For the best experience, open
https://m.punjabitribuneonline.com
on your mobile browser.
Advertisement

ਮਾਵਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਮੀਟਿੰਗ

04:09 AM May 14, 2025 IST
ਮਾਵਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਮੀਟਿੰਗ
Advertisement

ਸਤਨਾਮ ਸਿੰਘ ਢਾਅ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਈ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਜਨਰਲ ਸਕੱਤਰ ਦੀ ਜ਼ਿੰਮੇਵਾਰੀ ਜਗਦੇਵ ਸਿੰਘ ਸਿੱਧੂ ਨੇ ਨਿਭਾਉਂਦਿਆਂ ਵਿੱਛੜੀਆਂ ਸ਼ਖ਼ਸੀਅਤਾਂ ਸ਼ਾਇਰ ਕੇਸਰ ਸਿੰਘ ਨੀਰ, ਨਦੀਮ ਪਰਮਾਰ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸੁਖਮੰਦਰ ਸਿੰਘ ਗਿੱਲ ਨੇ ਆਪਣੀ ਲਿਖੀ ਕਵਿਤਾ ‘ਨੀਂ ਹਵਾਏ ਲੈ ਕੇ ਜਾਵੀਂ ਸਾਡੇ ਪਿਆਰ ਦਾ ਪੈਗ਼ਾਮ’ ਹਾਰਮੋਨੀਅਮ ਦੀਆਂ ਸੁਰਾਂ ਨਾਲ ਸੁਣਾ ਕੇ ਕੀਤੀ। ਬੀਬੀ ਰਾਵਿੰਦਰ ਕੌਰ ਨੇ ਵਿਚਾਰ ਬੜੇ ਨਿਵੇਕਲੇ ਢੰਗ ਨਾਲ ਸਾਂਝੇ ਕਰਦਿਆਂ ਮਾਂ, ਧਰਤੀ ਅਤੇ ਮਾਂ ਬੋਲੀ ਦੀ ਗੱਲ ਕੀਤੀ। ਡਾ. ਮਨਮੋਹਨ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਬਹੁਤ ਹੀ ਭਾਵੁਕ ਕਰਨ ਵਾਲੀ ਕਵਿਤਾ ‘ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ’ ਸੁਣਾ ਕੇ ਹਾਜ਼ਰੀ ਲਗਵਾਈ। ਜੀਰ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।
ਜਸਵੰਤ ਸਿੰਘ ਸੇਖੋਂ ਨੇ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰ ਦਾਸ ਜੀ ਦੇ ਗੁਰੂ ਬਣਨ ਦਾ ਇਤਿਹਾਸ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤਾ। ਅਵਤਾਰ ਸਿੰਘ (ਤਾਰ) ਬਰਾੜ ਨੇ ਆਪਣੀਆਂ ਲਿਖੀਆਂ ਕਵਿਤਾ ‘ਜੇਕਰ ਮੇਰੀ ਮਾਂ ਨਾ ਹੁੰਦੀ ਤੇ ਮੇਰੀ ਕੋਈ ਥਾਂ ਨਾ ਹੁੰਦੀ’ ਸੁਣਾਈ। ਬਲਜਿੰਦਰ ਕੌਰ (ਸੋਨੀ) ਮਾਂਗਟ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਦੀਪ ਬਰਾੜ ਨੇ ਮਾਂ ਬਾਰੇ ਬਹੁਤ ਹੀ ਪਿਆਰੀ ਕਵਿਤਾ ‘ਜਦ ਜੱਗ ਤੋਂ ਤੁਰ ਗਈ ਮਾਂ, ਟੋਲਦਾ ਰਹਿ ਜਾਏਂਗਾ’ ਹਾਰਮੋਨੀਅਮ ਨਾਲ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ। ਸੰਗੀਤਕ ਸੁਰਾਂ ਦੇ ਮਾਹਰ ਡਾ. ਜੋਗਾ ਸਿੰਘ ਨੇ ‘ਉੱਚੀ ਜੱਗ ਤੋਂ ਨਿਆਰੀ ਪਿਆਰੀ ਮਾਂ’ ਕਵਿਤਾ ਨਾਲ ਸੁਰ ਤੇ ਸੰਗੀਤ ਦਾ ਸੁਮੇਲ ਪੇਸ਼ ਕੀਤਾ।
ਸਤਨਾਮ ਸਿੰਘ ਨੇ ਕਰਨੈਲ ਸਿੰਘ ਪਾਰਸ ਦੀ ਮਕਬੂਲ ਕਵਿਤਾ ‘ਮਾਵਾਂ ਠੰਢੀਆਂ ਛਾਵਾਂ’ ਕਵੀਸ਼ਰੀ ਰੰਗ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਡਾ. ਹਰਮਿੰਦਰਪਾਲ ਸਿੰਘ ਨੇ ਗੁਰਦਾਸ ਮਾਨ ਦਾ ਗਾਇਆ ਛੱਲਾ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਤਰਲੋਕ ਚੁੱਘ ਨੇ ‘ਮਾਂ ਸਭ ਜਾਣਦੀ ਹੈ’ ਵਿਅੰਗ ਰਾਹੀਂ ਚੋਭਾਂ ਚੋਭਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿੱਚ ਰਹਿੰਦਿਆਂ ਮਜ਼ਦੂਰ ਯੂਨੀਅਨ ਨਾਲ ਕੰਮ ਕਰਦਿਆਂ ਦੇ ਆਪਣੇ ਅਨੁਭਵ ਸਾਂਝੇ ਕੀਤੇ। ਦੀਪਕ ਜੈਤੋਈ ਸੰਸਥਾ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਤੇ ਲਾਲ ਝੰਡੇ ਦੇ ਇਤਿਹਾਸ ਦੀ ਦਾਸਤਾਨ ਸਾਂਝੀ ਕਰਦਿਆਂ ਵਿੱਦਿਆ ਦਾ ਮਹੱਤਵ ਬਿਆਨ ਕਰਦੀ ਕਵਿਤਾ ਪੇਸ਼ ਕੀਤੀ।
ਸੁਖਵਿੰਦਰ ਸਿੰਘ ਤੂਰ ਨੇ ਸ਼ਾਇਰ ਕੇਸਰ ਸਿੰਘ ਨੀਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਗ਼ਜ਼ਲ ‘ਗੈਰਾਂ ਆਣ ਪਲੀਤਾ ਲਾਇਆ’ ਸੁਣਾਈ। ਸਟੇਜ ਦੀਆਂ ਸੇਵਾਵਾਂ ਜਗਦੇਵ ਸਿੰਘ ਨੇ ਬਾਖੂਬੀ ਨਿਭਾਉਂਦਿਆਂ ਮਾਂ ਦਿਵਸ, ਮਜ਼ਦੂਰ ਦਿਵਸ ਬਾਰੇ ਕਾਰਲ ਮਾਰਕਸ ਦੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਗੁਮਦੂਰ ਸਿੰਘ ਵਿਰਕ, ਸੁਬਾ ਸ਼ੇਖ, ਚਰਨਜੀਤ ਕੌਰ ਸਿੱਧੂ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ।

Advertisement

Advertisement
Advertisement
Advertisement
Author Image

Balwinder Kaur

View all posts

Advertisement