ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ
ਪੱਤਰ ਪ੍ਰੇਰਕ
ਪਟਿਆਲਾ, 30 ਜਨਵਰੀ
ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ 16 ਫਰਵਰੀ ਨੂੰ ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਤੀਜਾ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾਵੇਗਾ ਜਿਸਦਾ ਪੋਸਟਰ ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ, ਡੀਸੀ ਡਾ. ਪ੍ਰੀਤੀ ਯਾਦਵ, ਬ੍ਰਿਗੇਡੀਅਰ ਅਦਵਿੱਤਿਆ ਮਦਾਨ, ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਅਤੇ ਪੀਪੀਐੱਸਸੀ ਦੇ ਸਕੱਤਰ ਚਰਨਜੀਤ ਸਿੰਘ ਨੇ ਜਾਰੀ ਕੀਤਾ। ਡੀਸੀ ਡਾ. ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਲਗਾਤਾਰ ਤੀਜੀ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਵਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਉਨ੍ਹਾਂ ਨੇ ਸੱਦਾ ਦਿੱਤਾ ਕਿ ਪਟਿਆਲਾ ਵਾਸੀ ਹੁੰਮ-ਹੁੰਮਾ ਕੇ ਪੁੱਜਣ ਤੇ ਇਸ ਫੈਸਟੀਵਲ ਦਾ ਆਨੰਦ ਮਾਨਣ, ਇਸ ਫੈਸਟੀਵਲ ਵਿੱਚ ਦਾਖਲਾ ਫ਼੍ਰੀ ਹੈ। ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਵਾਈਪੀਐਸ ਚੌਕ ਸਥਿਤ ਸੇਨੋਟਾਫ਼ ਵਿੱਚ ਫੁੱਲ ਮਾਲਾ ਅਰਪਣ ਅਤੇ ਪੋਲੋ ਗਰਾਊਂਡ ਤੋਂ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਖ਼ਾਲਸਾ ਕਾਲਜ ਵਿੱਚ ਜੋਸ਼, ਬੈਂਡ ਡਿਸਪਲੇਅ, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਟੈਂਕਾਂ ਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਘੁੜਸਵਾਰੀ ਸ਼ੋਅ, ਗਤਕਾ, ਪੁਰਾਤਨ ਵਸਤਾਂ ਤੇ ਦੁਰਲੱਭ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਸਮੇਤ ਫ਼ੌਜ, ਆਈਟੀਬੀਪੀ ਅਤੇ ਪੁਲੀਸ ਭਰਤੀ ਬਾਰੇ ਕਾਊਂਸਲਿੰਗ ਤੇ ਫੂਡ ਕੋਰਟ ਵੀ ਸਥਾਪਤ ਕੀਤੇ ਜਾਣਗੇ।