਹੀ ਚਾਹ ਪਾਣੀ ਪੀਤਾ। ਬਚਪਨ ਅਤੇ ਜਵਾਨੀ ਦੀਆਂ ਗੱਲਾਂਬਾਤਾਂ ਹੋਈਆਂ। ਹੁਣ ਰੋਟੀ ਖਾਣ ਸਮੇਂ ਕੁਲਦੀਪ ਨੇ ਇੱਕ ਵਾਰ ਫਿਰ ਗੁਰਦਿੱਤ ਸਿੰਘ ਨੂੰ ਡਰਾਇੰਗ ਰੂਮ ਵਿੱਚ ਜਾਣ ਲਈ ਕਿਹਾ ਤਾਂ ਉਹ ਬੋਲਿਆ, ‘‘ਯਾਰ, ਇੱਥੇ ਹੀ ਖਾਨੇ ਆ ਰੋਟੀ। ਬਥੇਰਾ ਜ਼ਿੰਦਗੀ ਵਿੱਚ ਸੋਫਿਆਂ, ਗੱਦਿਆਂ, ਗਰਮ ਅਤੇ ਠੰਢੇ ਕਮਰਿਆਂ ਵਿੱਚ ਬਹਿ ਬਹਿ ਦੇਖ ਲਿਆ। ਆਹ ਰੁੱਖ ਥੱਲੇ ਮੰਜੇ ’ਤੇ ਰੋਟੀ ਖਾਣ ਵਾਲਾ ਸੁਆਦ ਕਿਤੇ ਵੀ ਨਹੀਂ ਆਇਆ।’’ ਹੁਣ ਕੁਲਦੀਪ ਨੂੰ ਵੀ ਆਪਣੇ ਵਿਹੜੇ ਵਿੱਚ ਲੱਗੀ ਟਾਹਲੀ ਸਵਰਗ ਦਾ ਨਜ਼ਾਰਾ ਜਾਪੀ।
ਸੰਪਰਕ: 97810-81888
* * *

ਧੁੜਧੁੜੀ

ਨੀਲ ਕਮਲ ਰਾਣਾ
ਡਿਊਟੀ ਜਾਣ ਲਈ ਕਾਹਲੇ ਨੌਕਰੀਪੇਸ਼ਾ ਨੂੰਹ-ਪੁੱਤ ਨੇ ਫਟਾਫਟ ਫਾਰਮ ਭਰ ਕੇ ਬਿਰਧ ਆਸ਼ਰਮ ਦੇ ਪ੍ਰਬੰਧਕ ਹੱਥ ਫੜਾ ਦਿੱਤਾ। ਕਦੇ ਵਾਰ-ਵਾਰ ਘੜੀ ਵੱਲ ਤੇ ਕਦੇ ਫਾਰਮ ਦੀ ਘੋਖ ਪੜਤਾਲ ਕਰਦੇ ਪ੍ਰਬੰਧਕ ਨੂੰ ਵਿਆਕੁਲਤਾ ਨਾਲ ਦੇਖਦੇ ਨੂੰਹ-ਪੁੱਤ ਨੂੰ ਬਜ਼ੁਰਗ ਦੀਆਂ ਪਥਰਾਈਆਂ ਅੱਖਾਂ ਲਗਾਤਾਰ ਤਾੜ ਰਹੀਆਂ ਸਨ। ਗਹਿਰ ਗੰਭੀਰ ਹੋਏ ਬੈਠੇ ਬਜ਼ੁਰਗ ਦੇ ਝੁਰੜੀਆਂ ਭਰੇ ਚਿਹਰੇ ’ਤੇ ਅਚਾਨਕ ਹਲਕੀ ਜਿਹੀ ਮੁਸਕੁਰਾਹਟ ਉੱਭਰੀ ਜਿਵੇਂ ਅਤੀਤ ਦੇ ਝਰੋਖੇ ’ਚੋਂ ਆਪਣੇ ਇਕਲੌਤੇ ਲਾਡਲੇ ਪੁੱਤਰ ਦੇ ਬਚਪਨ ਦੀ ਕੋਈ ਪਿਆਰੀ ਜਿਹੀ ਸ਼ਰਾਰਤ ਦਿਸ ਗਈ ਹੋਵੇ। ਫਿਰ ਅਗਲੇ ਹੀ ਪਲ ਉਹ ਇਸ ਤਰ੍ਹਾਂ ਤ੍ਰਭਕਿਆ ਜਿਵੇਂ ਕਿਸੇ ਨੇ ਮੋਢਾ ਫੜ ਚੰਗੀ ਤਰ੍ਹਾਂ ਝੰਜੋੜ ਕੇ ਉਸ ਨੂੰ ਮੁੜ ਵਰਤਮਾਨ ਦੀ ਤਲਖ਼ ਹਕੀਕਤ ਨਾਲ ਰੂ-ਬ-ਰੂ ਕਰਵਾ ਦਿੱਤਾ ਹੋਵੇ। ਚਿਹਰੇ ’ਤੇ ਮੁੜ ਸ਼ਿਕਨ ਦਾ ਪਸਾਰ ਹੋ ਗਿਆ। ਆਪਣੇ ਵਜੂਦ ਨੂੰ ਸਾਵਾਂ ਜਿਹਾ ਕਰਨ ਦੀ ਕੋਸ਼ਿਸ਼ ’ਚ ਉਸ ਇੱਕ ਠੰਢਾ ਸਾਹ ਭਰਿਆ ਤੇ ਕੰਬਦੇ ਹੱਥਾਂ ਨਾਲ ਸਾਹਮਣੇ ਪ੍ਰਬੰਧਕ ਦੇ ਮੇਜ਼ ਤੋਂ ਦੋ ਫਾਰਮ ਚੁੱਕ ਬੇਹੱਦ ਧੀਮੀ ਆਵਾਜ਼ ’ਚ ਪੁੱਤਰ ਨੂੰ ਸੰਬੋਧਨ ਹੋਇਆ, ‘‘ਇਹ ਸਾਂਭ ਕੇ ਰੱਖ ਲਉ।’’ ‘‘ਅ ... ਅਸੀਂ ਕੀ ਕਰਨਾ... ਇਨ੍ਹਾਂ ਦਾ?’’ ਅਣਕਿਆਸਾ ਜਿਹਾ ਵਰਤਾਰਾ ਦੇਖ ਹੱਦੋਂ ਵੱਧ ਹੈਰਾਨ ਹੋਏ ਨੂੰਹ-ਪੁੱਤ ਦੇ ਮੂੰਹੋਂ ’ਕੱਠਿਆਂ ਹੀ ਨਿਕਲ ਗਿਆ। ‘‘ਇਹ ਫਾਰਮ ਤੁਸੀਂ ਘਰੋਂ ਹੀ ਭਰ ਲਿਆਇਓ, ਦੇਖੋ ਅੱਜ ਇੱਥੇ ਤੁਹਾਡਾ ਕਿੰਨਾ ਕੀਮਤੀ ਸਮਾਂ ਜ਼ਾਇਆ ਹੋ ਗਿਆ। ਵੈਸੇ ਮੇਰੀ ਤਾਂ ਕਿਸਮਤ ਚੰਗੀ ਹੀ ਜਾਣੋ, ਜੋ ਮੇਰੀ ਔਲਾਦ ਮੇਰਾ ਫਾਰਮ ਭਰਨ ਆ ਗਈ। ਕੀ ਪਤਾ ਕੱਲ੍ਹ ਤੁਹਾਡੀ ਔਲਾਦ ਕੋਲ ਐਨਾ ਸਮਾਂ...।’’ ਬਜ਼ੁਰਗ ਦੀ ਅਧੂਰੀ ਛੱਡੀ ਗੱਲ ਨੇ ਜਿਵੇਂ ਉਨ੍ਹਾਂ ਦਾ ਡਰਾਵਣਾ ਭਵਿੱਖ ਸਾਖਸ਼ਾਤ ਸਾਹਮਣੇ ਪੇਸ਼ ਕਰ ਦਿੱਤਾ, ਜਿਸਨੂੰ ਦੇਖ ਦੋਵਾਂ ਨੂੰ ਧੁੜਧੁੜੀ ਆ ਗਈ।
ਸੰਪਰਕ: 98151-71874
* * *

