For the best experience, open
https://m.punjabitribuneonline.com
on your mobile browser.
Advertisement

ਮਿਜ਼ੋਰਮ ’ਚ ਸੈਨਿਕਾਂ ਲਈ ਸ਼ਾਂਤੀ ਪ੍ਰਾਰਥਨਾਵਾਂ

04:08 AM May 28, 2025 IST
ਮਿਜ਼ੋਰਮ ’ਚ ਸੈਨਿਕਾਂ ਲਈ ਸ਼ਾਂਤੀ ਪ੍ਰਾਰਥਨਾਵਾਂ
Advertisement

ਸੰਜੌਯ ਹਜ਼ਾਰਿਕਾ

Advertisement

ਪੱਛਮੀ ਮੋਰਚੇ ’ਤੇ ਥੋੜ੍ਹੀ ਦੇਰ ਲਈ ਛਿੜੇ ਟਕਰਾਅ ਦਾ ਜਦੋਂ ਅਚਨਚੇਤ ਅੰਤ ਹੋ ਗਿਆ ਹੈ ਤਾਂ ਇਸ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਮਿਆਂਮਾਰ ਦੀ ਸਰਹੱਦ ਨਾਲ ਲਗਦੇ ਮਿਜ਼ੋਰਮ ’ਚ ਗਿਰਜਾਘਰਾਂ, ਮੰਦਿਰਾਂ ਤੇ ਮਸਜਿਦਾਂ ’ਚ ਸ਼ਾਂਤੀ, ਭਾਰਤੀ ਸੈਨਿਕਾਂ ਤੇ ਇਸ ਦੇ ਨਾਗਰਿਕਾਂ ਦੀ ਸਲਾਮਤੀ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਇਨ੍ਹਾਂ ਸਮਾਗਮਾਂ ਦਾ ਜ਼ਿਕਰ ਅਗਲੇ ਦਿਨ ਮੁਕਾਮੀ ਮੀਡੀਆ ਵਿੱਚ ਕੀਤਾ ਗਿਆ; ਦੇਸ਼ ਦੇ ਹੋਰਨਾਂ ਥਾਵਾਂ ਅਤੇ ਮਹਾਨਗਰੀ ਮੀਡੀਆ ਵਿੱਚ ਇਸ ਦਾ ਉੱਕਾ ਜ਼ਿਕਰ ਨਹੀਂ ਹੋਇਆ।
ਮਿਜ਼ੋਰਮ ਸਰਕਾਰ ਦੇ ਇੱਕ ਅਧਿਕਾਰੀ ਮੁਤਾਬਿਕ, ਗਿਰਜਾਘਰਾਂ ਦੇ ਸਾਰੇ ਮੈਂਬਰਾਂ, ਮੰਦਿਰਾਂ ਤੇ ਮਸਜਿਦਾਂ ਦੇ ਸਾਰੇ ਸ਼ਰਧਾਵਾਨਾਂ ਨੇ ਮਿਜ਼ੋਰਮ ਵਿੱਚ ਪ੍ਰਾਰਥਨਾ ਸਭਾਵਾਂ ਕੀਤੀਆਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੀ ਸਫਲਤਾ ਤੇ ਸਰਬਪੱਖੀ ਭਲਾਈ ਦੀ ਕਾਮਨਾ ਕੀਤੀ। ਮਿਜ਼ੋ ਇਸਾਈ ਆਪਣੇ ਧਰਮ ਅਤੇ ਚਰਚ ਸੇਵਾਵਾਂ ਨੂੰ ਬਹੁਤ ਸ਼ਰਧਾ ਅਤੇ ਸੰਜੀਦਗੀ ਨਾਲ ਨਿਭਾਉਂਦੇ ਹਨ ਤੇ ਹਰ ਹਫ਼ਤੇ ਹੁੰਦੇ ਤਿੰਨ ਚਾਰ ਸਮਾਗਮਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹਨ।
ਇਸ ਤਿੰਨ ਰੋਜ਼ਾ ਲੜਾਈ ਦੌਰਾਨ ਮੈਂ ਮਿਜ਼ੋਰਮ ਵਿੱਚ ਹੀ ਸਾਂ; ਇੰਝ ਲੱਗਿਆ, ਜਿਵੇਂ ਮੈਂ ਕਿਤੇ ਹੋਰ ਹੀ ਪਹੁੰਚ ਗਿਆ ਹੋਵਾਂ; ਦੇਸ਼ ਅੰਦਰ ਐਲਾਨੇ ਥੋੜ੍ਹੀ ਦੇਰ ਦੇ ਬਲੈਕਆਊਟ ਤੋਂ ਦੂਰ, ਹਰ ਕਿਤੇ ਸ਼ਾਂਤ ਮਾਹੌਲ, ਲੋਕਾਂ ਦੀਆਂ ਗੱਲਾਂ ਵਿੱਚ ਲੜਾਈ ਦਾ ਜ਼ਿਕਰ ਘੱਟ ਹੀ ਹੁੰਦਾ ਹਾਲਾਂਕਿ ਟੈਲੀਵਿਜ਼ਨ ਤੇ ਆਪਣੇ ਮੋਬਾਈਲ ਫੋਨਾਂ ’ਤੇ ਇਸ ਮੁਤੱਲਕ ਲਗਾਤਾਰ ਜਾਣਕਾਰੀ ਲੈਂਦੇ ਰਹਿੰਦੇ। 10 ਮਈ ਜਿਸ ਦਿਨ ਅਮਰੀਕਾ ਅਤੇ ਉਸ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵੱਲੋਂ ਗੋਲੀਬੰਦੀ ਦਾ ਐਲਾਨ ਕੀਤਾ ਗਿਆ, ਤੋਂ ਅਗਲੇ ਦਿਨ ਸੂਬੇ ਦੇ ਕੁਝ ਛੋਟੇ ਅਖ਼ਬਾਰਾਂ ਵਿੱਚ ਮੁੱਖ ਸੁਰਖ਼ੀ ਮੁੱਖ ਮੰਤਰੀ ਵੱਲੋਂ ਸੂਬੇ ਦੀਆਂ ਸਕੂਲ ਪ੍ਰੀਖਿਆਵਾਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਬਾਰੇ ਸੀ। ਦੂਜੀ ਸੁਰਖ਼ੀ ਬਾਲ ਮੌਤ ਦਰ ਵਿੱਚ ਸੁਧਾਰ ਬਾਰੇ ਰਿਪੋਰਟ ਦੀ ਸੀ ਜਿਸ ਵਿੱਚ ਮਿਜ਼ੋਰਮ ਸਿੱਕਮ ਅਤੇ ਮਨੀਪੁਰ ਦੇ ਨਾਲ ਭਾਰਤ ਵਿੱਚ ਅੱਗੇ ਗਿਣਿਆ ਜਾਂਦਾ ਸੀ।
ਆਇਜ਼ੌਲ ਤੋਂ ਪ੍ਰਕਾਸ਼ਤ ਹੋਣ ਵਾਲੇ ਚਾਰ ਸਫਿਆਂ ਦੇ ਅੰਗਰੇਜ਼ੀ ਅਖ਼ਬਾਰ ‘ਨਿਊਜ਼ਲਿੰਕ’ ਦੀ ਕੀਮਤ ਪੰਜ ਰੁਪਏ ਹੈ। ਇਸ ਦੀ ਸੁਰਖ਼ੀ ਅਫਰੀਕਨ ਸਵਾਈਨ ਫਲੂ (ਏਐੱਸਐੱਫ) ਫੈਲਣ ਬਾਰੇ ਸੀ ਜਿਸ ਕਰ ਕੇ ਦਾਅਵਾ ਕੀਤਾ ਗਿਆ ਕਿ ਰਾਜ ਵਿੱਚ ਸੂਰਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਇਹ 3800 ਤੋਂ ਵੱਧ ਹੋ ਚੁੱਕੀਆਂ ਹਨ। ਮਿਜ਼ੋਰਮ ਵਿੱਚ ਸੂਰ ਦਾ ਮੀਟ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਭਾਰਤ-ਪਾਕਿਸਤਾਨ ਲੜਾਈ ਦੀ ਖ਼ਬਰ ਤੀਜੇ ਪੰਨੇ ’ਤੇ ਲੰਡਨ ਡੇਟਲਾਈਨ ਤੋਂ ਛਾਪੀ ਗਈ ਜਿਸ ਵਿੱਚ ਇਸ ਨੂੰ ਦੋਵਾਂ ਮੁਲਕਾਂ ਵਿਚਕਾਰ ਪਹਿਲੀ ਡਰੋਨ ਲੜਾਈ ਕਰਾਰ ਦਿੱਤਾ ਗਿਆ। ਰਾਜ ਸਰਕਾਰ ਵੱਲੋਂ ਚਰਚ ਦੇ ਡਟਵੇਂ ਵਿਰੋਧ ਦੇ ਬਾਵਜੂਦ ਸ਼ਰਾਬਬੰਦੀ ਐਕਟ ਵਿੱਚ ਸੋਧ, ਜਿਸ ਤਹਿਤ ਸੂਬੇ ਵਿੱਚ ਤਿਆਰ ਕੀਤੀ ਜਾਣ ਵਾਲੀ ਫਰੂਟ ਬੀਅਰ ਅਤੇ ਫਰੂਟ ਵਾਈਨ ਨੂੰ ਖੁੱਲ੍ਹ ਦਿੱਤੀ ਗਈ ਹੈ, ਬਾਰੇ ਲੇਖ ਵੀ ਛਪੇ। ਇੱਕ ਉੱਘੇ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ 2018 ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਸ਼ਰਾਬਬੰਦੀ ਮੁੜ ਲਾਗੂ ਕਰਨ ਤੋਂ ਲੈ ਕੇ ਹੁਣ ਤੱਕ ਸੂਬੇ ਨੂੰ ਸਾਲਾਨਾ 60-70 ਕਰੋੜ ਰੁਪਏ ਦੇ ਆਬਕਾਰੀ ਟੈਕਸ ਦਾ ਘਾਟਾ ਪਿਆ ਹੈ। ਹੋਰਨਾਂ ਸੂਬਿਆਂ ਦੇ ਮੁਕਾਬਲੇ ਇਹ ਛੋਟੀ ਰਕਮ ਹੋ ਸਕਦੀ ਹੈ ਪਰ ਭਾਰਤ ਦੇ ਕੋਨੇ ’ਤੇ ਵਸਦੇ ਇਸ ਸੂਬੇ ਲਈ ਇਹ ਅਹਿਮ ਹੈ ਜਿੱਥੇ ਜੀਐੱਸਟੀ ਵਸੂਲੀ ਨੂੰ ਛੱਡ ਕੇ ਮਾਲੀਏ ਦੇ ਨਾ-ਮਾਤਰ ਸਰੋਤ ਹਨ; ਇਸ ਨੂੰ ਗੁਜ਼ਰ ਬਸਰ ਲਈ ਕੇਂਦਰੀ ਰਿਆਇਤਾਂ, ਬੈਂਕ ਕਰਜ਼ਿਆਂ ਅਤੇ ਪੂੰਜੀ ਬਾਜ਼ਾਰ ਦੇ ਉਧਾਰ ’ਤੇ ਨਿਰਭਰ ਰਹਿਣਾ ਪੈਂਦਾ ਹੈ।
ਇੱਥੇ ਪੜ੍ਹੇ ਜਾਂਦੇ ਇੱਕ ਮਹਾਨਗਰੀ ਅਖ਼ਬਾਰ ਨੇ ਇੱਕ ਮਿਜ਼ੋ ਔਰਤ ਨਾਲ ਇੰਟਰਵਿਊ ਛਾਪੀ ਜਿਸ ਦੀ ਪਛਾਣ ਰੋਹਲੂਪੁਈ ਵਜੋਂ ਕਰਵਾਈ ਗਈ। ਉਸ ਨੇ ਆਪਣੇ ਪੁੱਤਰ ਦੀ ਸਲਾਮਤੀ ਦੀ ਚਿੰਤਾ ਜ਼ਾਹਿਰ ਕੀਤੀ ਹੈ ਜੋ ਆਰਟਿਲਰੀ ਯੂਨਿਟ ਵਿੱਚ ਤਾਇਨਾਤ ਹੈ। ਉਸ ਦਾ ਇਹ ਕਥਨ ਪ੍ਰਕਾਸ਼ਤ ਕੀਤਾ ਗਿਆ ਕਿ ਉਸ ਦੀ ਪ੍ਰਾਰਥਨਾ ਹੈ- ‘ਪ੍ਰਭੂ ਉਸ ਨੂੰ ਰਾਹ ਦਿਖਾਵੇਗਾ ਅਤੇ ਉਸ ਦੀ ਰੱਖਿਆ ਕਰੇਗਾ।’ ਇੱਕ ਹੋਰ ਅਖ਼ਬਾਰੀ ਰਿਪੋਰਟ ਵਿੱਚ ਮਨੀਪੁਰ ਦੇ ਦੀਪਕ ਚਿੰਗਾਖਾਮ ਦੀ ਮੌਤ ਦਾ ਜ਼ਿਕਰ ਹੈ ਜੋ ਜੰਮੂ ਖੇਤਰ ਵਿੱਚ ਬੀਐੱਸਐੱਫ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਤੇ ਡਰੋਨ ਹਮਲੇ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਦੇਹ ਇੰਫਾਲ ਲਿਆਉਣ ਮੌਕੇ ਮਾਹੌਲ ਬਹੁਤ ਭਾਵੁਕ ਸੀ ਜਿੱਥੇ ਸੈਂਕੜੇ ਲੋਕ ਉਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਮਨੀਪੁਰ ਵਿੱਚ ਪਿਛਲੇ ਦੋ ਸਾਲਾਂ ਤੋਂ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਵਿਚਕਾਰ ਖਾਨਾਜੰਗੀ ਦੀ ਗੂੰਜ ਪੈਂਦੀ ਰਹੀ ਹੈ।
ਆਇਜ਼ੌਲ ’ਚ ਟੀਵੀ ’ਤੇ ਜੰਗ ਨਹੀਂ ਲੜੀ ਜਾ ਰਹੀ, ਜਾਂ ਉੱਥੇ ਚੀਕਾਂ ਮਾਰਦੇ ਐਂਕਰਾਂ ਜਾਂ ਜੰਗੀ ਹਾਲਾਤ ਜਾਂ ਰਣਨੀਤੀਆਂ ਨੂੰ ਵਾਰ-ਵਾਰ ਲਾਈਵ ਟੀਵੀ ’ਤੇ ਨਹੀਂ ਚਲਾਇਆ ਜਾ ਰਿਹਾ ਹੈ। ਖ਼ਬਰਾਂ ਨੂੰ ਉਨ੍ਹਾਂ ਪ੍ਰਾਈਵੇਟ ਮਿਜ਼ੋ ਭਾਸ਼ਾਈ ਚੈਨਲਾਂ ’ਤੇ ਹਕੀਕੀ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਜ਼ਿਆਦਾਤਰ ਮਿਜ਼ੋ ਲੋਕ ਲਾ ਕੇ ਰੱਖਦੇ ਹਨ। ਸਥਾਨਕ ਦੂਰਦਰਸ਼ਨ ਚੈਨਲ ਨੇ ਸੇਵਾਮੁਕਤ ਸੈਨਾ ਅਧਿਕਾਰੀਆਂ ਨਾਲ ਸਟੂਡੀਓ ’ਚ ਚਰਚਾ ਕੀਤੀ। ਪ੍ਰੋਫੈਸਰ ਵਨਲਾਲ ਛਾਵਨਾ ਜੋ ਮਿਜ਼ੋਰਮ ਕੇਂਦਰੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਪੜ੍ਹਾਉਂਦੇ ਹਨ, ਨੇ ਦੱਸਿਆ, “ਇੱਥੇ ਉਦੋਂ ਤੱਕ ਮੁਕਾਮੀ ਮੁੱਦੇ ਹੀ ਭਾਰੂ ਰਹਿੰਦੇ ਹਨ, ਜਦੋਂ ਤੱਕ ਕੋਈ ਅਜਿਹਾ ਸੂਬਾਈ ਜਾਂ ਖੇਤਰੀ ਜਾਂ ਕੌਮੀ ਮੁੱਦਾ ਨਹੀਂ ਉੱਭਰਦਾ ਜਿਹੜਾ ਲੋਕਾਂ ਨੂੰ ਭਾਵਨਾਤਮਕ ਤੌਰ ’ਤੇ ਨਾਲ ਜੋੜਦਾ ਹੋਵੇ।”
