ਮਾਲਵੇ ਵਿੱਚ ਘਟ ਰਹੀ ਪਸ਼ੂ ਧਨ ਦੀ ਗਿਣਤੀ ਚਿੰਤਾ ਦਾ ਵਿਸ਼ਾ
ਮਨੋਜ ਸ਼ਰਮਾ
ਬਠਿੰਡਾ, 16 ਫਰਵਰੀ
ਪੰਜਾਬ ਵਿੱਚ ਪਸ਼ੂ ਧਨ ਦੀ ਘੱਟ ਰਹੀ ਗਿਣਤੀ ਵੱਡੀ ਚਿੰਤਾ ਦਾ ਵਿਸ਼ਾ ਹੈ। ਜੇ ਪੰਜਾਬ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਪਹਿਲਾਂ ਮੱਝਾਂ ਅਤੇ ਦੇਸੀ ਗਾਂਵਾਂ ਦੇ ਪਾਲਣ ਨੂੰ ਪਹਿਲ ਦਿੱਤੀ ਜਾਂਦੀ ਸੀ ਪਰ ਪਸ਼ੂ ਪਾਲਕਾਂ ਨੂੰ ਦੁੱਧ ਦੇ ਰੇਟ ਘੱਟ ਮਿਲਣ ਦੇ ਨਾਲ-ਨਾਲ ਲੰਪੀ ਸਕਿਨ ਬਿਮਾਰੀ ਦੇ ਚੱਲਦਿਆਂ ਮਹਿੰਗੇ ਪਸ਼ੂਆਂ ਦੀਆਂ ਹੋਈਆਂ ਮੌਤਾਂ ਨੇ ਕਿਸਾਨਾਂ ਦੀ ਆਰਥਿਕ ਹਾਲਤ ਕਾਫੀ ਨਾਜ਼ੁਕ ਕਰ ਦਿੱਤੀ ਹੈ, ਜਿਸ ਕਰਕੇ ਛੋਟੇ ਕਿਸਾਨ ਮਹਿੰਗੇ ਭਾਅ ਦੇ ਪਸ਼ੂ ਖਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ। ਇਥੇ ਹੀ ਬੱਸ ਨਹੀਂ ਬੀਤੇ ਵਰ੍ਹੇ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਪਿੰਡ ਰਾਏਕੇ ਕਲਾਂ ਵਿੱਚ ਸੈਂਕੜੇ ਪਸ਼ੂਆਂ ਦੀ ਮੌਤ ਹੋਣ ਨਾਲ ਮਾਲਵਾ ਖੇਤਰ ’ਚ ਹਾਹਾਕਾਰ ਮਚ ਗਈ ਸੀ।
ਮਾਲਵਾ ਖੇਤਰ ਵਿੱਚ ਪਹਿਲਾਂ ਲਗਪਗ ਹਰ ਦੂਜੇ ਘਰ ਵਿੱਚ ਪਸ਼ੂ ਹੁੰਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦੇਸੀ ਗਾਂਵਾਂ ਤਾਂ ਪਹਿਲਾਂ ਹੀ ਲਗਪਗ ਲੁਪਤ ਹੋ ਚੁੱਕੀਆਂ ਹਨ ਅਤੇ ਹੁਣ ‘ਬਲੈਕ ਗੋਲਡ’ (ਮੁਰਾਹੀ ਮੱਝ) ਵੀ ਖਤਰੇ ’ਚ ਪੈ ਗਈ ਹੈ। ਇੱਕਲੀਆਂ ਮੱਝਾਂ ਬਾਰੇ 2012 ਵਿੱਚ ਕੀਤੇ ਸਰਵੇਖਣ ਦੇ ਅੰਕੜੇ ’ਤੇ ਝਾਤ ਮਾਰੀ ਜਾਵੇ ਤਾਂ 2012 ਵਿਚ ਮੱਝਾਂ ਦੀ ਗਿਣਤੀ 51 ਲੱਖ 59 ਹਜ਼ਾਰ ਸੀ, ਜੋ 2019 ਵਿੱਚ ਘਟ ਕਿ 40 ਲੱਖ 15 ਹਜ਼ਾਰ ਰਹਿ ਗਈ। ਪਿਛਲੇ ਸਰਵੇਖਣ ਦੇ ਮੁਕਾਬਲੇ ਇਹ 22.2 ਫੀਸਦ ਘਟ ਰਹੀ। 2025 ਵਰ੍ਹੇ ਵਿੱਚ ਵੀ ਸਰਵੇਖਣ ਸ਼ੁਰੂ ਹੋ ਚੁੱਕਾ ਹੈ। ਇਸ ਬਾਰੇ ਵੈਟਰਨਰੀ ਵਿਭਾਗ ਬਠਿੰਡਾ ਦੇ ਡਾਕਟਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਪਸ਼ੂਆਂ ਦੀ ਗਿਣਤੀ ਹੋਰ ਘਟੇਗੀ।
ਨੌਜਵਾਨ ਪੀੜ੍ਹੀ ਪਸ਼ੂ ਪਾਲਣ ਦੇ ਕਿੱਤੇ ਤੋਂ ਮੂੰਹ ਮੋੜਨ ਲੱਗੀ
ਕਿਸਾਨੀ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਪਸ਼ੂ ਪਾਲਣ ਹਮੇਸ਼ਾ ਆਰਥਿਕ ਮਜ਼ਬੂਤੀ ਦਾ ਮੁੱਖ ਸਾਧਨ ਰਿਹਾ ਹੈ। ਖਾਸ ਕਰਕੇ ਛੋਟੇ ਕਿਸਾਨ ਆਪਣੇ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੀ ਆਰਥਿਕਤਾ ਚਲਾਉਂਦੇ ਆਏ ਹਨ ਪਰ ਨੌਜਵਾਨ ਪੀੜ੍ਹੀ ਵਿੱਚ ਪਸ਼ੂ ਪਾਲਣ ਪ੍ਰਤੀ ਘੱਟ ਰਹੀ ਦਿਲਚਸਪੀ ਅਤੇ ਵਿਦੇਸ਼ ਜਾਣ ਦੀ ਦੌੜ ਨੇ ਇਸ ਪੇਸ਼ੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਲੋਕਾਂ ਨੇ ਇਸ ਉਭਰ ਰਹੇ ਸੰਕਟ ਤੋਂ ਬਚਣ ਲਈ ਸਰਕਾਰ ਨੂੰ ਤੁਰੰਤ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨ ਲਈ ਨੀਤੀਆਂ ਬਣਾਉਣ ਦੀ ਮੰਗ ਕੀਤੀ, ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋ ਸਕੇ ਅਤੇ ਪੰਜਾਬ ਵਿੱਚ ਪਸ਼ੂ ਧਨ ਦੀ ਸੰਭਾਲ ਹੋ ਸਕੇ।