ਸਿਆਣਾ

ਵੀਰ ਸਿੰਘ ਥਿੰਦ
ਘਰੋਂ ਭਾਵੇਂ ਅਸੀਂ ਸਾਰੇ ਭਰਾ ਵੱਖ ਹੋ ਚੁੱਕੇ ਹਾਂ ਪਰ ਵਿਹੜਾ ਸਾਡਾ ਹਾਲੇ ਵੀ ਇੱਕੋ ਹੈ। ਸਾਡੇ ਸਾਰੇ ਘਰਾਂ ਦੇ ਜੀਅ ਅਕਸਰ ਹੀ ਇਕੱਠੇ ਬੈਠਦੇ ਹਾਂ ਪਰ ਕਈ ਵਾਰ ਥੋੜ੍ਹਾ ਗੁੱਸਾ ਗਿਲਾ ਵੀ ਹੋ ਜਾਂਦਾ ਹੈ। ਘਰ ਦੇ ਛੋਟੇ ਬੱਚੇ ਸਾਰੇ ਘਰਾਂ ਵਿੱਚ ਭੱਜੇ ਫਿਰਦੇ ਹਨ। ਪਤਾ ਹੀ ਨਹੀਂ ਲਗਦਾ ਕਦੋਂ ਕਿਧਰੋਂ ਰੋਟੀ ਖਾ ਕੇ ਆ ਜਾਣ ਜਾਂ ਕਿੱਧਰ ਸੌਂ ਜਾਣ। ਇਸ ਗੱਲ ਦੀ ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ। ਬੱਚੇ ਚਾਹੁੰਦੇ ਹਨ ਕਿ ਸ਼ਾਮ ਨੂੰ ਅਸੀਂ ਸਾਰੇ ਇਕੱਠੇ ਬੈਠ ਕੇ ਰੋਟੀ ਖਾਈਏ ਅਤੇ ਗੱਲਾਂ ਮਾਰੀਏ।
ਅੱਜ ਕਿਸੇ ਗੱਲ ਤੋਂ ਥੋੜ੍ਹਾ ਮਨ ਮੁਟਾਅ ਹੋਇਆ ਅਤੇ ਮੈਂ ਮੇਰੀ ਪਤਨੀ ਨੂੰ ਆਖਿਆ, ‘‘ਲਿਆ ਮੈਂ ਤਾਂ ਅੰਦਰ ਬੈਠ ਕੇ ਹੀ ਰੋਟੀ ਖਾਵਾਂਗਾ।’’ ਪਰ ਮੇਰਾ ਮੁੰਡਾ ਸੀ ਕਿ ਜ਼ਿੱਦ ਕਰ ਰਿਹਾ ਸੀ ਬਈ ਰੋਟੀ ਬਾਹਰ ਬੈਠ ਕੇ ਖਾਣੀ ਹੈ। ਮੈਂ ਕਈ ਵਾਰ ਆਖਿਆ, ਪਰ ਉਹ ਨਾ ਮੰਨਿਆ। ਮੈਂ ਖਿੱਝ ਗਿਆ ਅਤੇ ਗੁੱਸੇ ਵਿੱਚ ਵੱਟ ਕੇ ਚਪੇੜ ਮਾਰੀ, ‘‘ਨਾ ਤੂੰ ਜ਼ਿਆਦਾ ਸਿਆਣਾ ਐਂ, ਸਾਨੂੰ ਅਕਲ ਸਿਖਾਏਂਗਾ!’’ ਉਹ ਰੋਂਦਾ-ਰੋਂਦਾ ਮਾਂ ਕੋਲ ਚਲਾ ਗਿਆ ਅਤੇ ਬੋਲਿਆ, ‘‘ਮੈਨੂੰ ਪਤਾ ਤਾਂ ਲੱਗੇ ਕਿ ਬਾਹਰ ਰੋਟੀ ਕਿਉਂ ਨਹੀਂ ਖਾਣੀ।’’
‘‘ਬੇਟਾ, ਹਾਲੇ ਤੂੰ ਜਵਾਕ ਐਂ, ਤੈਨੂੰ ਨਹੀਂ ਪਤਾ ਇਨ੍ਹਾਂ ਗੱਲਾਂ ਦਾ।ਸਿਆਣਿਆਂ ਦੀਆਂ ਗੱਲਾਂ ਮੰਨੀ ਦੀਆਂ ਹੁੰਦੀਆਂ ਨੇ। ਜਦੋਂ ਤੂੰ ਸਿਆਣਾ ਹੋ ਗਿਆ ਤਾਂ ਤੈਨੂੰ ਆਪੇ ਪਤਾ ਲੱਗ ਜੂ,’’ ਮੇਰੀ ਪਤਨੀ ਨੇ ਸਮਝਾਇਆ।
‘‘ਅੱਛਾ! ਤਾਂ ਸਿਆਣੇ ਬੰਦੇ ਇਉਂ ਕਰਦੇ ਹੁੰਦੇ ਨੇ? ਜੇ ਮੈਂ ਵੱਡਾ ਹੋ ਕੇ ਇਹੋ ਜਿਹਾ ਸਿਆਣਾ ਬਣਨਾ ਹੈ ਤਾਂ ਫਿਰ ਮੈਂ ਕਮਲਾ ਈ ਠੀਕ ਆਂ। ਆਵਦੀ ਸਿਆਣਪ ਆਵਦੇ ਕੋਲ ਰੱਖੋ,’’ ਤੇ ਉਹ ਰੋਂਦਾ-ਰੋਂਦਾ ਬਾਹਰ ਵੱਲ ਹੋ ਲਿਆ।
ਮੈਂ ਉਸ ਦੀ ਗੱਲ ਸੁਣ ਇਕਦਮ ਘਾਬਰ ਗਿਆ ਅਤੇ ਹੁਣ ਮੇਰੇ ਅੰਦਰ ਪਛਤਾਵੇ ਦੇ ਬੱਦਲ ਘਿਰਨ ਲੱਗੇ।
ਸੰਪਰਕ: 94163-63622
* * *

ਨਕਲੀ ਦਿਵਿਆਂਗ

ਜਤਿੰਦਰ ਮੋਹਨ

ਦਸੰਬਰ ਮਹੀਨੇ ਦੀ ਤਿੰਨ ਤਾਰੀਖ਼ ਸੀ। ਸਰਕਾਰੀ ਹਸਪਤਾਲ ਦੇ ਵਿਹੜੇ ਵਿੱਚ ਵੱਡੀ ਭੀੜ ਲੱਗੀ ਹੋਣ ਕਰਕੇ ਆਮ ਲੋਕ ਇਹ ਦੇਖਣ ਲਈ ਉਧਰ ਚਲੇ ਜਾਂਦੇ ਕਿ ਦੇਖੀਏ ਕੀ ਗੱਲ ਹੈ? ਸੁਰਿੰਦਰ ਵੀ ਉਧਰ ਹੀ ਚਲਾ ਗਿਆ। ਬਹੁਤ ਸਾਰੇ ਦਿਵਿਆਂਗ ਲੋਕ ਉੱਥੇ ਬੈਠੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੀ ਹਾਲਤ ਦੇਖ ਕੇ ਸੁਰਿੰਦਰ ਦਾ ਮਨ ਬਹੁਤ ਦੁਖੀ ਹੋਇਆ। ਉਹ ਮਨ ਹੀ ਮਨ ਸੋਚਣ ਲੱਗਾ ਕਿ ਪਰਮਾਤਮਾ ਨੇ ਇਨ੍ਹਾਂ ਨਾਲ ਕਿੰਨਾ ਵੱਡਾ ਧੱਕਾ ਕੀਤਾ ਹੈ। ਇਹ ਵਿਚਾਰੇ ਪਰਾਏ ਆਸਰੇ ’ਤੇ ਕਿਵੇਂ ਗੁਜ਼ਾਰਾ ਕਰਦੇ ਹੋਣਗੇ। ਉਹ ਸੋਚਣ ਲੱਗਾ। ਇੰਨੇ ਵਿੱਚ ਹੀ ਉਸ ਦੀ ਨਜ਼ਰ ਮਨਿੰਦਰ ’ਤੇ ਪਈ ਜੋ ਕਿ ਉਨ੍ਹਾਂ ਵਿੱਚ ਬੈਠਾ ਸੀ।
ਮਨਿੰਦਰ, ਸੁਰਿੰਦਰ ਦਾ ਜਮਾਤੀ ਸੀ। ਉਹ ਹਮੇਸ਼ਾ ਜਮਾਤ ਵਿੱਚ ਕੋਈ ਨਾ ਕੋਈ ਪੁਜ਼ੀਸ਼ਨ ਹਾਸਲ ਕਰਦਾ, ਪਰ ਘਰ ਦੀ ਗ਼ਰੀਬੀ ਤੇ ਸਾਧਨਾਂ ਦੀ ਕਮੀ ਕਾਰਨ ਉਚੇਰੀ ਪੜ੍ਹਾਈ ਨਾ ਕਰ ਸਕਿਆ ਤੇ ਬਾਰ੍ਹਵੀਂ ਕਰਨ ਪਿੱਛੋਂ ਹੇਅਰ ਡਰੈਸਰ ਵਜੋਂ ਕੰਮ ’ਤੇ ਲੱਗ ਗਿਆ। ਭਾਵੇਂ ਉਸ ਦੀ ਕਾਬਲੀਅਤ ਦਾ ਮੁੱਲ ਤਾਂ ਨਹੀਂ ਪਿਆ ਸੀ, ਪਰ ਫਿਰ ਵੀ ਉਸ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ। ਉਸ ਦੀ ਸੱਜੀ ਲੱਤ ਪੋਲੀਓ ਕਾਰਨ ਮਰੀ ਹੋਣ ਕਾਰਨ ਕਈ ਵਾਰ ਨਾਲ ਦੇ ਜਮਾਤੀ ਉਸ ਨੂੰ ਪੁੱਠਾ ਵੀ ਬੋਲਦੇ ਪਰ ਉਹ ਹਸਮੁੱਖ ਹੋਣ ਕਾਰਨ, ਹੱਸ ਕੇ ਗੱਲ ਟਾਲ ਦਿੰਦਾ। ਕਈ ਵਾਰ ਨਾਲ ਦੇ ਸਾਥੀ ਉਸ ਨੂੰ ਅਧਿਆਪਕ ਕੋਲ ਸ਼ਿਕਾਇਤ ਕਰਨ ਲਈ ਕਹਿੰਦੇ ਤਾਂ ਉਹ ਕਹਿੰਦਾ,
‘‘ਛੱਡ ਯਾਰ, ਇਹ ਤਾਂ ਹੈ ਹੀ ਇਹੋ ਜਿਹੇ।’’
‘‘ਮਨਿੰਦਰ ਐਵੇਂ ਤੰਗ ਕਰੀ ਜਾਂਦੇ ਨੇ।’’
‘‘ਕੋਈ ਨਹੀਂ ਇਨ੍ਹਾਂ ਦੇ ਦਿਨ ਨੇ।’’
