ਹੁਸ਼ਿਆਰ ਸਿੰਘ ਰਾਣੂਮਾਲੇਰਕੋਟਲਾ, 2 ਫਰਵਰੀਮਾਲੇਰਕੋਟਲਾ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਸ਼ਹਿਰ ਅੰਦਰ ਪਿਛਲੇ ਇੱਕ ਸਾਲ ’ਚ ਕੁੱਤਿਆਂ ਨੇ 2339 ਲੋਕਾਂ ਨੂੰ ਵੱਢਿਆ। ਇਹ ਅੰਕੜਾ ਸਿਰਫ਼ ਸਰਕਾਰੀ ਜ਼ਿਲ੍ਹਾ ਹਸਪਤਾਲ ਦਾ ਹੈ, ਨਿੱਜੀ ਹਸਪਤਾਲਾਂ ਦਾ ਅੰਕੜਾ ਇਸ ਤੋਂ ਵੱਖ ਹੈ। ਪ੍ਰਸ਼ਾਸਨ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਸਿਵਾਏ ਕਾਗ਼ਜ਼ੀ ਕਵਾਇਦ ਤੋਂ ਹੋਰ ਕੋਈ ਠੋਸ ਕਾਰਜ ਯੋਜਨਾ ਨਜ਼ਰ ਨਹੀਂ ਆ ਰਹੀ। ਸਬੰਧਤ ਵਿਭਾਗ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਂਦੇ ਹਨ। ਪਿਛਲੇ ਸਾਲ 4 ਸਤੰਬਰ ਨੂੰ ਸੁਸਾਇਟੀ ਫ਼ਾਰ ਪਰਵੈਨਸ਼ਨ ਆਫ਼ ਕੁਰੂਐਲਟੀ ਟੂ ਐਨੀਮਲਜ਼ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਏਡੀਸੀ ਸੁਖਪ੍ਰੀਤ ਸਿੰਘ ਸਿੱਧੂ ਨੇ ਕਾਰਜਸਾਧਕ ਅਫ਼ਸਰ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਆਵਾਰਾ ਕੁੱਤਿਆਂ ਦੀ ਨਫ਼ਰੀ ਘਟਾਉਣ ਲਈ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਉਲੀਕਣ। ਸ਼ਹਿਰ ਦੀ ਕੋਈ ਸੜਕ ਜਾਂ ਗਲੀ-ਮੁਹੱਲਾ ਅਜਿਹਾ ਨਹੀਂ ਜਿੱਥੇ ਆਵਾਰਾ ਕੁੱਤੇ ਨਜ਼ਰ ਨਾ ਆਉਂਦੇ ਹੋਣ। ਤਾਰਾ ਕਾਨਵੈਂਟ ਸਕੂਲ ਨੇੜੇ ਮੁਰਦੇ ਪਸ਼ੂ ਸੁੱਟੇ ਜਾਣ ਕਰਕੇ ਦਰਜਨਾਂ ਆਵਾਰਾ ਕੁੱਤੇ ਸਕੂਲ ਨੇੜੇ ਘੁੰਮਦੇ ਰਹਿੰਦੇ ਹਨ, ਜੋ ਸੜਕ ’ਤੇ ਲੰਘ ਰਹੇ ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਦੇ ਪਿੱਛੇ ਭੱਜਦੇ ਹਨ। ਸਰਬਜੀਤ ਕਿਲਾ ਨੇ ਦੱਸਿਆ ਕਿ ਉਹ ਆਥਣ ਵੇਲੇ ਕੰਮ ਤੋਂ ਘਰ ਨੂੰ ਆ ਰਿਹਾ ਸੀ ਕਿ ਕੁੱਤੇ ਪਿੱਛੇ ਪੈ ਗਏ ਭੱਜਣ ਦੀ ਕੋਸ਼ਿਸ਼ ’ਚ ਡਿੱਗ ਪਿਆ ਤੇ ਹੱਥ ’ਤੇ ਸੱਟ ਲੱਗੀ। ਜਸਵੀਰ ਕੌਰ ਸੋਢੀ ਨੇ ਦੱਸਿਆ ਕਿ ਉਹ ਸਕੂਟਰੀ ’ਤੇ ਤਾਰਾ ਕਾਨਵੈਂਟ ਸਕੂਲ ’ਚੋਂ ਬੱਚੇ ਨੂੰ ਲੈਣ ਜਾ ਰਹੀ ਸੀ ਤੇ ਕੁੱਤੇ ਪਿੱਛੇ ਲੱਗ ਗਏ। ਹਾਕਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਅਖ਼ਬਾਰ ਵੰਡਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਹਰ ਗਲੀ-ਮੁਹੱਲੇ ’ਚ ਆਵਾਰਾ ਕੁੱਤੇ ਸਾਈਕਲ ਪਿਛੇ ਭੱਜਦੇ ਹਨ, ਜਿਨ੍ਹਾਂ ਤੋਂ ਵੱਢੇ ਜਾਣ ਦਾ ਡਰ ਰਹਿੰਦਾ ਹੈ। ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਅਨੁਸਾਰ ਸ਼ਹਿਰ ਵਿੱਚ ਕਰੀਬ 3600 ਆਵਾਰਾ ਕੁੱਤੇ ਹਨ। ਪਹਿਲੇ ਪੜਾਅ ਦੌਰਾਨ ਕਰੀਬ ਇੱਕ ਹਜ਼ਾਰ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਦੂਜਾ ਪੜਾਅ ਸ਼ੁਰੂ ਕਰਨ ਲਈ ਕੌਂਸਲ ਨੇ ਟੈਂਡਰ ਮੰਗੇ ਸਨ। ਪਹਿਲਾਂ 15 ਜਨਵਰੀ ਨੂੰ ਖੋਲ੍ਹੇ ਟੈਂਡਰਾਂ ’ਚ ਕਿਸੇ ਵੀ ਫ਼ਰਮ ਨੇ ਟੈਂਡਰ ਨਹੀਂ ਭਰਿਆ ਸੀ। ਮੁੜ ਮੰਗੇ ਗਏ ਟੈਂਡਰ 15 ਫਰਵਰੀ ਨੂੰ ਖੁੱਲ੍ਹਣੇ ਹਨ। ਟੈਂਡਰ ਹੋਣ ਉਪਰੰਤ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।