ਮਿਰਜਾਪੁਰ ’ਚ ਨਾਜਾਇਜ਼ ਕਲੋਨੀ ’ਚ ਉਸਾਰੀਆਂ ਢਾਹੀਆਂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਮਾਰਚ
ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਕੁਰੂਕਸ਼ੇਤਰ ਦੇ ਪਿੰਡ ਮਿਰਜਾਪੁਰ ਵਿਚ ਲਗਪਗ 5.5 ਏਕੜ ਵਿੱਚ ਬਣੀ ਨਾਜਾਇਜ਼ ਕਲੋਨੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਤੋੜ ਫੋੜ ਦੀ ਕਾਰਵਾਈ ਅਮਲ ਵਿਚ ਲਿਆਂਦੀ। ਜ਼ਿਲ੍ਹਾ ਨਗਰ ਯੋਜਨਾਕਾਰ ਅਧਿਕਾਰੀ ਵਿਕਰਮ ਕੁਮਾਰ ਨੇ ਕਿਹਾ ਕਿ ਡੀਸੀ ਦੇ ਆਦੇਸ਼ਾਂ ’ਤੇ ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਪੁਲੀਸ ਤੇ ਡੀਟੀਪੀ ਦੀਆਂ ਟੀਮਾਂ ਨੇ ਪਿੰਡ ਮਿਰਜਾਪੁਰ ਵਿਚ ਲਗਪਗ 5.5 ਏਕੜ ਜ਼ਮੀਨ ਵਿੱਚ ਬਣੀ ਨਾਜਾਇਜ਼ ਕਲੋਨੀ ਵਿਚ ਕੱਚੀਆਂ ਸੜਕਾਂ, ਡੀਪੀਸੀ ਤੇ ਕੰਟਰੋਲ ਏਰੀਆ ਵਿੱਚ ਨਾਜਾਇਜ਼ ਨਿਰਮਾਣ ਨੂੰ ਪੀਲੇ ਪੰਜੇ ਨਾਲ ਢਾਹਿਆ। ਇਸ ਸਬੰਧੀ ਪਹਿਲਾਂ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਮਗਰੋਂ ਇਹ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੀ ਰਜਿਸਟਰੀ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਜੇ ਕੋਈ ਵਿਅਕਤੀ ਨਾਜਾਇਜ਼ ਕਲੋਨੀ ਵਿੱਚ ਪਲਾਟ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ, ਜਿਸ ਵਿੱਚ 50 ਹਜ਼ਾਰ ਰੁਪਏ ਜੁਰਮਾਨਾ ਤੇ 3 ਸਾਲ ਸਜ਼ਾ ਦਾ ਕਾਨੂੰਨ ਹੈ।