For the best experience, open
https://m.punjabitribuneonline.com
on your mobile browser.
Advertisement

ਮਿੰਨੀ ਕਹਾਣੀਆਂ

04:15 AM Jan 23, 2025 IST
ਮਿੰਨੀ ਕਹਾਣੀਆਂ
Advertisement

ਮਾਂ ਦਾ ਪਿਆਰ ਤੇ ਮਨੁੱਖਤਾ

ਰਾਜਿੰਦਰ ਸਿੰਘ ਰਾਜਨ

Advertisement

ਸਵੇਰੇ ਦੀ ਗਹਿਰੀ ਖ਼ਾਮੋਸ਼ੀ ਵਿੱਚ ਸੜਕ ਦੇ ਇੱਕ ਪਾਸੇ ਖੜ੍ਹਾ ਮੈਂ ਸੋਚ ਰਿਹਾ ਸੀ ਕਿ ਜ਼ਿੰਦਗੀ ਕਿੰਨੀ ਅਜੀਬ ਅਤੇ ਬੇਰਹਿਮ ਹੋ ਸਕਦੀ ਹੈ। ਇੱਕ ਕੁੱਤੀ ਆਪਣੇ ਦੋ ਬੱਚਿਆਂ ਨਾਲ ਹੌਲੀ-ਹੌਲੀ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਹਰ ਕਦਮ ’ਚ ਸਾਵਧਾਨੀ ਅਤੇ ਮਮਤਾ ਸੀ। ਉਸ ਦੀ ਮਾਵਾਂ ਵਾਲੀ ਤਾਕਤ ਉਸ ਦੇ ਹਰ ਕਦਮ ਵਿੱਚ ਦਿਖਾਈ ਦੇ ਰਹੀ ਸੀ। ਪਰ ਇਹ ਅਜੀਬੋ-ਗਰੀਬ ਜ਼ਿੰਦਗੀ ਕਦੇ ਕਦੇ ਸਮਝਦਾਰੀ ਦੀ ਵੀ ਕਦਰ ਨਹੀਂ ਕਰਦੀ। ਇੱਕ ਅਣਜਾਣ ਵਾਹਨ ਆਇਆ, ਬੇਰਹਿਮੀ ਨਾਲ ਉਸ ਨੂੰ ਟੱਕਰ ਮਾਰਕੇ ਅਗਾਂਹ ਵਧ ਗਿਆ। ਮਾਂ ਦੀ ਤੁਰੰਤ ਮੌਤ ਹੋ ਗਈ। ਉਹ ਦੋ ਨਿਰਦੋਸ਼ ਬੱਚੇ, ਜੋ ਉਸ ਦੇ ਪਿੱਛੇ ਹੀ ਸਨ, ਬਚ ਗਏ।
ਪਰ ਦਾਸਤਾਨ ਇੱਥੇ ਨਹੀਂ ਮੁੱਕਦੀ। ਆਪਣੀ ਮਰੀ ਹੋਈ ਮਾਂ ਦੀ ਲਾਸ਼ ਨਾਲ ਉਹ ਦੋ ਛੋਟੇ ਬੱਚੇ ਦਿਨ ਭਰ ਜੁੜੇ ਰਹੇ। ਉਨ੍ਹਾਂ ਦੀਆਂ ਮਾਸੂਮ ਹਰਕਤਾਂ ਜਿਸ ਵੀ ਰਾਹਗੀਰ ਨੇ ਦੇਖੀਆਂ, ਉਹ ਭਾਵੁਕ ਹੋਏ ਬਿਨਾਂ ਰਹਿ ਨਾ ਸਕਿਆ। ਇਹ ਬੱਚੇ ਕਦੇ ਆਪਣੀ ਮਾਂ ਦੀ ਲਾਸ਼ ਉੱਤੇ ਚੜ੍ਹ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ, ਤਾਂ ਕਦੇ ਉਸ ਦੇ ਸਰੀਰ ਨੂੰ ਚੁੰਮਦੇ ਜਿਵੇਂ ਮਾਂ ਦੇ ਦੁੱਧ ਦੀ ਤਲਾਸ਼ ਕਰ ਰਹੇ ਹੋਣ।
ਇਸ ਦਰਦ ਭਰੇ ਦ੍ਰਿਸ਼ ਨੂੰ ਦੇਖ ਕੇ ਇੱਕ ਇਨਸਾਨ ਨੇ ਹਿੰਮਤ ਕੀਤੀ। ਉਸ ਨੇ ਮਰੀ ਹੋਈ ਕੁੱਤੀ ਨੂੰ ਉੱਥੋਂ ਹਟਾ ਕੇ ਨੇੜੇ ਦੇ ਇੱਕ ਖਾਲੀ ਪਲਾਟ ਵਿੱਚ ਦੱਬ ਦਿੱਤਾ। ਉਸ ਨੂੰ ਲੱਗਾ ਕਿ ਹੁਣ ਇਹ ਸਥਿਤੀ ਸੁਧਰ ਜਾਵੇਗੀ, ਪਰ ਅਸਲ ਕਹਾਣੀ ਤਾਂ ਅਗਲੀ ਰਾਤ ਸੁਰਜੀਤ ਹੋਈ। ਉਹ ਦੋ ਨੰਨ੍ਹੇ ਕਤੂਰੇ ਉਸ ਜਗ੍ਹਾ ਪਹੁੰਚ ਗਏ, ਜਿੱਥੇ ਮਾਂ ਨੂੰ ਦੱਬਿਆ ਗਿਆ ਸੀ। ਉਨ੍ਹਾਂ ਨੇ ਆਪਣੀਆਂ ਨਾਜ਼ੁਕ ਨਹੁੰਦਰਾਂ ਨਾਲ ਮਿੱਟੀ ਖੋਦਣੀ ਸ਼ੁਰੂ ਕਰ ਦਿੱਤੀ। ਸਾਰੀ ਰਾਤ ਉਨ੍ਹਾਂ ਦੀਆਂ ਚੀਕਾਂ ਆਸਮਾਨ ਤੱਕ ਗੂੰਜ ਰਹੀਆਂ ਸਨ। ਉਹ ਹਾਰਨਹਾਰ ਸਨ, ਪਰ ਥੱਕੇ ਨਹੀਂ। ਇਹ ਮੰਜ਼ਰ ਹਰ ਲੰਘਣ ਵਾਲੇ ਦੇ ਦਿਲ-ਦਿਮਾਗ਼ ’ਤੇ ਜਿਵੇਂ ਸੱਟ ਮਾਰ ਰਿਹਾ ਹੋਵੇ।
ਅਗਲੇ ਦਿਨ ਸਵੇਰੇ ਮੈਨੂੰ ਇੱਕ ਹੋਰ ਚੀਜ਼ ਨੇ ਹਿਲਾ ਕੇ ਰੱਖ ਦਿੱਤਾ। ਮੈਂ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਖ਼ਬਰ ਪੜ੍ਹੀ, ਜਿਸ ਨੇ ਮੇਰੇ ਦਿਮਾਗ਼ ਵਿੱਚ ਤੂਫ਼ਾਨ ਪੈਦਾ ਕਰ ਦਿੱਤਾ। “ਬੇਟੇ ਨੇ ਮਾਂ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ।” ਖ਼ਬਰ ਵਿੱਚ ਲਿਖਿਆ ਸੀ ਕਿ ਮਾਂ ਨੇ ਆਪਣੇ ਬੇਟੇ ਨੂੰ ਗ਼ਲਤ ਕੰਮ ਕਰਨ ਤੋਂ ਰੋਕਿਆ ਸੀ, ਪਰ ਬੇਟਾ ਇਸ ਗੱਲ ਨੂੰ ਸਹਾਰ ਨਹੀਂ ਸਕਿਆ। ਗੁੱਸੇ ਵਿੱਚ ਅੰਨ੍ਹਾ ਹੋ ਕੇ ਉਸ ਨੇ ਮਾਂ ਦਾ ਕਤਲ ਕਰ ਦਿੱਤਾ।
ਸੰਪਰਕ: 94174-27656
* * *