ਇਸ ਤਰ੍ਹਾਂ ਉਸ ਨੂੰ ਹੱਸਦਾ ਦੇਖ ਕੇ ਤੰਗ ਕਰਨ ਵਾਲੇ ਬੱਚੇ ਵੀ ਚੁੱਪ ਕਰ ਜਾਂਦੇ। ਸੁਰਿੰਦਰ, ਮਨਿੰਦਰ ਕੋਲ ਚਲਾ ਗਿਆ। ਮਨਿੰਦਰ ਬੈਠਾ ਸੀ। ਸੋ ਸੁਰਿੰਦਰ ਨੇ ਝੁਕ ਕੇ ਉਸ ਨਾਲ ਹੱਥ ਮਿਲਾਇਆ ਤੇ ਪੁੱਛਿਆ, ‘‘ਕਿਵੇਂ ਆਉਣੇ ਹੋਏ ਇੱਥੇ?’’
‘‘ਪਤਾ ਨਹੀਂ ਯਾਰ, ਕੱਲ੍ਹ ਸੁਨੇਹਾ ਆਇਆ ਸੀ ਬਈ ਸਾਰਿਆਂ ਨੂੰ ਬੁਲਾਇਐ।’’
‘‘ਕੁਝ ਦੇਣਗੇ?’’ ‘‘ਕੀ ਪਤੈ?’’
‘‘ਕੁਝ ਤਾਂ ਦੱਸਿਆ ਹੋਊ?’’ ‘‘ਹਾਂ ਕਹਿੰਦੇ ਨੇ ਕੋਈ ਟ੍ਰਾਈਸਾਈਕਲ ਦੇਣਗੇ।’’ ‘‘ਅੱਛਾ, ਅੱਛਾ।’’
‘‘ਤੂੰ ਕਿਵੇਂ ਫਿਰਦੈਂ?’’
‘‘ਮੈਂ ਤਾਂ ਯਾਰ ਖੰਘ ਜ਼ੁਕਾਮ ਦੀ ਦਵਾਈ ਲੈਣ ਆਇਆਂ।’’ ‘‘ਅੱਛਾ ਅੱਛਾ।’’
‘‘ਫਿਰ ਬਣਿਆ ਨਹੀਂ ਕੋਈ ਨੌਕਰੀ ਵਗੈਰਾ ਦਾ।’’
‘‘ਸਾਡਾ ਕਿੱਥੇ ਬਣਨੈ ਭਰਾਵਾ।’’ ‘‘ਕਿਉਂ?’’
‘‘ਸਾਨੂੰ ਤਾਂ ਭਾਈ ਨਕਲੀ ਲੈ ਕੇ ਬਹਿ ਗਏ।’’
‘‘ਨਕਲੀ?’’ ‘‘ਮੈਂ ਸਮਝਿਆ ਨਹੀਂ?’’
‘‘ਸੁਰਿੰਦਰ, ਹੁਣ ਕੁਝ ਸਾਲਾਂ ਤੋਂ ਨਵਾਂ ਰਿਵਾਜ਼ ਚੱਲ ਰਿਹਾ ਹੈ।’’ ‘‘ਕੀ?’’ ‘‘ਬਈ ਨਕਲੀ ਦਿਵਿਆਂਗਜਨ ਸਰਟੀਫਿਕੇਟ ਬਣਾਓ ਤੇ ਨੌਕਰੀ ਪ੍ਰਾਪਤ ਕਰੋ।’’ ‘‘ਨਹੀਂ ਨਹੀਂ ਯਾਰ, ਜੇ ਤੈਨੂੰ ਨਹੀਂ ਮਿਲੀ ਤਾਂ ਇਹ ਦੂਸ਼ਣ ਨਾ ਲਾ।’’ ‘‘ਦੇਖ ਸੁਰਿੰਦਰ, ਮੈਨੂੰ ਨੌਕਰੀ ਨਾ ਮਿਲਣ ਦਾ ਦੁੱਖ ਨਹੀਂ ਪਰ ਮੇਰੇ ਕੋਲ ਬਹੁਤ ਉਦਾਹਰਨਾਂ ਹਨ, ਜਿਸ ਕਰਕੇ ਮੈਂ ਇਹ ਕਹਿ ਰਿਹਾ ਹਾਂ।’’ ‘‘ਕਿਹੜੀਆਂ ਉਦਾਹਰਨਾਂ?’’
‘‘ਦੇਖ ਜਿੰਨੇ ਵੀ ਬੋਲੇਪਣ ਦਾ ਸਰਟੀਫਿਕੇਟ ਲੈ ਕੇ ਭਰਤੀ ਹੋਏ ਹਨ, ਉਨ੍ਹਾਂ ਦੀ ਜਾਂਚ ਕਰਵਾ ਲੈਣ, ਬਹੁਤੇ ਨਕਲੀ ਹਨ।’’ ‘‘ਅੱਛਾ ਯਾਰ?’’ ‘‘ਹਾਂ।’’
ਸੁਰਿੰਦਰ ਨਕਲੀ ਦਿਵਿਆਂਗਜਨਾਂ ਦੀ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਉਸ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਕਿ ਉਹ ਮਨਿੰਦਰ ਨੂੰ ਕੀ ਜਵਾਬ ਦੇਵੇ।
ਸੰਪਰਕ: 94630-20766
* * *

ਫਰਿਸ਼ਤਾ

ਪੋਲੀ ਬਰਾੜ
ਸਮੇਂ ਦੀ ਤਬਦੀਲੀ ਨੇ ਇਨਸਾਨ ਨੂੰ ਸਵਾਰਥੀ ਬਣਾ ਦਿੱਤਾ ਹੈ। ਕੁਝ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕਲਯੁਗ ਵਿੱਚ ਵੀ ਅਜਿਹੇ ਜੀਵ ਹਨ ਜੋ ਬਿਨਾਂ ਕਿਸੇ ਫ਼ਾਇਦੇ ਤੋਂ ਦੂਜਿਆਂ ਦੀ ਸਹਾਇਤਾ ਕਰਨ ਲਈ ਤਤਪਰ ਰਹਿੰਦੇ ਹਨ। ਦਰਅਸਲ, ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਚੰਡੀਗੜ੍ਹ ਦੀ ਉਸਾਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਸਾਡੇ ਘਰ ਦੇ ਨਾਲ ਹੀ ਨਵੇਂ ਘਰ ਬਣ ਰਹੇ ਸਨ। ਪਾਣੀ ਵਰਤਣ ਲਈ ਇੱਕ ਟੋਇਆ ਪੁੱਟਿਆ ਹੋਇਆ ਸੀ। ਉਸ ਦਿਨ ਉਹ ਨੱਕੋ ਨੱਕ ਭਰਿਆ ਹੋਇਆ ਸੀ। ਅਸੀਂ ਭੈਣ ਭਰਾ ਉਸ ਦੇ ਇਰਦ ਗਿਰਦ ਖੇਡ ਰਹੇ ਸਾਂ। ਅਚਾਨਕ ਇੱਕ ਬੱਚੇ ਨੇ ਮੇਰੀ ਛੋਟੀ ਭੈਣ ਜੋ ਉਸ ਵੇਲੇ ਦਸ ਕੁ ਸਾਲ ਦੀ ਹੋਵੇਗੀ, ਨੂੰ ਪਾਣੀ ਵਿੱਚ ਧੱਕਾ ਦੇ ਦਿੱਤਾ। ਮੇਰੀ ਵਿਚਕਾਰਲੀ ਭੈਣ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਦੀ ਕਰਨੀ ਇੱਕ ਨੌਜਵਾਨ ਕੋਟ ਪੈਂਟ, ਟਾਈ ਅਤੇ ਸੋਹਣੀ ਦਸਤਾਰ ਸਜਾਈ ਹੋਈ ਦਿਸਿਆ। ਸ਼ਾਇਦ ਉਹ ਉੱਥੋਂ ਲੰਘ ਰਿਹਾ ਸੀ। ਉਹ ਅੱਖ ਦੇ ਫੋਰ ਵਿੱਚ ਪਾਣੀ ਵਿੱਚ ਕੁੱਦ ਗਿਆ ਤੇ ਮੇਰੀ ਭੈਣ ਨੂੰ ਬਾਹਰ ਕੱਢ ਲਿਆਇਆ। ਬੀਜੀ ਵੀ ਪਹੁੰਚ ਗਏ। ਉਸ ਫਰਿਸ਼ਤੇ ਅਤੇ ਬੀਜੀ ਨੇ ਮੇਰੀ ਭੈਣ ਦਾ ਪਾਣੀ ਬਾਹਰ ਕੱਢਿਆ। ਉਸ ਨੂੰ ਹੋਸ਼ ਆ ਗਈ ਅਤੇ ਉਹ ਬਚ ਗਈ। ਨੌਜਵਾਨ ਨੇ ਸਾਨੂੰ ਧੰਨਵਾਦ ਕਰਨ ਦਾ ਮੌਕਾ ਹੀ ਨਾ ਦਿੱਤਾ। ਸਾਨੂੰ ਪਤਾ ਵੀ ਨਾ ਲੱਗਿਆ ਕਿ ਪਾਣੀ ਵਿੱਚ ਬੁਰੀ ਤਰ੍ਹਾਂ ਭਿੱਜਿਆ ਹੋਇਆ ਉਹ ਉੱਥੋਂ ਚਲਾ ਗਿਆ। ਉਸ ਦੀ ਸ਼ਕਲ ਸੂਰਤ ਮੈਨੂੰ ਅਜੇ ਵੀ ਪੂਰੀ ਤਰ੍ਹਾਂ ਯਾਦ ਹੈ। ਉਸ ਫਰਿਸ਼ਤੇ ਨੇ ਮੇਰੀ ਉਸ ਭੈਣ ਨੂੰ ਬਚਾਇਆ ਜੋ ਹਰ ਇੱਕ ਦੇ ਦੁੱਖ ਸੁਖ ਵਿੱਚ ਚੱਟਾਨ ਵਾਂਗ ਖੜ੍ਹਦੀ ਹੈ।
ਸੰਪਰਕ: 98555-94532

Advertisement
Author Image

Ravneet Kaur

View all posts

Advertisement