ਬੀਰ ਇੰਦਰ ਸਿੰਘ ਬਨਭੌਰੀਸੰਗਰੂਰ, 31 ਜਨਵਰੀਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਸਾਹਿਤਕਾਰ ਨਿਹਾਲ ਸਿੰਘ ਮਾਨ ਦੀ ਪ੍ਰਧਾਨਗੀ ਵਿੱਚ ਸਥਾਨਕ ਲੇਖਕ ਵਿੱਚ ਹੋਇਆ, ਜਿਸ ਵਿੱਚ ਕਰਮ ਸਿੰਘ ਜ਼ਖ਼ਮੀ ਵੱਲੋਂ ਅਨੁਵਾਦਿਤ ਸਵੇਟ ਮਾਰਡਨ ਦੀਆਂ ਤਿੰਨ ਪੁਸਤਕਾਂ ‘ਜੀਵਨ ਦਾ ਮੂਲ ਮੰਤਰ’, ‘ਸਫ਼ਲਤਾ ਦੀ ਕੁੰਜੀ’ ਅਤੇ ‘ਸਮੇਂ ਦੀ ਕੀਮਤ’ ਲੋਕ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਸਾਹਿਤਕਾਰ ਅਨੋਖ ਸਿੰਘ ਵਿਰਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪੁਸਤਕਾਂ ਸਬੰਧੀ ਚਰਚਾ ਕਰਦਿਆਂ ਅਨੋਖ ਸਿੰਘ ਵਿਰਕ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਦੇ ਪੰਜਾਬੀ ਵਿੱਚ ਅਨੁਵਾਦ ਦੀ ਭੂਮਿਕਾ ਬੇਹੱਦ ਅਹਿਮ ਹੈ। ਚਰਚਾ ਨੂੰ ਅੱਗੇ ਤੋਰਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਦੀਆਂ ਪੁਸਤਕਾਂ ਦੇ ਅਨੁਵਾਦ ਨਾਲ ਜਿੱਥੇ ਪਾਠਕ ਵੱਖ-ਵੱਖ ਸੱਭਿਆਚਾਰਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਤੋਂ ਜਾਣੂ ਹੁੰਦੇ ਹਨ, ਉੱਥੇ ਬਹੁਤ ਸਾਰੇ ਨਵੇਂ ਸ਼ਬਦ ਵੀ ਸਾਡੀ ਜ਼ੁਬਾਨ ਨੂੰ ਅਮੀਰੀ ਬਖ਼ਸ਼ਦੇ ਹਨ। ਵਿਦਵਾਨ ਨਿਹਾਲ ਸਿੰਘ ਮਾਨ ਨੇ ਕਿਹਾ ਕਿ ਨਰੋਆ ਸਾਹਿਤ ਹੀ ਨਰੋਏ ਸਮਾਜ ਦੀ ਉਸਾਰੀ ਕਰਨ ਦੇ ਸਮਰੱਥ ਹੁੰਦਾ ਹੈ।ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਉਸਾਰੂ ਸਾਹਿਤ ਦੀ ਸਿਰਜਣਾ ਦੇ ਨਾਲ ਨਾਲ ਚੰਗੀਆਂ ਪੁਸਤਕਾਂ ਦਾ ਅਨੁਵਾਦ ਵੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਨਿਖਾਰ ਲਿਆਉਂਦਾ ਹੈ। ਸਮਾਗਮ ਦੇ ਆਰੰਭ ਵਿੱਚ ਚਿੰਤਕ ਸੁਖਵਿੰਦਰ ਸਿੰਘ ਫੁੱਲ ਨੇ ਸਮੇਂ ਸਿਰ ਸਮਾਗਮ ਸ਼ੁਰੂ ਕਰਨ ਸਬੰਧੀ ਵਿਚਾਰ ਪ੍ਰਗਟਾਏ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਫਰਵਰੀ ਮਹੀਨੇ ਤੋਂ ਆਖ਼ਰੀ ਐਤਵਾਰ ਨੂੰ ਹੋਣ ਵਾਲੀ ਸਭਾ ਦੀ ਹਰ ਇਕੱਤਰਤਾ ਵਿੱਚ ਸਵੇਰੇ ਦਸ ਵਜੇ ਤੋਂ ਗਿਆਰਾਂ ਵਜੇ ਤੱਕ ਕਵਿਤਾ ਸਕੂਲ ਚਲਾਇਆ ਜਾਵੇਗਾ ਅਤੇ ਗਿਆਰਾਂ ਵਜੇ ਤੋਂ ਇੱਕ ਵਜੇ ਤੱਕ ਕਵੀ ਦਰਬਾਰ ਹੋਇਆ ਕਰੇਗਾ। ਇੱਕ ਹੋਰ ਮਤੇ ਵਿੱਚ ਪਵਨ ਕੁਮਾਰ ਹੋਸ਼ੀ ਨੂੰ ਪ੍ਰੈੱਸ ਸਕੱਤਰ ਅਤੇ ਬਹਾਦਰ ਸਿੰਘ ਧੌਲਾ ਨੂੰ ਦਫ਼ਤਰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਲਵੰਤ ਸਿੰਘ ਜੋਗਾ, ਰਣਜੀਤ ਆਜ਼ਾਦ ਕਾਂਝਲਾ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਗੁਰੀ ਚੰਦੜ, ਬੱਲੀ ਬਲਜਿੰਦਰ ਈਲਵਾਲ, ਧਰਮੀ ਤੁੰਗਾਂ, ਪੇਂਟਰ ਸੁਖਦੇਵ ਧੂਰੀ, ਜਗਦੇਵ ਸਿੰਘ, ਜਗਜੀਤ ਸਿੰਘ ਲੱਡਾ ਸਮੇਤ ਹੋਰ ਹਾਜ਼ਰ ਸਨ।