Advertisement

ਪੱਗ ਤੇ ਇੱਜ਼ਤ

ਭੋਲਾ ਸਿੰਘ ਸ਼ਮੀਰੀਆ
ਮੇਰੇ ਮਿੱਤਰ ਦਾ ਵੱਡਾ ਭਰਾ ਗੋਗੂ ਮੱਝਾਂ ਦਾ ਵਪਾਰੀ ਸੀ। ਮੱਝਾਂ ਦੀ ਖਰੀਦੋ-ਫਰੋਖਤ ਸਮੇਂ ਉਹ ਗੱਪ-ਸ਼ੱਪ ਮਾਰਨ ਦਾ ਆਦੀ ਹੋ ਚੁੱਕਾ ਸੀ। ਲੋਕ ਉਸ ਦੀ ਪਿੱਠ ਪਿੱਛੇ ਉਸਨੂੰ ਠੱਗ ਕਹਿੰਦੇ। ਕਿਸੇ ਤੋਕੜ ਮੱਝ (ਜੋ ਜ਼ਿਆਦਾ ਚਿਰ ਦੀ ਸੂਈ ਹੋਵੇ) ਦੇ ਮਗਰ ਕਟਰੂ ਲਾ ਕੇ ਉਹ ਤੋਕੜ ਮੱਝ ਨੂੰ ਸੱਜਰ ਸੂਈ ਮੱਝ ਬਣਾ ਕੇ ਵੇਚ ਦਿੰਦਾ ਸੀ। ਅਸਲ ਵਿੱਚ ਠੱਗੀ ਮਾਰਨਾ ਉਸ ਦੇ ਖ਼ੂਨ ਵਿੱਚ ਰਚ ਚੁੱਕਾ ਸੀ। ਰਾਜਸਥਾਨ ਦੇ ਨੂਨਕਰਨਸਰ ਦੇ ਕੋਲ ਉਨ੍ਹਾਂ ਦੀ ਦੋ ਮੁਰੱਬੇ ਜ਼ਮੀਨ ਪਈ ਸੀ ਜੋ ਉਨ੍ਹਾਂ ਦੇ ਦਾਦਿਆਂ-ਪੜਦਾਦਿਆਂ ਦੀ ਜ਼ਮੀਨ ਸੀ ਤੇ ਹੁਣ ਉਹ ਜ਼ਮੀਨ ਉਨ੍ਹਾਂ ਦਾ ਵਿਰਾਸਤੀ ਹੱਕ ਬਣ ਚੁੱਕੀ ਸੀ। ਇਨ੍ਹਾਂ ਦੇ ਪਰਿਵਾਰ ਨੇ ਉਹ ਜ਼ਮੀਨ ਵੇਚ ਕੇ ਇਧਰ ਪੰਜਾਬ ਵਿੱਚ ਜ਼ਮੀਨ ਖਰੀਦਣ ਦਾ ਫ਼ੈਸਲਾ ਕਰ ਲਿਆ ਸੀ। ਨੂਨਕਰਨਸਰ ਵਾਲੀ ਜ਼ਮੀਨ ਨੂੰ ਹਿੱਸੇ ਠੇਕੇ ’ਤੇ ਦੇਣ ਦਾ ਕੰਮ ਮੇਰੇ ਮਿੱਤਰ ਦੇ ਪਿਤਾ ਜੀ ਹੀ ਕਰਿਆ ਕਰਦੇ ਸਨ। ਇੱਕ ਦਿਨ ਮੇਰਾ ਮਿੱਤਰ ਸੁਲੱਖਣ ਮੈਨੂੰ ਕਹਿਣ ਲੱਗਿਆ, ‘‘ਯਰ ਭੋਲਾ ਸਿਆਂ! ਅਸੀਂ ਨੂਨਕਰਨਸਰ ਵਾਲੀ ਜ਼ਮੀਨ ਵੇਚਣੀ ਐ। ਬਾਪੂ ਜੀ ਤੋਂ ਹੁਣ ਤੁਰਿਆ ਫਿਰਿਆ ਨੀ ਜਾਂਦਾ। ਤੂੰ ਤੇ ਸਾਡਾ ਗੋਗੂ ਨੂਨਕਰਨਸਰ ਜਾ ਕੇ ਜ਼ਮੀਨ ਦੇਖ ਕੇ ਆਉ। ਘੱਟੋ-ਘੱਟ ਸਾਨੂੰ ਐਂ ਤਾਂ ਪਤਾ ਲੱਗ ਜੂ ਬਈ ਸਾਡੀ ਜ਼ਮੀਨ ਹੈ ਕਿੱਥੇ ਕੁ। ਅਸੀਂ ਤਾਂ ਉਹ ਜ਼ਮੀਨ ਦੇਖੀ ਵੀ ਨੀ, ਬੱਸ ਬਾਪੂ ਨੂੰ ਈ ਪਤੈ ਜ਼ਮੀਨ ਹੈ ਕਿੱਥੇ ਕੁ।’’ ਮੈਂ ਨਾਲ ਜਾਣ ਨੂੰ ‘ਹਾਂ’ ਕਰ ਦਿੱਤੀ। ਗੋਗੂ ਦੇ ਬਾਪੂ ਜੀ ਨੇ ਮੰਜੇ ’ਤੇ ਪਏ ਨੇ ਹੀ ਸਾਨੂੰ ਜ਼ਮੀਨ ਦੀ ਸਾਰੀ ਸਥਿਤੀ ਸਮਝਾ ਦਿੱਤੀ। ਨੂਨਕਰਨਸਰ ਸਟੇਸ਼ਨ ਤੋਂ ਉਤਰ ਕੇ ਅੱਠ-ਦਸ ਕਿਲੋਮੀਟਰ ਦੀ ਦੂਰੀ ’ਤੇ ਸੀ ਉਨ੍ਹਾਂ ਦੀ ਜ਼ਮੀਨ। ਜਦੋਂ ਅਸੀਂ ਬਾਪੂ ਜੀ ਦੀ ਦੱਸੀ ਹੋਈ ਸਥਿਤੀ ਮੁਤਾਬਿਕ ਉਸ ਚੱਕ ਵਿੱਚ ਪਹੁੰਚੇ ਤਾਂ ਅਸੀਂ ਰਸਤਾ ਥੋੜ੍ਹਾ ਜਿਹਾ ਭਟਕ ਗਏ। ਸਾਨੂੰ ਕਿਹਾ ਤਾਂ ਇਹ ਗਿਆ ਸੀ ਕਿ ਤੁਸੀਂ ਪਿੰਡ ਦੀ ਫਿਰਨੀ ਤੋਂ ਸੱਜੇ ਹੱਥ ਮੁੜਨਾ ਹੈ। ਪਰ ਅਸੀਂ ਭੁਲੇਖੇ ਨਾਲ ਉਲਟ ਦਿਸ਼ਾ ਵੱਲ ਮੁੜ ਗਏ। ਸਬੱਬ ਨਾਲ ਜੋ ਸਥਿਤੀ ਤੇ ਹੁਲੀਆ ਬਾਪੂ ਨੇ ਜ਼ਮੀਨ ਦਾ ਸਮਝਾਇਆ ਸੀ। ਅੱਗੇ ਜਾ ਕੇ ਬਿਲਕੁਲ ਉਸੇ ਹੁਲੀਏ ਦੀ ਜ਼ਮੀਨ ਦੀ ਇੱਕ ਨੁੱਕਰ ਵਿੱਚ ਜਾ ਖੜ੍ਹੇ। ਉਸ ਜ਼ਮੀਨ ਵਿੱਚ ਵੀ ਸਬੱਬ ਨਾਲ ਜੰਡ ਤੇ ਬੇਰੀ ਇਕੱਠੇ ਇੱਕ ਖੂੰਜੇ ਵਿੱਚ ਖੜ੍ਹੇ ਸਨ। ਅਸੀਂ ਉਸ ਜ਼ਮੀਨ ਨੂੰ ਆਪਣੀ ਸਮਝ ਕੇ ਬੇਰੀ ਹੇਠ ਬੈਠ ਗਏ। ਇਤਫ਼ਾਕਵੱਸ, ਇਹ ਜ਼ਮੀਨ ਵੀ ਕਿਸੇ ਸਰਦਾਰ ਦੀ ਸੀ। ਸਾਡੇ ਵਾਂਗੂੰ ਇਹ ਜ਼ਮੀਨ ਵੀ ਵਿਕਾਊ ਸੀ। ਉਸ ਏਰੀਏ ਦੇ ਸਾਰੇ ਦਲਾਲਾਂ ਨੂੰ ਪਤਾ ਸੀ ਕਿ ਇਹ ਜ਼ਮੀਨ ਵਿਕਾਊ ਹੈ। ਅਸੀਂ ਅਜੇ ਬੈਠ ਹੀ ਰਹੇ ਸੀ ਕਿ ਇੱਕ ਦਲਾਲ ਜ਼ਮੀਨ ਲੈਣ ਵਾਲੇ ਗਾਹਕਾਂ ਨੂੰ ਲੈ ਕੇ ਆ ਗਿਆ। ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਇਹ ਜ਼ਮੀਨ ਤੁਹਾਡੀ ਹੈ? ਅਸੀਂ ‘ਹਾਂ’ ਵਿੱਚ ਸਿਰ ਹਿਲਾਇਆ। ਅਸਲ ਵਿੱਚ ਅਸੀਂ ਵੀ ਉਸ ਜ਼ਮੀਨ ਨੂੰ ਆਪਣੀ ਸਮਝ ਬੈਠੇ ਸਾਂ ਜਦੋਂਕਿ ਇਹ ਜ਼ਮੀਨ ਕਿਸੇ ਹੋਰ ਸਰਦਾਰ ਦੀ ਸੀ।
‘‘ਸਰਦਾਰ ਜੀ, ਜ਼ਮੀਨ ਵਿਕਾਊ ਹੈ?’’
‘‘ਹਾਂ’’ ਗੋਗੂ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ।
‘‘ਦੱਸੋ ਫਿਰ ਕੀ ਮੰਗਦੇ ਹੋ?’’ ਭਾਨੂੰ ਪ੍ਰਤਾਪ ਦਲਾਲ ਨੇ ਪੁੱਛਿਆ।
ਗੋਗੂ ਨੇ ਬਿਨਾਂ ਸਲਾਹ ਕੀਤਿਆਂ ਹੀ ਇੱਕ ਮਰੱਬੇ ਦਾ ਪੰਜ ਲੱਖ ਮੰਗ ਲਿਆ। ਅਖੀਰ ਗੱਲ ਚਾਰ ਲੱਖ ਪ੍ਰਤੀ ਮਰੱਬਾ ਦੇ ਹਿਸਾਬ ਨਾਲ ਮੁੱਕ ਗਈ। ਭਾਨੂੰ ਪ੍ਰਤਾਪ ਨੇ ਦਸ ਹਜ਼ਾਰ ਰੁਪਏ ਦੀ ਗੁੱਟੀ ਸਾਈ ਦੇ ਤੌਰ ’ਤੇ ਗੋਗੂ ਨੂੰ ਫੜਾ ਦਿੱਤੀ ਅਤੇ ਪਰਸੋਂ ਬਿਆਨਾ ਲਿਖਣ ਦਾ ਇਕਰਾਰ ਵੀ ਹੋ ਗਿਆ। ਅਸਲ ਵਿੱਚ ਭਾਨੂੰ ਪ੍ਰਤਾਪ ਵੀ ਸਾਨੂੰ ਉਸ ਜ਼ਮੀਨ ਦਾ ਅਸਲ ਹੱਕਦਾਰ ਸਮਝ ਬੈਠਾ ਸੀ। ਅਸੀਂ ਦਸ ਹਜ਼ਾਰ ਫੜ ਕੇ ਨੂਨਕਰਨਸਰ ਤੋਂ ਗੱਡੀ ਰਾਹੀਂ ਪਿੰਡ ਆ ਗਏ। ਜਦੋਂ ਗੋਗੂ ਨੇ ਬਾਪੂ ਨੂੰ ਸਾਰੀ ਗੱਲ ਸਮਝਾਈ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਜ਼ਮੀਨ ਉਨ੍ਹਾਂ ਦੀ ਨਹੀਂ ਸੀ। ਉਹ ਤਾਂ ਕਿਸੇ ਹੋਰ ਸਰਦਾਰ ਦੀ ਸੀ। ਗੋਗੂ ਖ਼ੁਸ਼ ਹੋਇਆ ਕਿ ਦਸ ਹਜ਼ਾਰ ਦੀ ਟੋਪੀ ਮਾਰ ਲਈ ਹੈ। ਗੋਗੂ ਉਂਝ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਦਾ ਆਦੀ ਸੀ। ਉਸ ਨੂੰ ਖ਼ੁਸ਼ ਦੇਖ ਕੇ ਮੈਨੂੰ ਝਟਕਾ ਜਿਹਾ ਲੱਗਿਆ। ਚਾਹ ਪਾਣੀ ਪੀਣ ਤੋਂ ਬਾਅਦ ਮੈਂ ਗੋਗੂ ਨੂੰ ਪਾਸੇ ਲਿਜਾ ਕੇ ਕਿਹਾ, ‘‘ਗੋਗੂ! ਦੇਖ ਤੇਰੇ ਵੀ ਪੱਗ ਬੰਨ੍ਹੀ ਐ ਤੇ ਮੇਰੇ ਵੀ ਪੱਗ ਬੰਨ੍ਹੀ ਐ। ਆਪਣੀ ਇਸ ਤਰ੍ਹਾਂ ਦੀ ਠੱਗੀ ਨਾਲ ਆਪਣਾ ਸਮੁੱਚਾ ਸਰਦਾਰ ਭਾਈਚਾਰਾ ਬਦਨਾਮ ਹੋਵੇਗਾ। ਗੱਲ ਦਸ ਹਜ਼ਾਰ ਦੀ ਨੀ... ਗੱਲ ਪੱਗ ਦੀ ਬਦਨਾਮੀ ਦੀ ਐ। ਆਪਾਂ ਨੂੰ ਇਹ ਪੈਸੇ ਮੋੜ ਦੇਣੇ ਚਾਹੀਦੇ ਨੇ।’’ ਪਹਿਲਾਂ ਮੈਨੂੰ ਇਉਂ ਸੀ ਕਿ ਸ਼ਾਇਦ ਗੋਗੂ ਨੇ ਮੰਨਣਾ ਨਹੀਂ, ਪਰ ਉਹ ਮੇਰੀ ਗੱਲ ਪਹਿਲੀ ਸੱਟੇ ਹੀ ਮੰਨ ਗਿਆ। ਅਸੀਂ ਦੂਜੇ ਦਿਨ ਭਾਨੂੰ ਪ੍ਰਤਾਪ ਦਾ ਜਾ ਬੂਹਾ ਖੜਕਾਇਆ। ਉਸਨੂੰ ਦਸ ਹਜ਼ਾਰ ਰੁਪਏ ਫੜਾ ਕੇ ਅਸੀਂ ਕਿਹਾ, ‘‘ਭਾਨੂੰ ਪ੍ਰਤਾਪ ਜੀ ਅਸੀਂ ਭੁਲੇਖੇ ਨਾਲ ਕਿਸੇ ਹੋਰ ਦੀ ਜ਼ਮੀਨ ਦਾ ਸੌਦਾ ਕਰ ਬੈਠੇ ਸੀ। ਅਸਲ ਵਿੱਚ ਸਾਨੂੰ ਸਾਡੀ ਆਪਣੀ ਜ਼ਮੀਨ ਬਾਰੇ ਪਤਾ ਨਹੀਂ ਸੀ। ਅਸੀਂ ਹੁਣ ਪੈਸੇ ਮੋੜਨ ਆਏ ਆਂ।’’ ਭਾਨੂੰ ਪ੍ਰਤਾਪ ਦਸ ਹਜ਼ਾਰ ਫੜ ਕੇ ਬੋਲਿਆ, ‘‘ਸਰਦਾਰ ਜੀ! ਥੋਡੀ ਕੌਮ ’ਚ ਥੋਡੇ ਗੁਰੂਆਂ ਨੇ ਸਬਰ ਤੇ ਸੰਤੋਖ ਭਰਿਐ... ਪੈਸੇ ਮੋੜ ਕੇ ਤੁਸੀਂ ਪੱਗ ਦੀ ਲਾਜ ਰੱਖ ਲਈ ਐ... ਮੈਂ ਵੀ ਤੁਹਾਨੂੰ ਸਰਦਾਰ ਦੇਖ ਕੇ ਬਿਨਾਂ ਜਾਣ-ਪਛਾਣ ਤੋਂ ਐਵੇਂ ਹੀ ਸਾਈ ਫੜਾ ਬੈਠਾ ਸਾਂ।’’ ਸਾਈ ਦੇ ਦਸ ਹਜ਼ਾਰ ਮੋੜ ਕੇ ਅਸੀਂ ਦੋਵੇਂ ਜੇਤੂ ਅੰਦਾਜ਼ ਵਿੱਚ ਵਾਪਸ ਆਉਣ ਲਈ ਉੱਠੇ ਤਾਂ ਸਾਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਾਡਾ ਪੱਗ ਵਾਲਾ ਸਿਰ ਗਿੱਠ ਉੱਚਾ ਹੋ ਗਿਆ ਹੋਵੇ।
ਸੰਪਰਕ: 95010-12199
* * *

