ਮਾਲਵਾ-ਦੋਆਬਾ ਨੂੰ ਜੋੜਦਾ ਸਤਲੁਜ ਪੁਲ ਸੀਲ

ਸ਼੍ਰੋਮਣੀ ਕਮੇਟੀ ਵੱਲੋਂ ਲਾਇਆ ਲੰਗਰ ਛਕਦੇ ਹੋਏ ਟਰੱਕ ਡਰਾਈਵਰਾ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਮਾਰਚ
ਕਰੋਨਾਵਾਇਰਸ ਕਾਰਨ ਦੋਆਬੇ ਦੇ ਜ਼ਿਲ੍ਹਾ ਨਵਾਂਸ਼ਹਿਰ ’ਚ ਕਈ ਮਰੀਜ਼ ਸਾਹਮਣੇ ਆਉਣ ਕਾਰਨ ਮਾਲਵੇ ਤੇ ਦੋਆਬੇ ਨੂੰ ਜੋੜਦਾ ਸਤਲੁਜ ਪੁਲ ਸੀਲ ਕਰ ਦਿੱਤਾ ਗਿਆ ਹੈ ਜਿਸ ਤਹਿਤ ਸੈਂਕੜੇ ਟਰੱਕ ਅਤੇ ਲੋਕ ਰਸਤੇ ਵਿੱਚ ਹੀ ਫਸ ਗਏ ਹਨ। ਮਾਛੀਵਾੜਾ ਤੋਂ 10 ਕਿਲੋਮੀਟਰ ਦੂਰ ਮਾਲਵੇ ਤੇ ਦੋਆਬੇ ਨੂੰ ਜੋੜਦੇ ਸਤਲੁਜ ਪੁਲ ਦੇ ਦੋਵੇਂ ਪਾਸੇ ਪੁਲੀਸ ਨੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਨਾ ਹੀ ਕੋਈ ਦੋਆਬੇ ਤੋਂ ਮਾਲਵੇ ਵੱਲ ਕੋਈ ਵਾਹਨ ਆ ਸਕਦਾ ਤੇ ਨਾ ਹੀ ਜਾ ਸਕਦਾ ਹੈ। ਨਵਾਂਸ਼ਹਿਰ ਜ਼ਿਲ੍ਹੇ ’ਚ ਕਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਾਲ ਲੱਗਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ ’ਚ ਵੀ ਦਹਿਸ਼ਤ ਪਾਈ ਜਾ ਰਹੀ ਹੈ ਕਿ ਕਿਤੇ ਦਰਿਆ ਪਾਰ ਤੋਂ ਕੋਈ ਮਰੀਜ਼ ਇਸ ਪਾਸੇ ਆ ਕੇ ਵਾਇਰਸ ਨਾ ਫੈਲਾ ਜਾਵੇ। ਬੇਸ਼ੱਕ ਪੁਲੀਸ ਤੇ ਪ੍ਰਸ਼ਾਸਨ ਨੇ ਸਤਲੁਜ ਪੁਲ ਨੂੰ ਸੀਲ ਕਰਕੇ ਆਵਾਜਾਈ ਰੋਕ ਦਿੱਤੀ ਹੈ। ਕਰਫਿਊ ਕਾਰਨ ਸੜਕਾਂ ਕਿਨਾਰੇ ਢਾਬੇ ਤੇ ਹੋਟਲ ਬੰਦ ਹੋ ਗਏ ਅਤੇ ਟਰੱਕ ਡਰਾਈਵਰ ਸੜਕਾਂ ਕਿਨਾਰੇ ਭੁੱਖੇ-ਪਿਆਸੇ ਬੇਹਾਲ ਹੋਏ ਦਿਖਾਈ ਦਿੱਤੇ। ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਨੇ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਸੰਪਰਕ ਕਰ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਲਈ ਲੰਗਰ ਦਾ ਪ੍ਰਬੰਧ ਕਰਵਾਇਆ ਤਾਂ ਜਾ ਕੇ ਇਨ੍ਹਾਂ ਨੂੰ ਕੁਝ ਰਾਹਤ ਮਿਲੀ। ਸੜਕਾਂ ’ਤੇ ਖੜ੍ਹੇ ਟਰੱਕ ਡਰਾਈਵਰਾਂ ਨੇ ਕਿਹਾ ਕਿ ਉਹ ਬੜੇ ਹੀ ਸੰਕਟ ਵਾਲੇ ਦੌਰ ’ਚੋਂ ਗੁਜ਼ਰ ਰਹੇ ਹਨ ਕਿਉਂਕਿ ਇੱਕ ਪਾਸੇ ਘਰਾਂ ’ਚ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਉਹ ਸੜਕਾਂ ’ਤੇ ਮੁਸੀਬਤ ਝੱਲ ਰਹੇ ਹਨ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਲਈ ਢੁੱਕਵੇਂ ਪ੍ਰਬੰਧ ਕਰੇ।