ਮਾਲ ਅਧਿਕਾਰੀਆਂ ’ਤੇ ਨਾਜਾਇਜ਼ ਕਾਬਜ਼ਕਾਰਾਂ ਦੇ ਪੱਖ ਵਿੱਚ ਭੁਗਤਣ ਦੇ ਦੋਸ਼
ਪੱਤਰ ਪ੍ਰੇਰਕ
ਮੁਕੇਰੀਆਂ, 27 ਜੂਨ
ਇੱਥੋਂ ਨੇੜਲੇ ਪਿੰਡ ਛੰਨੀ ਨੰਦ ਸਿੰਘ ਦੇ ਇੱਕ ਵਸਨੀਕ ਨੇ ਮਾਲ ਵਿਭਾਗ ਦੇ ਕਾਨੂੰਗੋ ਅਤੇ ਪਟਵਾਰੀ ਉੱਤੇ ਗਲਤ ਨਿਸ਼ਾਨਦੇਹੀ ਕਰਕੇ ਰਿਪੋਰਟ ਭੇਜਣ ਖਿਲਾਫ਼ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਧਰ ਕਾਨੂੰਗੋ ਤੇ ਪਟਵਾਰੀ ਨੇ ਦੋਸ਼ਾਂ ਨੂੰ ਨਕਾਰਿਆ ਹੈ।
ਛੰਨੀ ਨੰਦ ਸਿੰਘ ਦੇ ਵਸਨੀਕ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਹਾਈਕੋਰਟ ਵਿੱਚ ਕੇਸ ਕੀਤਾ ਸੀ ਅਤੇ ਅਦਾਲਤ ਨੇ ਪੰਚਾਇਤੀ ਡਾਇਰੈਕਟਰ ਅਤੇ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਕਰਕੇ ਰਿਪੋਰਟ ਸੌਂਪਣ ਲਈ ਆਖਿਆ ਸੀ ਪਰ ਮਾਲ ਵਿਭਾਗ ਨੇ ਅਸਲ ਤੱਥਾਂ, ਫਰਦ ਤੇ ਮਾਲ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਕਬਜ਼ਾਧਾਰੀ ਵਿਰੋਧੀ ਪਾਰਟੀਆਂ ਪੱਖੀ ਹੀ ਨਿਸ਼ਾਨਦੇਹੀ ਰਿਪੋਰਟ ਬਣਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੀ ਫਰਦ ਅਨੁਸਾਰ ਖਸਰਾ ਨੰਬਰ 26 ਦੀ ਪੰਚਾਇਤ ਦੇਹ 13 ਮਰਲੇ ਜ਼ਮੀਨ ’ਤੇ ਸ਼ਮਸ਼ਾਨਘਾਟ ਉਸਰਿਆ ਹੋਇਆ ਹੈ ਪਰ ਕਾਨੂੰਗੋ ਮਨਜੀਤ ਸਿੰਘ ਅਤੇ ਪਟਵਾਰੀ ਚਰਨਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਇਹ ਸ਼ਮਸ਼ਾਟਘਾਨ ਖਸਰਾ ਨੰਬਰ 52 ਵਿੱਚ ਦਿਖਾਇਆ ਹੈ। ਕਾਨੂੰਗੋ ਤੇ ਪਟਵਾਰੀ ਨੇ ਖਸਰਾ ਨੰਬਰ 52 ਵਿੱਚ ਸ਼ਮਸ਼ਾਨਘਾਟ ਹੋਣ ਦਾ ਦਾਅਵਾ ਕਿਸੇ ਨਿਸ਼ਾਨਦੇਹੀ ਦੀ ਥਾਂ ਕਾਬਜ਼ ਧਿਰਾਂ ਦੇ ਤਸਦੀਕ ਕਰਨ ਨਾਲ ਕੀਤਾ ਹੈ। ਜਦੋਂ ਕਿ ਹਕੀਕਤ ਵਿੱਚ ਖਸਰਾ ਨੰਬਰ 26 ਵਿੱਚ ਸ਼ਮਸ਼ਾਨਘਾਟ ਹੈ ਅਤੇ ਖਸਰਾ ਨੰਬਰ 52 ਵਿੱਚਲੇ 18 ਮਰਲੇ ਰਕਬੇ ਵਾਲੇ ਗੈਰ ਮੁਮਕਿਨ ਨਾਲੇ ’ਤੇ ਕੁਝ ਲੋਕਾਂ ਦਾ ਨਜਾਇਜ਼ ਕਬਜ਼ਾ ਹੈ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਕਾਨੂੰਗੋ ਤੇ ਪਟਵਾਰੀ ਨੇ ਭ੍ਰਿਸ਼ਟਾਚਾਰ ਕਰਕੇ ਗਲਤ ਰਿਪੋਰਟ ਤਿਆਰ ਕੀਤੀ ਹੈ। ਮਾਲ ਅਧਿਕਾਰੀਆਂ ਨੇ ਉਨ੍ਹਾਂ ਵਲੋਂ ਦਰਸਾਏ ਨਜਾਇਜ਼ ਕਾਬਜ਼ਕਾਰਾਂ ਵਾਲੇ ਸਾਰੇ ਨੰਬਰਾਂ ਦੀ ਪੈਮਾਇਸ਼ ਹੀ ਨਹੀਂ ਕੀਤੀ ਅਤੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤਲੇ ਨਜਾਇਜ਼ ਕਾਬਜ਼ਕਾਰਾਂ ਨੂੰ ਬਚਾਉਣ ਲਈ ਦੂਜੇ ਪਿੰਡ ਦੇ ਨਜਾਇਜ਼ ਕਾਬਜ਼ਕਾਰਾਂ ਦੇ ਨਾਮ ਰਿਪੋਰਟ ਵਿੱਚ ਦਰਜ ਕਰ ਦਿੱਤੇ ਹਨ। ਇਸੇ ਤਰ੍ਹਾਂ ਖਸਰਾ ਨੰਬਰ 100 ਵਿਚੋਂ ਕੁਝ ਲੋਕਾਂ ਵਲੋਂ ਕੀਤੀ ਦਰੱਖਤਾਂ ਦੀ ਨਜਾਇਜ਼ ਕਟਾਈ ਵਾਲੇ ਰਕਬੇ ਦੀ ਮਾਲ ਅਧਿਕਾਰੀਆਂ ਨੇ ਨਿਸ਼ਾਨਦੇਹੀ ਹੀ ਨਹੀਂ ਕੀਤੀ। ਪਿੰਡ ਦੇ ਕੁਲਵੰਤ ਸਿੰਘ ਨੇ ਪੰਚਾਇਤੀ ਅਧਿਕਾਰੀਆਂ ਨੂੰ ਬਿਆਨ ਦਿੱਤਾ ਹੈ ਕਿ ਖਸਰਾ ਨੰਬਰ 19/2 ਪੰਚਾਇਤ ਦੇਹ ਜ਼ਮੀਨ ਹੈ, ਜਿਸ ਵਿੱਚ ਮੌਜੂਦਾ ਪੰਚ ਜਗਦੀਸ਼ ਸਿੰਘ ਅਤੇ ਉਸਦੇ ਪਰਿਵਾਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਤੱਥਾਂ ਦੇ ਆਧਾਰ ’ਤੇ ਰਿਪੋਰਟ ਬਣਾਈ: ਮਾਲ ਅਧਿਕਾਰੀ
ਕਾਨੂੰਗੋ ਮਨਜੀਤ ਸਿੰਘ ਤੇ ਪਟਵਾਰੀ ਚਰਨਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਤੱਥਾਂ ਦੇ ਆਧਾਰ ’ਤੇ ਨਿਸ਼ਾਨਦੇਹੀ ਰਿਪੋਰਟ ਬਣਾਈ ਹੈ ਅਤੇ ਡਿਪਟੀ ਕਮਿਸ਼ਨਰ ਕੋਲ ਵੀ ਆਪਣਾ ਪੱਖ ਪੇਸ਼ ਕਰ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਜਾਣਬੁੱਝ ਕੇ ਨਿਸ਼ਾਨਦੇਹੀ ਮੌਕੇ ਹਾਜ਼ਰ ਨਹੀਂ ਹੋਏ ਅਤੇ ਹੁਣ ਦੂਸ਼ਣਬਾਜ਼ੀ ਕਰ ਰਹੇ ਹਨ।