ਚਪੇੜ

ਗੁਰਸ਼ਰਨ ਸਿੰਘ ਕੁਮਾਰ
ਰੋਹਿਤ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਸੀ, ਪਰ ਉਸ ਦੀਆਂ ਖ਼ਾਹਿਸ਼ਾਂ ਬਹੁਤ ਵੱਡੀਆਂ ਸਨ। ਉਹ ਸਭ ਨੂੰ ਆਪਣੀ ਹੈਸੀਅਤ ਤੋਂ ਉੱਚਾ ਦਿਖਾਵਾ ਕਰਦਾ ਸੀ। ਉਸ ਦੀ ਸੋਹਬਤ ਵੀ ਅਜਿਹੇ ਮੁੰਡਿਆਂ ਨਾਲ ਹੋ ਗਈ ਜੋ ਫੁਕਰੇ ਜਿਹੇ ਸਨ। ਉਹ ਹਮੇਸ਼ਾਂ ਦੂਸਰਿਆਂ ਦੇ ਪੈਸਿਆਂ ਨਾਲ ਐਸ਼ ਕਰਨਾ ਲੋਚਦੇ ਸਨ। ਹੁਣ ਉਨ੍ਹਾਂ ਨੂੰ ਇੱਕ ਹੋਰ ਭੈੜੀ ਆਦਤ ਪੈ ਗਈ ਸੀ। ਵਿਆਹਾਂ ਦੇ ਦਿਨ ਸਨ। ਉਹ ਸਾਰੇ ਸੋਹਣੇ ਕੱਪੜੇ ਪਾ ਕੇ ਬਣ ਠਣ ਕੇ ਸ਼ਾਮ ਨੂੰ ਘਰੋਂ ਨਿਕਲ ਜਾਂਦੇ ਅਤੇ ਜਿੱਥੇ ਕੋਈ ਵਿਆਹ ਦਾ ਪੰਡਾਲ ਲੱਗਾ ਹੁੰਦਾ ਉੱਥੇ ਵੜ ਜਾਂਦੇ ਅਤੇ ਇੱਕ ਵੱਖਰਾ ਮੇਜ਼ ਘੇਰ ਲੈਂਦੇ। ਵੇਟਰ ਨੂੰ ਚੰਗੇ ਟਿੱਪ ਦਾ ਲਾਲਚ ਦੇ ਕੇ ਖ਼ੂਬ ਖਾਤਰਦਾਰੀ ਕਰਾਉਂਦੇ। ਵੇਟਰ ਵਿਚਾਰੇ ਵੀ ਟਿੱਪ ਦੇ ਲਾਲਚ ਕਰ ਕੇ ਉਨ੍ਹਾਂ ਦੀ ਮੇਜ਼ ’ਤੇ ਸੇਵਾ ਵਿਚ ਹੀ ਰਹਿੰਦੇ। ਉਹ ਉਨ੍ਹਾਂ ਲਈ ਮੀਟ, ਮੱਛੀ ਅਤੇ ਸ਼ਰਾਬ ਦੀ ਕੋਈ ਕਮੀ ਨਾ ਰਹਿਣ ਦਿੰਦੇ। ਰੋਹਿਤ ਅਤੇ ਉਸ ਦੇ ਸਾਥੀ ਟੁੰਨ ਹੋ ਕੇ ਪੇਟ ’ਤੇ ਹੱਥ ਫੇਰਦੇ ਹੋਏ ਬਾਹਰ ਆ ਜਾਂਦੇ। ਫਿਰ ਦੂਸਰਿਆਂ ਅੱਗੇ ਸ਼ੇਖੀਆਂ ਮਾਰਦੇ, ‘‘ਸਾਡੀ ਕਿਸਮਤ ’ਚ ਮੀਟ ਮੁਰਗੇ ਖਾਣੇ ਲਿਖੇ ਹੋਏ ਨੇ। ਫਿਰ ਅਸੀਂ ਘਰ ਦੀ ਦਾਲ ਰੋਟੀ ਕਿਉਂ ਖਾਈਏ?’’
ਇਸੇ ਤਰ੍ਹਾਂ ਉਨ੍ਹਾਂ ਦੇ ਦਿਨ ਸੋਹਣੇ ਬੀਤ ਰਹੇ ਸਨ। ਇੱਕ ਵਾਰੀ ਰੋਹਿਤ ਦੇ ਚਾਚੇ ਦੇ ਮੁੰਡੇ ਜੀਤ ਦਾ ਵਿਆਹ ਸੀ। ਰੋਹਿਤ ਵੀ ਬਰਾਤ ਨਾਲ ਗਿਆ। ਉਸ ਨੇ ਇੱਥੇ ਆਪਣੇ ਦੋਸਤਾਂ ਨੂੰ ਨਾਲ ਲਿਜਾਣਾ ਠੀਕ ਨਾ ਸਮਝਿਆ। ਲੜਕੀ ਵਾਲਿਆਂ ਨੇ ਬਰਾਤੀਆਂ ਦੀ ਖ਼ੂਬ ਸੇਵਾ ਕੀਤੀ। ਮੀਟ, ਮੁਰਗੇ ਅਤੇ ਸ਼ਰਾਬ ਦੀ ਖੁੱਲ੍ਹੀ ਸਪਲਾਈ ਸੀ। ਰੋਹਿਤ ਨੇ ਵੀ ਪੇਟ ਭਰ ਕੇ ਖਾਧਾ ਪੀਤਾ। ਅਚਾਨਕ ਉਸ ਨੇ ਦੇਖਿਆ ਕਿ ਖਾਣੇ ਦੇ ਇੱਕ ਕਾਊਂਟਰ ’ਤੇ ਕੁਝ ਲੋਕ ਇਕੱਠੇ ਹੋ ਗਏ ਸਨ ਅਤੇ ਸ਼ੋਰ ਵੀ ਪੈ ਰਿਹਾ ਸੀ। ਰੋਹਿਤ ਨੇ ਕੋਲ ਜਾ ਕੇ ਦੇਖਿਆ ਤਾਂ ਇੱਕ ਵੇਟਰ 15 ਕੁ ਸਾਲ ਦੇ ਬੱਚੇ ਨੂੰ ਬਾਂਹ ਮਰੋੜ ਕੇ ਪੈਲੇਸ ਦੇ ਮਾਲਕ ਦੇ ਕਮਰੇ ਵੱਲ ਲਿਜਾ ਰਿਹਾ ਸੀ। ਉਸ ਨੇ ਮਾਲਕ ਨੂੰ ਜਾ ਕੇ ਕਿਹਾ, ‘‘ਜਨਾਬ, ਇਹ ਆਵਾਰਾ ਬੱਚਾ ਨਾ ਤਾਂ ਲੜਕੀ ਵਾਲਿਆਂ ਵੱਲੋਂ ਹੈ ਅਤੇ ਨਾ ਹੀ ਲੜਕੇ ਵਾਲਿਆਂ ਵੱਲੋਂ ਅਤੇ ਇੱਥੇ ਘੁਸ ਕੇ ਖਾਣਾ ਖਾ ਰਿਹਾ ਸੀ।’’
ਮਾਲਕ ਨੇ ਲੜਕੇ ਵੱਲ ਕਸਾਈ ਤਰ੍ਹਾਂ ਦੇਖਿਆ। ਵੇਟਰ ਫੇਰ ਬੋਲਿਆ, ‘‘ਜਨਾਬ, ਅਜਿਹੇ ਬੱਚੇ ਹੀ ਵਿਆਹ ਸ਼ਾਦੀਆਂ ਵਿੱਚ ਔਰਤਾਂ ਦੇ ਪਰਸ ਅਤੇ ਗਹਿਣਿਆਂ ਦੇ ਬੈਗ ਚੋਰੀ ਕਰਦੇ ਹਨ। ਜੇ ਇੱਥੇ ਵੀ ਕੁਝ ਚੋਰੀ ਹੋ ਜਾਂਦਾ ਤਾਂ ਬਦਨਾਮੀ ਤਾਂ ਸਾਡੀ ਹੋਣੀ ਸੀ।’’
ਮਾਲਕ ਨੇ ਮੁੰਡੇ ਨੂੰ ਘੂਰ ਕੇ ਪੁੱਛਿਆ, ‘‘ਕਿਉਂ ਓਏ, ਤੂੰ ਲੜਕੇ ਵਾਲਿਆਂ ਵੱਲੋਂ ਹੈਂ ਜਾਂ ਲੜਕੀ ਵਾਲਿਆਂ ਵੱਲੋਂ?’’
‘‘ਜੀ ਕਿਸੇ ਵੱਲੋਂ ਨਹੀਂ।’’ ਲੜਕਾ ਰੋਣੀ ਆਵਾਜ਼ ਵਿੱਚ ਬੋਲਿਆ।
‘‘ਫਿਰ ਇੱਥੇ ਚੋਰੀ ਕਰਨ ਆਇਆ ਸੀ?’’
‘‘ਜੀ ਮੈਂ ਰੋਟੀ ਖਾਣ ਆਇਆ ਸੀ।’’
ਰੋਹਿਤ ਡਰ ਗਿਆ। ਉਸ ਨੇ ਅੱਗੇ ਹੋ ਕੇ ਮਾਲਕ ਨੂੰ ਕਿਹਾ, ‘‘ਜੀ ਛੱਡੋ ਪਰ੍ਹੇ, ਵਿਚਾਰਾ ਗ਼ਰੀਬ ਹੈ।’’
ਮਾਲਕ ਨੇ ਰੋਹਿਤ ਵੱਲ ਕੋਈ ਧਿਆਨ ਨਾ ਦਿੱਤਾ ਤੇ ਮੁੰਡੇ ਦੀ ਗੱਲ੍ਹ ’ਤੇ ਜ਼ੋਰਦਾਰ ਚਪੇੜ ਮਾਰੀ। ਮੁੰਡੇ ਨੇ ਉੱਚੀ ਚੀਕ ਮਾਰੀ ਅਤੇ ਜ਼ਮੀਨ ’ਤੇ ਡਿੱਗ ਪਿਆ। ਰੋਹਿਤ ਦਾ ਹੱਥ ਆਪਣੇ ਆਪ ਆਪਣੀ ਗੱਲ੍ਹ ’ਤੇ ਚਲਾ ਗਿਆ। ਉਸ ਨੂੰ ਲੱਗਿਆ ਕਿ ਇਹ ਚਪੇੜ ਮੁੰਡੇ ਦੇ ਨਹੀਂ ਸਗੋਂ ਉਸ ਦੇ ਆਪਣੇ ਮੂੰਹ ’ਤੇ ਵੱਜੀ ਸੀ। ਉਹ ਉਸੇ ਸਮੇਂ ਪੰਡਾਲ ਤੋਂ ਬਾਹਰ ਨਿਕਲ ਆਇਆ ਤੇ ਸਿੱਧਾ ਆਪਣੇ ਘਰ ਨੂੰ ਹੋ ਤੁਰਿਆ। ਉਸ ਦਿਨ ਤੋਂ ਉਸ ਨੇ ਗ਼ਲਤ ਕੰਮਾਂ ਤੋਂ ਤੌਬਾ ਕਰ ਲਈ ਅਤੇ ਭੈੜੇ ਦੋਸਤਾਂ ਦੀ ਸੰਗਤ ਵੀ ਛੱਡ ਦਿੱਤੀ।
ਸੰਪਰਕ: 94631-89432
* * *