ਮਿਜ਼ੋਰਮ ’ਚ ਵੱਡੀ ਗਿਣਤੀ ਮੌਜੂਦਾ ਤੇ ਸੇਵਾਮੁਕਤ ਸੈਨਿਕਾਂ ਦੀ ਹੈ। ਇਹ ਹੈਰਾਨ ਕਰਨ ਵਾਲਾ ਤੱਥ ਹੈ। ਮਿਜ਼ੋਰਮ 20 ਸਾਲ ਭਾਰਤ ਵਿਰੁੱਧ ਤਾਕਤਵਰ ਵਿਦਰੋਹ ਕਾਰਨ ਉਥਲ-ਪੁਥਲ ਦਾ ਸ਼ਿਕਾਰ ਰਿਹਾ ਹੈ, ਜਦੋਂ ਤੱਕ 1986 ਵਿੱਚ ਸ਼ਾਂਤੀ ਸਮਝੌਤੇ ਨੇ ਹਿੰਸਾ ਦਾ ਖਾਤਮਾ ਨਹੀਂ ਕੀਤਾ। ਆਪਣੀ ਤਰ੍ਹਾਂ ਦੀ ਪਹਿਲੀ ਉਦਾਹਰਨ ਦੇ ਤੌਰ ’ਤੇ, ਮਿਜ਼ੋ ਨੈਸ਼ਨਲ ਫਰੰਟ ਦੇ ਆਗੂ ਲਾਲਡੇਂਗਾ ਨੇ ਅਹੁਦਾ ਸੰਭਾਲਿਆ ਸੀ। ਉਸ ਦਾ ਡਿਪਟੀ ਲਾਲਥਨ੍ਹਵਾਲਾ ਸੀ ਜੋ ਸਮਝੌਤਾ ਹੋਣ ਤੱਕ, ਕਾਂਗਰਸ ਦਾ ਮੁੱਖ ਮੰਤਰੀ ਰਿਹਾ ਸੀ। ਲਾਲਡੇਂਗਾ ਮਗਰੋਂ ਅੰਦੂਰਨੀ ਵਿਰੋਧ ਕਰ ਕੇ ਤਾਕਤ ਗੁਆ ਬੈਠਾ, ਉਸ ਦੀ ਪਾਰਟੀ ਟੁੱਟ ਗਈ ਤੇ ਲਾਲਥਨ੍ਹਵਾਲਾ ਨੇ ਕਈ ਕਾਰਜਕਾਲਾਂ ਲਈ ਰਾਜ ਦੀ ਅਗਵਾਈ ਕੀਤੀ। ਇਹ ਵੱਖਰੀ ਕਹਾਣੀ ਹੈ, ਪਰ ਮਿਜ਼ੋਆਂ ਦੀ ਦ੍ਰਿੜ੍ਹਤਾ ਬਾਰੇ ਦੱਸਦੀ ਹੈ। ਹੁਣ ਉੱਥੇ 39 ਸਾਲ ਤੋਂ ਸ਼ਾਂਤੀ ਹੈ।
ਬਗਾਵਤ ਦੇ ਉਸ ਦੌਰ ’ਚ ਮਿਜ਼ੋਆਂ ਦਾ ਬਹੁਤ ਨੁਕਸਾਨ ਹੋਇਆ, ਜਿਸ ’ਚ ਹਵਾਈ ਹਮਲੇ ਹੋਏ। ਲੋਕ ਉੱਜੜ ਗਏ, ਰੁਜ਼ਗਾਰ ਖੁੱਸ ਗਿਆ ਤੇ ਖੂਨ-ਖ਼ਰਾਬਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਅਗਸਤ 2023 ਨੂੰ ਸੰਸਦ ’ਚ ਇਸ ਦਾ ਚੁਭਵਾਂ ਹਵਾਲਾ ਦਿੱਤਾ: “ਪੰਜ ਮਾਰਚ 1966 ਨੂੰ ਕਾਂਗਰਸ ਨੇ ਆਪਣੀ ਹਵਾਈ ਸੈਨਾ ਨਾਲ ਮਿਜ਼ੋਰਮ ਦੇ ਲਾਚਾਰ ਵਾਸੀਆਂ ’ਤੇ ਹਮਲਾ ਕਰਵਾਇਆ। ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਇਹ ਕਿਸੇ ਦੂਜੇ ਦੇਸ਼ ਦੀ ਏਅਰ ਫੋਰਸ ਸੀ। ਕੀ ਮਿਜ਼ੋਰਮ ਦੇ ਲੋਕ ਮੇਰੇ ਦੇਸ਼ ਦੇ ਨਾਗਰਿਕ ਨਹੀਂ? ਕੀ ਉਨ੍ਹਾਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਨਹੀਂ?”
ਉੱਤਰ-ਪੱਛਮ ’ਚ, ਕੇਂਦਰ ਸ਼ਾਸਿਤ ਖੇਤਰ ਜੰਮੂ ਕਸ਼ਮੀਰ ਦੀਆਂ ਚੁਣੌਤੀਆਂ ਦੀ ਇੱਥੇ ਹੀ ਸਮਝ ਆਉਂਦੀ ਹੈ। ਉੱਘੇ ਉੱਦਮੀ ਲਾਲਵਨਰੂਆਟਾ ਰਾਲਟੇ ਨੇ ਕਿਹਾ ਕਿ ਇਸ ਨੂੰ “ਮਿਜ਼ੋਰਮ ਦੇ ਟਕਰਾਅ ਤੇ ਉਜਾੜੇ ਨਾਲ ਸੂਬੇ ਦੇ ਤਜਰਬਿਆਂ ਅਤੇ ਸਰਹੱਦ ਪਾਰ ਮੁੱਦਿਆਂ ਵਾਲੀਆਂ ਮਾਨਵੀ ਚੁਣੌਤੀਆਂ ਨੇ ਮਜ਼ਬੂਤ ਆਧਾਰ ਦਿੱਤਾ।” ਸਰਕਾਰ ਦੇ ਸਾਬਕਾ ਤਰਜਮਾਨ ਤੇ ਉੱਘੇ ਫੋਟੋਗ੍ਰਾਫਰ ਰੁਆਟਲਿਆਨਾ ਸਾਇਲੋ ਨੇ ਕਿਹਾ ਕਿ ਦੁਆਵਾਂ ਦੀ ਪ੍ਰਕਿਰਿਆ “ਮਿਜ਼ੋਆਂ ਨੂੰ ਬਾਕੀ ਮੁਲਕ ਦੇ ਨੇੜੇ ਲੈ ਕੇ ਆਈ।” ਨੌਜਵਾਨ ਅਕਾਦਮੀਸ਼ੀਅਨ ਡੇਵਿਡ ਲਾਲਰਿੰਛਨਾ ਨੇ ਕਿਹਾ ਕਿ ਜਦੋਂ ਵੀ ਭਾਰਤ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ, “ਅਸੀਂ ਮਿਜ਼ੋਆਂ ਨੇ ਮਾਣ ਨਾਲ ਆਪਣੇ ਦੇਸ਼ ਦਾ ਸਮਰਥਨ ਕੀਤਾ ਤੇ ਇਸ ਦੀ ਤਾਕਤ ਅਤੇ ਕਦਰਾਂ-ਕੀਮਤਾਂ ’ਚ ਵਿਸ਼ਵਾਸ ਰੱਖਿਆ।” ਉਸ ਨੇ ਨਾਲ ਹੀ ਕਿਹਾ, “ਨਫ਼ਰਤ, ਪੱਖਪਾਤ ਤੇ ਟਕਰਾਅ ਨਾਲੋਂ ਸਦਭਾਵਨਾ, ਸ਼ਾਂਤੀ ਤੇ ਸਮਾਨਤਾ ਨੂੰ ਪਹਿਲ ਦੇਣੀ ਅਹਿਮ ਸੀ।”
ਅਜਿਹੀਆਂ ਘਟਨਾਵਾਂ ਸ਼ਾਇਦ ਯਾਦਾਂ ’ਚੋਂ ਮਿਟ ਰਹੀਆਂ ਹਨ ਕਿਉਂਕਿ ਉਹ ਪੀੜ੍ਹੀ ਜਿਹੜੀ ਲੜਦੀ ਰਹੀ, ਕਸ਼ਟ ਝੱਲਿਆ ਤੇ ਉਸ ਟਕਰਾਅ ਦੀ ਗਵਾਹ ਬਣੀ, ਹੁਣ ਖ਼ਤਮ ਹੋ ਰਹੀ ਹੈ। ਫਿਰ ਵੀ ਹੌਲੀ-ਹੌਲੀ ਫਿੱਕੀਆਂ ਪੈਂਦੀਆਂ ਯਾਦਾਂ ਇੰਨੀਆਂ ਤਾਕਤਵਰ ਹਨ ਕਿ ਕਈ ਨਾਵਲਾਂ, ਇਤਿਹਾਸਕ ਤੇ ਰਾਜਨੀਤਕ ਵਿਰਾਸਤਾਂ ਤੇ ਫਿਲਮਾਂ (ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ’ਤੇ ਬਣੀ ਫਿਲਮ ਸੈਮ ਵਿਚਲੀ ਇੱਕ ਘਟਨਾ ਸ਼ਾਮਿਲ ਕਰ ਕੇ) ਦੀ ਪ੍ਰੇਰਨਾ ਬਣ ਸਕਦੀਆਂ ਹਨ। ਇਨ੍ਹਾਂ ਨੇ ਮਿਜ਼ੋ ਭਾਸ਼ਾ ’ਚ ਲੇਖਣੀ ਦੀ ਇੱਕ ਵੰਨਗੀ ਨੂੰ ਪ੍ਰੇਰਿਆ ਹੈ ਜਿਸ ਨੂੰ ਰਾਮਬੁਆਈ ਸਾਹਿਤ ਜਾਂ ਔਖਿਆਈ ਦੇ ਸਮਿਆਂ ਦਾ ਸਾਹਿਤ ਕਿਹਾ ਜਾਂਦਾ ਹੈ। ਮਿਜ਼ੋਰਮ ਨੂੰ ਭਾਵੇਂ ਦੇਸ਼ ਦਾ ਸਭ ਤੋਂ ਸ਼ਾਂਤੀਪੂਰਨ ਰਾਜ ਕਿਹਾ ਜਾਂਦਾ ਹੈ, ਪਰ ਮਿਆਂਮਾਰ ਨਾਲ ਲੱਗਦੀ ਇਸ ਦੀ ਹੱਦ ਬਹੁਤ ਚੁਣੌਤੀਪੂਰਨ ਹੈ - ਉਹ ਦੇਸ਼ ਜਿੱਥੇ ਖਾਨਾਜੰਗੀ ਭਾਰੂ ਹੈ ਤੇ ਖਿੰਡੀਆਂ ਹੋਈਆਂ ਤਾਕਤਵਰ ਬਾਗ਼ੀ ਫ਼ੌਜਾਂ ਸੱਤਾ ਲਈ ਇੱਕ-ਦੂਜੇ ਨਾਲ ਅਤੇ ਸੈਨਿਕ ਜੁੰਟਾ ਸ਼ਾਸਨ ਨਾਲ ਲੜ ਰਹੀਆਂ ਹਨ। ਉਸ ਗੜਬੜ ਦੀ ਤਿੱਖੀ ਅਸਲੀਅਤ ਹਿੰਸਾ ਤੋਂ ਭੱਜ ਰਹੇ ਸ਼ਰਨਾਰਥੀਆਂ ਦੇ ਰੂਪ ’ਚ ਸਾਹਮਣੇ ਆ ਰਹੀ ਹੈ ਤੇ ਛਿੱਦੀ ਸਰਹੱਦ ਕਾਰਨ ਗ਼ੈਰ-ਕਾਨੂੰਨੀ ਹਥਿਆਰਾਂ, ਨਸ਼ਿਆਂ ਤੇ ਜੰਗਲੀ ਜੀਵਾਂ ਦਾ ਕਾਰੋਬਾਰ ਵੀ ਫੈਲ ਰਿਹਾ ਹੈ। ਇਸ ਦਾ ਅਸਰ ਨਸ਼ਾਖੋਰੀ ਦੀ ਵਧਦੀ ਅਲਾਮਤ ਦੇ ਰੂਪ ’ਚ ਉੱਭਰ ਰਿਹਾ ਹੈ।

Advertisement
Advertisement

Advertisement
Author Image

Jasvir Samar

View all posts

Advertisement