ਹੱਥ ’ਤੇ ਹੱਥ

ਕੰਵਰਦੀਪ ਸਿੰਘ ਭੱਲਾ
ਭਾਂਡੇ ਮਾਂਜਦੀ-ਮਾਂਜਦੀ ਬੇਬੇ ਆਪਣੇ ਦਿਲ ਦੀ ਭੜਾਸ ਛੋਟੇ ਪੁੱਤਰ ਗੋਲੂ ਨਾਲ ਕੱਢਦੀ ਕਹਿ ਰਹੀ ਸੀ, ‘‘ਪੁੱਤ, ਅੱਜਕੱਲ੍ਹ ਸਮਾਂ ਨਹੀਂ ਕਿਸੇ ਦੇ ਧੀ ਪੁੱਤ ਨੂੰ ਸਮਝਾਉਣ ਦਾ।’’ ਪੁੱਤ ਨੇ ਵੀ ਇਕਦਮ ਪੁੱਛਿਆ, ‘‘ਮਾਂ, ਕੀ ਗੱਲ ਹੋ ਗਈ ਏ? ਅੱਜ ਏਨੀ ਸਤੀ ਹੋਈ ਕਿਉਂ ਏ?’’ ‘‘ਪੁੱਤ, ਮੈਂ ਗੁਆਂਢੀਆਂ ਦੇ ਘਰ ਉਨ੍ਹਾਂ ਦੇ ਮੁੰਡੇ ਦੀਆਂ ਕਰਤੂਤਾਂ ਕੀ ਦੱਸੀਆਂ, ਉਹ ਤਾਂ ਸਾਰਾ ਟੱਬਰ ਮੇਰੇ ਗਲ ਹੀ ਪੈ ਗਿਆ?’’ ‘‘ਬੇਬੇ, ਤੈਨੂੰ ਕੀ ਲੋੜ ਸੀ ਦੱਸਣ ਦੀਉ? ਹੁਣ ਅਸੀਂ ਨੌਜਵਾਨ ਬੱਚਿਆਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦੇ।’’ ‘‘ਪੁੱਤ ਕਿਉਂ?’’ ‘‘ਮਾਂ, ਜਿੱਥੇ ਪੰਜ ਇੰਚ ਦੇ ਟੁਕੜੇ ਕਾਰਨ ਅਸੀਂ ਤਰੱਕੀ ਕੀਤੀ ਏ, ਉੱਥੇ ਇਸ ਪੰਜ ਇੰਚ ਦੇ ਟੁਕੜੇ ਨੇ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਗ਼ਲਤ ਰਸਤੇ ਵੀ ਪਾ ਦਿੱਤਾ ਏ।’’
‘‘ਉਹ ਕਿਵੇਂ ਪੁੱਤ? ਕਿਹੜੇ ਟੁਕੜੇ ਦੀ ਗੱਲ ਕਰਦਾ ਏਂ ਪੁੱਤਰ?’’ ਬੇਬੇ ਨੇ ਆਪਣੇ ਪੁੱਤਰ ਵੱਲ ਤੱਕਦਿਆਂ ਪੁੱਛਿਆ। ‘‘ਮਾਂ, ਮੈਂ ਮੋਬਾਈਲ ਫੋਨ ਦੀ ਗੱਲ ਕਰਦਾ ਹਾਂ। ਜਦੋਂ ਮਾਪੇ ਬਾਹਰ ਕਿਤੇ ਕੰਮ ਜਾਂਦੇ ਨੇ ਤਾਂ ਆਮ ਤੌਰ ’ਤੇ ਬੱਚੇ ਬਹੁਤ ਛੋਟੀ ਉਮਰ ਵਿੱਚ ਇੰਟਰਨੈੱਟ ਰਾਹੀਂ ਚੋਰੀ ਉਹ ਕੁਝ ਦੇਖ ਲੈਂਦੇ ਨੇ ਜਿਸ ਦਾ ਪ੍ਰਭਾਵ ਉਨ੍ਹਾਂ ਦੀ ਸਿਹਤ ਅਤੇ ਆਚਰਣ ’ਤੇ ਪੈਂਦਾ ਏ। ਇਸ ਤੋਂ ਇਲਾਵਾ ਛੋਟੀ ਉਮਰ ਦੇ ਮੁੰਡੇ ਅਤੇ ਕੁੜੀਆਂ ਮੋਬਾਈਲ ’ਤੇ ਕੰਮ ਦੀਆਂ ਗੱਲਾਂ ਘੱਟ ਤੇ ਫਾਲਤੂ ਗੱਲਾਂ ਜ਼ਿਆਦਾ ਕਰਦੇ ਨੇ, ਜਿਸ ਦੇ ਨਤੀਜੇ ਭਿਆਨਕ ਨਿਕਲਦੇ ਨੇ। ਹੁਣ ਕਿਸੇ ਦੇ ਬੱਚੇ ਬਾਰੇ ਉਸ ਦੇ ਮਾਂ-ਬਾਪ ਨੂੰ ਦੱਸਣ ਦੀ ਗੱਲ ਲਗਭਗ ਖ਼ਤਮ ਹੋ ਚੁੱਕੀ ਏ। ਬੇਬੇ, ਹੁਣ ਤੁਹਾਡੀ ਧੀ ਅਤੇ ਪੁੱਤਰ ਸਿਰਫ਼ ਤੁਹਾਡਾ ਹੀ ਏ।’’ ਬੇਬੇ ਨੂੰ ਪੁੱਤਰ ਦੀ ਗੱਲ ਸ਼ਾਇਦ ਸਮਝ ਆ ਚੁੱਕੀ ਸੀ। ਉਸ ਨੇ ਪੁੱਤਰ ਨੂੰ ਕੋਈ ਹੋਰ ਸਵਾਲ ਜਵਾਬ ਨਾ ਕੀਤਾ ਤੇ ਕੰਮ ਖ਼ਤਮ ਕਰਕੇ ਅਖ਼ਬਾਰ ਦੀਆਂ ਸੁਰਖ਼ੀਆਂ ਪੜ੍ਹਨ ਲੱਗੀ। ਪਹਿਲੀ ਖ਼ਬਰ ਸੀ ਕਿ ਇੱਕ ਨਾਬਾਲਗ ਕੁੜੀ ਆਪਣੇ ਆਸ਼ਕ ਨਾਲ ਭੱਜ ਗਈ। ਇਹ ਪੜ੍ਹ ਕੇ ਮਾਂ ਦੀਆਂ ਅੱਖਾਂ ਫਿਰ ਨਮ ਹੋ ਗਈਆਂ। ਉਸ ਨੇ ਅਖ਼ਬਾਰ ਪਰ੍ਹੇ ਰੱਖਦਿਆਂ ਉੱਪਰ ਵੱਲ ਤੱਕਦੇ ਹੋਏ ਕਿਹਾ, ‘‘ ਰੱਬਾ, ਹੁਣ ਤਾਂ ਤੇਰੇ ਹੱਥ ਡੋਰਾਂ ਨੇ, ਪਰ ਜੇ ਸਾਰੇ ਲੋਕ ਅਤੇ ਮੈਂ ਵੀ ਪੁੱਤਰ ਦੇ ਕਹਿਣ ’ਤੇ ਹੱਥ ’ਤੇ ਹੱਥ ਰੱਖ ਕੇ ਬੈਠ ਗਈ ਤਾਂ ਇਸ ਪੀੜ੍ਹੀ ਦਾ ਕੀ ਬਣੂ?’’
ਸੰਪਰਕ: 99881-94776
* * *

ਗ਼ਰੀਬ ਕੌਣ!

ਡਾ. ਇਕਬਾਲ ਸਿੰਘ ਸਕਰੌਦੀ
ਨੂੰਹ ਅਤੇ ਪੁੱਤ ਵੱਲੋਂ ਕੀਤੇ ਜਾਂਦੇ ਨਿੱਤ ਦੇ ਕਲੇਸ਼ ਤੋਂ ਸਤ ਕੇ ਸ਼ਾਂਤੀ ਦੇਵੀ ਸ਼ਹਿਰ ਵਿੱਚ ਰਹਿੰਦੇ ਆਪਣੀ ਧੀ ਰਾਧਾ ਰਾਣੀ ਅਤੇ ਜੁਆਈ ਹੇਮ ਰਾਜ ਕੋਲ ਚਲੀ ਗਈ। ਜੁਆਈ ਨੇ ਆਪਣੀ ਛੋਟੀ ਜਿਹੀ ਦੁਕਾਨ ਵਿੱਚੋਂ ਸਰਫ਼ੇ ਕਰ ਕਰ ਕੇ ਅਤੇ ਬੈਂਕ ਤੋਂ ਕਰਜ਼ਾ ਚੁੱਕ ਕੇ ਇੱਕ ਭੀੜੀ ਜਿਹੀ ਗਲੀ ਵਿੱਚ ਇੱਕ ਨਿੱਕਾ ਜਿਹਾ ਮਕਾਨ ਖ਼ਰੀਦ ਲਿਆ ਸੀ।
ਘਰ ਦੇ ਚਾਰੇ ਪਾਸੇ ਪੁਰਾਣੀਆਂ ਬਣੀਆਂ ਉੱਚੀਆਂ ਹਵੇਲੀਆਂ ਕਾਰਨ ਉਸ ਦੇ ਘਰ ਵਿੱਚ ਗਰਮੀਆਂ ਵਿੱਚ ਵੀ ਧੁੱਪ ਘੱਟ ਹੀ ਆਉਂਦੀ ਸੀ। ਸਿਆਲਾਂ ਵਿੱਚ ਤਾਂ ਘਰ ਵਿੱਚ ਧੁੱਪ ਦਾ ਆਉਣਾ ਸੰਭਵ ਹੀ ਨਹੀਂ ਸੀ।
ਉਸ ਨੇ ਆਪਣੀ ਸੱਸ ਨੂੰ ਠੰਢ ਤੋਂ ਬਚਾਉਣ ਲਈ ਘਰ ਵਿੱਚ ਇੱਕ ਛੋਟਾ ਜਿਹਾ ਹੀਟਰ ਲੈ ਆਂਦਾ ਸੀ।
ਅੱਠ ਮਹੀਨਿਆਂ ਤੋਂ ਧੀ ਜੁਆਈ ਦੇ ਘਰ ਰਹਿੰਦੀ ਸ਼ਾਂਤੀ ਦੇਵੀ ਦੇ ਐੱਸ.ਡੀ.ਓ. ਲੱਗੇ ਨਿੱਕੇ ਪੁੱਤਰ ਗਿਰਧਾਰੀ ਲਾਲ ਨੇ ਆਪਣੇ ਜੀਜੇ ਨੂੰ ਫੋਨ ਕੀਤਾ ਤੇ ਪੁੱਛਿਆ, ‘‘ਜੀਜਾ ਜੀ, ਵੱਡੇ ਬਜ਼ੁਰਗਾਂ ਨੂੰ ਸਿਆਲ਼ ਵਿੱਚ ਧੁੱਪ ਦੀ ਬੜੀ ਲੋੜ ਹੁੰਦੀ ਹੈ। ਮੰਮੀ ਲਈ ਧੁੱਪ ਦਾ ਕੀ ਪ੍ਰਬੰਧ ਕੀਤਾ ਹੈ?’’ ਅਫ਼ਸਰ ਲੱਗੇ ਸਾਲ਼ੇ ਦੀ ਗੱਲ ਸੁਣ ਕੇ ਹੇਮ ਰਾਜ ਬੋਲਿਆ, ‘‘ਐੱਸ.ਡੀ.ਓ. ਸਾਹਿਬ, ਧੁੱਪ ਤੋਂ ਪਹਿਲਾਂ ਬਜ਼ੁਰਗਾਂ ਨੂੰ ਤਿੰਨ ਵਕਤ ਦੀ ਰੋਟੀ, ਲੋੜ ਅਨੁਸਾਰ ਦਵਾਈ ਅਤੇ ਪਿਆਰ ਦੇ ਦੋ ਬੋਲਾਂ ਦੀ ਲੋੜ ਹੁੰਦੀ ਹੈ। ਮੰਮੀ ਨੂੰ ਮੇਰੇ ਜਿਹੇ ਗ਼ਰੀਬ ਦੇ ਘਰ ਇਹ ਸਭ ਚੀਜ਼ਾਂ ਮਿਲ ਰਹੀਆਂ ਹਨ। ਇਸ ਲਈ ਉਹ ਬਿਨਾਂ ਧੁੱਪ ਤੋਂ ਹੀ ਖ਼ੁਸ਼ ਰਹਿੰਦੇ ਹਨ।’’
ਆਪਣੇ ਜੀਜੇ ਦੀਆਂ ਕੌੜੀਆਂ ਕਰਾਰੀਆਂ ਗੱਲਾਂ ਸੁਣ ਕੇ ਗਿਰਧਾਰੀ ਲਾਲ ਸੋਚਣ ਲੱਗ ਪਿਆ ਕਿ ਅਸਲ ਵਿੱਚ ਗ਼ਰੀਬ ਕੌਣ ਹੈ?
ਸੰਪਰਕ: 84276-85020

Advertisement
Author Image

Ravneet Kaur

View all posts

Advertisement